ਗੁਰਦੁਆਰਾ ਨਾਨਕਸਰ, ਟਿੱਬਾ ਅਭੋਰ, ਪਾਕਪਤਨ ਪਾਕਿਸਤਾਨ -ਡਾ. ਗੁਰਦੇਵ ਸਿੰਘ

TeamGlobalPunjab
3 Min Read

ਇਤਿਹਾਸਕ ਗੁਰਦੁਆਰਿਆਂ ਦਾ ਲੜੀਵਾਰ ਪਾਵਨ ਇਤਿਹਾਸ -25

ਗੁਰਦੁਆਰਾ ਨਾਨਕਸਰ, ਟਿੱਬਾ ਅਭੋਰ, ਪਾਕਪਤਨ ਪਾਕਿਸਤਾਨ

*ਡਾ. ਗੁਰਦੇਵ ਸਿੰਘ

ਸ੍ਰੀ ਗੁਰੂ ਨਾਨਕ ਪਾਤਸ਼ਾਹ ਨੇ ਜਗਤ ਉਧਾਰ ਹਿਤ ਚਾਰੋਂ ਦਿਸ਼ਾਂਵਾਂ ਵਿੱਚ ਸਤਿਨਾਮ ਦਾ ਅਲੱਖ ਜਗਾਇਆ। ਗੁਰੂ ਸਾਹਿਬ ਨੇ ਜਿਸ ਅਸਥਾਨ ਨੂੰ ਭਾਗ ਲਾਏ ਉਥੇ ਪਾਵਨ ਅਸਥਾਨ ਸੁਸ਼ੋਭਿਤ ਹਨ। ਇਤਿਹਾਸਕ ਗੁਰਦੁਆਰਿਆਂ ਦੇ ਲੜੀਵਾਰ  ਇਤਿਹਾਸ ਵਿੱਚ ਅੱਜ ਅਸੀਂ ਗੁਰਦੁਆਰਾ ਨਾਨਕਸਰ ਟਿੱਬਾ ਅਭੋਰ ਪਾਕਪਤਨ ਬਾਰੇ ਜਾਣਾਗੇ। ਇਹ ਗੁਰਦੁਆਰਾ ਪਾਕਿਸਤਾਨ ਵਿੱਚ ਸਥਿਤ ਹੈ।

ਗੁਰਦੁਆਰਾ ਨਾਨਕਸਰ ਟਿੱਬਾ ਅਭੋਰ ਸ੍ਰੀ ਗੁਰੂ ਨਾਨਕ ਸਾਹਿਬ ਨਾਲ ਸੰਬੰਧਿਤ ਹੈ। ਇਸ ਅਸਥਾਨ ‘ਤੇ ਗੁਰੂ ਸਾਹਿਬ ਨੇ ਸੰਗਤਾਂ ਨੂੰ ਗੁਰਮਤਿ ਦਾ ਉਪਦੇਸ਼ ਦਿੱਤਾ। ਇੱਕ ਰਾਤ ਠਹਿਰਨ ਉਪਰੰਤ ਗੁਰੂ ਸਾਹਿਬ ਅੱਗੇ ਚਲੇ ਗਏ। ਇਹ ਅਸਥਾਨ ਪਾਕਪਤਨ – ਆਰਿਫਵਾਲਾ ਰੋਡ ਉਤੇ ਟਿੱਬਾ ਅਭੋਰ ਸਥਿਤ ਹੈ। ਟਿੱਬਾ ਅਭੋਰ ਨੂੰ ਜਾਣ ਵਾਸਤੇ ਪਾਕਪਤਨ ਤੋਂ ਕੋਈ 30 ਕਿਲੋਮੀਟਰ ਦੂਰ ਰੰਗ ਸ਼ਾਹ ਨਾਮੀ ਸਟਾਪ ਉਤਰਨਾ ਪਵੇਗਾ। ਇਸ ਜਗ੍ਹਾ ਤੋਂ ਸਥਾਨਕ ਸਾਧਨਾਂ ਰਾਹੀਂ ਇਸ ਅਸਥਾਨ ‘ਤੇ ਜਾਇਆ ਜਾ ਸਕਾਦਾ ਹੈ। ਇਸ ਪਿੰਡ ਦਾ ਪੂਰਾ ਨਾਮ ਵਨ ਓਭ ਟਿੱਬਾ ਅਭੋਰ ਹੈ। ਇਹ ਪਾਵਨ ਅਸਥਾਨ ਬਹੁਤ ਹੀ ਸੁੰਦਰ ਤੇ ਵਿਸ਼ਾਲ ਬਣਿਆ ਹੋਇਆ ਹੈ ਇਸ ਹਦੂਦ ਅੰਦਰ ਇਕ ਸੁੰਦਰ ਸਰੋਵਰ, ਬਹੁਤ ਸਾਰੇ ਕਮਰੇ, ਲੰਗਰ ਹਾਲ, ਖੂਹ ਟਿੰਡਾ ਵਾਲਾ, ਇੱਕ ਬਾਉਲੀ ਵੀ ਸਥਿਤ।

