ਗੁਰਦੁਆਰਾ ਰੋੜੀ ਸਾਹਿਬ, ਐਮਨਾਬਾਦ, ਗੁਜਰਾਂਵਾਲਾ, ਪਾਕਿਸਤਾਨ – ਡਾ. ਗੁਰਦੇਵ ਸਿੰਘ

TeamGlobalPunjab
3 Min Read

ਇਤਿਹਾਸਕ ਗੁਰਦੁਆਰਿਆਂ ਦਾ ਲੜੀਵਾਰ ਪਾਵਨ ਇਤਿਹਾਸ -9

ਗੁਰਦੁਆਰਾ ਰੋੜੀ ਸਾਹਿਬ, ਐਮਨਾਬਾਦ, ਗੁਜਰਾਂਵਾਲਾ

-ਡਾ. ਗੁਰਦੇਵ ਸਿੰਘ*

ਗੁਰਦੁਆਰਿਆਂ ਦੇ ਲੜੀਵਾਰ ਇਤਿਹਾਸ ਵਿੱਚ ਅਸੀਂ ਪਹਿਲੀ ਪਾਤਸ਼ਾਹੀ ਨਾਲ ਸਬੰਧਤ ਹੁਣ ਤਕ 9 ਗੁਰਦੁਆਰਾ ਸਾਹਿਬਾਨ ਦੇ ਇਤਿਹਾਸ ਤੋਂ ਜਾਣੂ ਹੋ ਚੁੱਕੇ ਹਾਂ। ਪਿਛਲੀ ਲੜੀ ਵਿੱਚ ਅਸੀਂ ਗੁਰਦੁਆਰਾ ‘ਤੰਬੂ ਸਾਹਿਬ’ ਦੇ ਇਤਿਹਾਸ ਨਾਲ ਸਾਂਝ ਪਾਈ ਸੀ। ਅੱਜ ਅਸੀਂ ਗੁਰੂ ਨਾਨਕ ਸਾਹਿਬ ਨਾਲ ਸੰਬੰਧਤ ਗੁਰਦੁਆਰਿਆਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਗੁਰਦੁਆਰਾ ਰੋੜੀ ਸਾਹਿਬ ਦੇ ਇਤਿਹਾਸ ਤੋਂ ਤੁਹਾਨੂੰ ਜਾਣੂ ਕਰਵਾਵਾਂਗੇ ਜੋ ਕਿ ਪਾਕਿਸਤਾਨ ਵਿੱਚ ਸੁਸ਼ੋਭਿਤ ਹੈ।

ਗੁਰਦਆਰਾ ਰੋੜੀ ਸਾਹਿਬ

ਗੁਰਦੁਆਰਾ ਸ੍ਰੀ ਰੋੜੀ ਸਾਹਿਬ ਐਮਨਾਬਾਦ ਉਹ ਜਗ੍ਹਾ ਹੈ ਜਿਥੇ ਗੁਰੂ ਨਾਨਕ ਸਾਹਿਬ ਜੀ ਰੋੜਾਂ ਦੀ ਵਿਛਾਈ ਕਰ ਕੇ ਬਿਰਾਜਦੇ ਸਨ ਅਤੇ ਅਕਾਲ ਪੁਰਖ ਦਾ ਧਿਆਨ ਧਰਦੇ ਸਨ। ਗੁਰਦੁਆਰਾ ਰੋੜੀ ਸਾਹਿਬ ਐਮਨਾਬਾਦ ਜਿਲ੍ਹਾ ਗੁਜਰਾਂਵਾਲਾ ਵਿੱਚ ਸਥਿਤ ਹੈ ਜੋ ਅੱਜ ਕੱਲ੍ਹ ਪਾਕਿਸਤਾਨ ਵਿਚ ਆਉਂਦਾ ਹੈ। ਇਸ ਨਗਰ ਦਾ ਪਹਿਲਾ ਨਾਮ ਸੈਦਪੁਰ ਸੀ ਜਿਸ ਨੂੰ ਕਿ ਬਾਬਰ ਨੇ ਤਬਾਹ ਕਰ ਦਿੱਤਾ ਸੀ। ਇਸੇ ਅਸਥਾਨ ‘ਤੇ ਗੁਰੂ ਜੀ ਨੇ ਬਾਬਰ ਨੂੰ ਜਾਬਰ ਆਖਿਆ ਸੀ। ਸਿੱਖ ਇਤਿਹਾਸ ਅਨੁਸਾਰ ਬਾਬਰ ਨੇ ਗੁਰੂ ਸਾਹਿਬ ਨੂੰ ਵੀ ਗ੍ਰਿਫਤਾਰ ਕਰ ਜੇਲ ਵਿੱਚ ਬੰਦ ਕਰ ਦਿੱਤਾ ਸੀ। ਬਾਅਦ ਵਿੱਚ ਗੁਰੂ ਜੀ ਦੇ ਉਪਦੇਸ਼ ਤੋਂ ਪ੍ਰਭਾਵਿਤ ਹੋ ਕੇ ਉਸ ਨੇ ਗੁਰੂ ਸਾਹਿਬ ਸਮੇਤ ਸਾਰੇ ਕੈਦੀਆਂ ਨੂੰ ਰਿਹਾਅ ਕਰ ਦਿੱਤਾ ਸੀ। ਇਸ ਲਈ ਇਹ ਵੀ ਆਖਿਆ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਤਬਾਹ ਹੋਏ ਸੈਦਪੁਰ ਵਿੱਚ ਅਮਨ ਕਾਇਮ ਕੀਤਾ ਜਿਸ ਕਾਰਨ ਇਸ ਨਗਰ ਦਾ ਨਾਮ ਐਮਨਾਬਾਦ ਹੋ ਗਿਆ। ਇਸ ਨਗਰ ਵਿੱਚ ਹੋਰ ਗੁਰਦੁਆਰਾ ਸਾਹਿਬਾਨ ਵੀ ਸੁਸ਼ੋਭਿਤ ਹਨ ਜਿਨ੍ਹਾਂ ਬਾਰੇ ਅਸੀਂ ਅਗਲੇ ਲੇਖ ਵਿੱਚ ਚਰਚਾ ਕਰਾਂਗੇ।        