- Advertisement -

ਇਸ ਗੁਰਦੁਆਰੇ ਦੀ ਉਸਾਰੀ 20ਵੀਂ ਸਦੀ ਵਿੱਚ ਸ਼ੁਰੂ ਵਿੱਚ ਹੋਈ ਸੀ। ਵਰਤਮਾਨ ਸਮੇਂ ਇਸ ਗੁਰੂ ਘਰ ਦੀ ਹਾਲਤ ਕਾਫੀ ਖਰਾਬ ਹੋ ਚੁੱਕੀ ਹੈ। ਇਮਾਰਤ ਐਨੀ ਖਰਾਬ ਹੋ ਚੁੱਕੀ ਹੈ ਕਿ ਕਿਸੇ ਵੀ ਸਮੇਂ ਡਿੱਗ ਸਕਦੀ ਹੈ। ਜੇਕਰ ਸਮਾਂ ਰਹਿੰਦੇ ਹੋਏ ਇਸ ਦੀ ਮੁਰੰਮਤ ਨਾ ਹੋਈ ਤਾਂ ਨਿਸ਼ਚਿਤ ਰੂਪ ਵਿੱਚ ਇਹ ਇਤਿਹਾਸ ਦੇ ਪੰਨਿਆਂ ਤੋਂ ਮਿੱਟ ਜਾਵੇਗਾ। ਇਸ ਵੇਲੇ ਇਸ ਗੁਰਦੁਆਰੇ ਦੇ ਰਿਹਾਇਸੀ ਕਮਰਿਆਂ ਵਿੱਚ ਬਹੁਤ ਸਾਰੇ ਸ਼ਰਨਾਰਥੀ ਪਰਿਵਾਰ ਅਬਾਦ ਹਨ। ਪਾਕਿ ਸਰਕਾਰਾਂ ਕਈ ਵਾਰ ਇਹ ਦਾਅਵਾ ਕਰ ਚੁੱਕੀਆਂ ਹਨ ਕਿ ਗੈਰ ਮੁਸਲਿਮਾਂ ਦੇ ਧਾਰਮਿਕ ਸਥਾਨਾਂ ਦੀ ਸੁਰੱਖਿਆਂ, ਮੁਰੰਮਤ ਅਤੇ ਸੁੰਦਰਤਾ ਨੂੰ ਬਣਾਈ ਰੱਖਣ ਲਈ ਵਚਨਬੱਧ ਹੈ ਪਰ ਇਸ ਗੁਰਦੁਆਰੇ ਦੀ ਤਸਵੀਰ ਤਾਂ ਕੁਝ ਹੋਰ ਹੀ ਬਿਆਨਦੀ ਹੈ।

ਗੁਰਦੁਆਰਿਆਂ ਦੇ ਇਤਿਹਾਸ ਦੀ ਪਾਵਨ ਲੜੀ ਦੇ 26ਵੇਂ ਭਾਗ ਵਿੱਚ ਅਸੀਂ ਗੁਰੂ ਨਾਨਕ ਸਾਹਿਬ ਨਾਲ ਸੰਬੰਧਤ ਇੱਕ ਹੋਰ ਗੁਰਦੁਆਰਾ ਸਾਹਿਬ ਦੇ ਇਤਿਹਾਸ ਨਾਲ ਸਾਂਝ ਪਾਵਾਂਗੇ। ਸੋ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹਰ ਇੱਕ ਕੋਲ ਇਹ ਜਾਣਕਾਰੀ ਪਹੁੰਚ ਸਕੇ। ਇਤਿਹਾਸਕ ਗੁਰਦੁਆਰਿਆਂ ਦੇ ਪਾਵਨ ਇਤਿਹਾਸ ਦੀ ਇਸ ਲੜੀ ਦਾ ਅਧਾਰ ਭਾਈ ਕਾਨ੍ਹ ਸਿੰਘ ਨਾਭਾ ਕ੍ਰਿਤ ‘ਮਹਾਨ ਕੋਸ਼’, ਅਤੇ ‘ਪਾਕਿਸਤਾਨ ਵਿੱਚ ਸਿੱਖਾਂ ਦੇ ਇਤਿਹਾਸਕ ਪਵਿੱਤਰ ਅਸਥਾਨ’ ਆਦਿ ਸਰੋਤ ਹਨ। ਆਪਣੇ ਕੀਮਤੀ ਵਿਚਾਰਾਂ ਨਾਲ ਆਪਣਾ ਯੋਗਦਾਨ ਜ਼ਰੂਰ ਪਾਓ ਜੀ। ਰਹਿ ਗਈਆਂ ਕਮੀਆਂ ਲਈ ਖਿਮਾ। 

*gurdevsinghdr@gmail.com

Share this Article
Leave a comment