- Advertisement -

ਗੁਰਦੁਆਰਾ ਰੋੜੀ ਸਾਹਿਬ ਦੇ ਸਥਾਨ ‘ਤੇ ਇਕ ਸ਼ਾਨਦਾਰ ਗੁਰਦੁਆਰਾ ਬਣਿਆ ਹੋਇਆ ਹੈ। ਇੱਕ ਵਡਾ ਸਰੋਵਰ ਅਤੇ ਸੁੰਦਰ ਇਮਾਰਤਾਂ ਇਸ ਨੂੰ ਹੋਰ ਵੀ ਜਿਆਦਾ ਸੁੰਦਰ ਬਣਾਉਂਦੀਆਂ ਹਨ। ਸਿੱਖ ਰਾਜ ਸਮੇਂ ਇਸ ਗੁਰਦੁਆਰੇ ਨੂੰ 5000 ਰੁਪਏ ਸਾਲਾਨਾ ਅਤੇ ਖੇਤੀਬਾੜੀ ਲਈ 6 ਮੁਰੱਬੇ ਜ਼ਮੀਨ ਵੀ ਲਾਈ ਗਈ ਸੀ। ਦੇਸ਼ ਵੰਡ ਤੋ ਪਹਿਲਾਂ ਵਿਸਾਖੀ ਅਤੇ ਕੱਤਕ ਦੀ ਪੁਰਨਮਾਸ਼ੀ ਦੇ ਦਿਹਾੜੇ ਮਨਾਏ ਜਾਂਦੇ ਸਨ ਪਰ ਵਰਤਮਾਨ ਸਮੇਂ ਕੇਵਲ ਵੈਸਾਖੀ ਦਾ ਜੋੜ ਮੇਲਾ ਹੀ ਮਨਾਇਆ ਜਾਂਦਾ ਹੈ। ਇਹ ਸ਼ਹਿਰ ਦਾ ਪ੍ਰਮੁੱਖ ਗੁਰਦੁਆਰਾ ਸੀ। 15 ਅਗਸਤ, 1947 ਨੂੰ ਪੰਜਾਬ ਦੇ ਵਿਭਾਜਨ ਤੋਂ ਤੁਰੰਤ ਬਾਅਦ ਮੁਸਲਮਾਨਾਂ ਦੀ ਭੀੜ ਨੇ ਇਸ ਦੀ ਬਹੁ ਮੰਜ਼ਲਾਂ ਇਮਾਰਤ ਨੂੰ ਅੱਗ ਲਾ ਦਿੱਤੀ ਸੀ ਪਰ ਪਾਕਿਸਤਾਨ ਸਰਕਾਰ ਵਲੋਂ ਬਾਅਦ ਵਿੱਚ ਇਸ ਦੀ ਮੁਰੰਮਤ ਕਰਕੇ ਚਾਰ ਦੀਵਾਰੀ ਕਰਵਾ ਦਿੱਤੀ ਗਈ।

ਗੁਰਦੁਆਰਿਆਂ ਦੇ ਇਤਿਹਾਸ ਦੀ ਪਾਵਨ ਲੜੀ ਦੇ ਦਸਵੇਂ ਭਾਗ ਵਿੱਚ ਅਸੀਂ ਗੁਰੂ ਨਾਨਕ ਸਾਹਿਬ ਨਾਲ ਸੰਬੰਧਤ ਇੱਕ ਹੋਰ ਗੁਰਦੁਆਰਾ ਸਾਹਿਬ ਦੇ ਇਤਿਹਾਸ ਨਾਲ ਸਾਂਝ ਪਾਵਾਂਗੇ। ਸੋ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹਰ ਇੱਕ ਕੋਲ ਇਹ ਜਾਣਕਾਰੀ ਪਹੁੰਚ ਸਕੇ। ਆਪਣੇ ਕੀਮਤੀ ਵਿਚਾਰਾਂ ਨਾਲ ਸਾਡਾ ਮਾਰਗ ਦਰਸ਼ਨ ਜ਼ਰੂਰ ਕਰੋ ਜੀ। ਰਹਿ ਗਈਆਂ ਕਮੀਆਂ ਲਈ ਖਿਮਾ।

ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਜੀ ਕੀ ਫਤਿਹ

* gurdevsinghdr@gmail.com

- Advertisement -

Share this Article
Leave a comment