Breaking News

ਗੁਰਦੁਆਰਾ ਸ੍ਰੀ ਮੰਜੀ ਸਾਹਿਬ, ਮਾਣਕ ਦੇਕੇ, ਜਿਲ੍ਹਾ ਕਸੂਰ, ਪਾਕਿਸਤਾਨ-ਡਾ. ਗੁਰਦੇਵ ਸਿੰਘ

ਇਤਿਹਾਸਕ ਗੁਰਦੁਆਰਿਆਂ ਦਾ ਲੜੀਵਾਰ ਪਾਵਨ ਇਤਿਹਾਸ -22

ਗੁਰਦੁਆਰਾ ਸ੍ਰੀ ਮੰਜੀ ਸਾਹਿਬ, ਮਾਣਕ ਦੇਕੇ, ਜਿਲ੍ਹਾ ਕਸੂਰ, ਪਾਕਿਸਤਾਨ

*ਡਾ. ਗੁਰਦੇਵ ਸਿੰਘ

ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਇਤਿਹਾਸਕ ਅਸਥਾਨਾਂ ਦੇ ਇਤਿਹਾਸ ਦੀ ਚੱਲ ਰਹੀ ਲੜੀ ਅਧੀਨ ਅੱਜ ਅਸੀਂ ਗੁਰਦੁਆਰਾ ਮੰਜੀ ਸਾਹਿਬ, ਮਾਣਕ ਦੇਕੇ, ਜਿਲ੍ਹਾ ਕਸੂਰ ਪਕਿਸਤਾਨ ਦੇ ਇਤਿਹਾਸ ਨਾਲ ਸਾਂਝ ਪਾਵਾਂਗੇ। ਇਸ ਅਸਥਾਨ ਨਾਲ ਵੀ ਓਹੀ ਸਾਖੀ ਜੁੜਦੀ ਹੈ ਜਿਸ ਦੀ ਅਸੀਂ ਪਿਛਲੀ ਲੜੀ ਦੌਰਾਨ ਵੀ ਜ਼ਿਕਰ ਕੀਤਾ ਸੀ।

ਸਿੱਖ ਇਤਿਹਾਸ ਵਿੱਚ ਪ੍ਰਚਲਿਤ ਸਾਖੀ ਅਨੁਸਾਰ ਇੱਕ ਵਾਰ ਗੁਰੂ ਨਾਨਕ ਸਾਹਿਬ ਇੱਕ ਪਿੰਡ ਵਿੱਚ ਗਏ ਤਾਂ ਉਥੇ ਦੇ ਲੋਕਾਂ ਨੇ ਗੁਰੂ ਸਾਹਿਬ ਦਾ ਨਿਰਾਦਰ ਕੀਤਾ। ਉਨ੍ਹਾਂ ਨੇ ਗੁਰੂ ਸਾਹਿਬ ਨੂੰ ਆਪਣੇ ਪਿੰਡ ਵਿੱਚ ਦਾਖਲ ਨਹੀਂ ਹੋਣ ਦਿੱਤਾ। ਇਥੋਂ ਤਕ ਕਿ ਉਨ੍ਹਾਂ ਲੋਕਾਂ ਨੇ ਗੁਰੂ ਸਾਹਿਬ ਦੇ ਪੱਥਰ ਤਕ ਮਾਰੇ ਪਰ ਫਿਰ ਗੁਰੂ ਜੀ ਨੇ ਉਨ੍ਹਾਂ ਨੂੰ ‘ਵਸ ਦੇ ਰਹੋ’ ਦੀ ਅਸੀਸ ਦਿੱਤੀ। ਉਹ ਪਿੰਡ ਕੰਗਣਪੁਰ ਸੀ ਜੋ ਕਿ ਜਿਲ੍ਹਾ ਕਸੂਰ ਵਿੱਚ ਅੱਜ ਵੀ ਸਥਿਤ ਹੈ। ਇਸ ਪਿੰਡ ਦੇ ਲੋਕਾਂ ਨੇ ਜਦੋਂ ਗੁਰੂ ਸਾਹਿਬ ਨੂੰ ਪਿੰਡ ਵਿੱਚ ਦਾਖਲ ਨਹੀਂ ਹੋਣ ਦਿੱਤਾ ਤਾਂ ਗੁਰੂ ਸਾਹਿਬ ਇੱਥੋਂ ਚੱਲ ਕੇ ਦੂਸਰੇ ਪਿੰਡ ਮਾਣਕ ਦੇਕੇ ਆ ਗਏ। ਇਸ ਪਿੰਡ ਦੇ ਲੋਕ ਬਹੁਤ ਹੀ ਸ਼ਰਧਾਵਾਨ ਸਨ ਉਨ੍ਹਾਂ ਨੇ ਗੁਰੂ ਸਾਹਿਬ ਦੀ ਬਹੁਤ ਸ਼ਰਧਾ ਭਾਵਨਾ ਨਾਲ ਸੇਵਾ ਕੀਤੀ ਪਰ ਜਦੋਂ ਗੁਰੂ ਜੀ ਇਸ ਪਿੰਡੋਂ ਗਏ ਤਾਂ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਉਜੜ ਜਾਓ ਦੀ ਅਨੋਖੀ ਅਸੀਸ ਦਿੱਤੀ। ਇਹ ਸੁਣ ਦੇ ਹੀ ਭਾਈ ਮਰਦਾਨਾ ਜੀ ਨੇ ਗੁਰੂ ਜੀ ਨੂੰ ਸਵਾਲ ਕੀਤਾ ਕਿ ਹੇ ਪਾਤਸ਼ਾਹ ਇਹ ਤੇਰਾ ਕਿਹੋ ਜਿਹਾ ਇਨਸਾਫ ਹੈ ਤਾਂ ਗੁਰੂ ਜੀ ਨੇ ਮਰਦਾਨੇ ਨੂੰ ਸਮਝਾਇਆ ਤੇ ਆਖਿਆ ਕਿ ਮਰਦਾਨਿਆ ਹੇ ਭਲੇ ਲੋਕ ਹਨ, ਇਨ੍ਹਾਂ ਨੇ ਸਾਡੀ ਬਹੁਤ ਸੇਵਾ ਕੀਤੀ ਹੈ। ਇਸੇ ਲਈ ਅਸੀਂ ਇਨ੍ਹਾਂ ਨੂੰ ਉਜੜ ਜਾਣ ਦਾ ਬਚਨ ਕੀਤਾ ਕਿਉਂਕਿ ਜਿੱਥੇ ਵੀ ਇਹ ਭਲੇ ਲੋਕ ਉਜੜ ਕੇ ਜਾਣਗੇ ਉਥੇ ਆਪਣੀ ਚੰਗਿਆਈ ਨਾਲ ਸਮਾਜ ਨੂੰ ਚੰਗਾ ਬਣਾਉਣਗੇ। ਜਦੋਂ ਕਿ ਦੂਸਰੇ ਲੋਕ ਜੋ ਭੈੜੀ ਬਿਰਤੀ ਦੇ ਹਨ ਉਹ ਜੇ ਕਿਸੇ ਹੋਰ ਸਥਾਨ ‘ਤੇ ਜਾਣਗੇ ਤਾਂ ਉਹ ਹੋਰਨਾਂ ਨੂੰ ਵੀ ਆਪਣੇ ਵਰਗੇ ਹੀ ਬਣਾਉਣਗੇ। ਇਸ ਲਈ ਉਨ੍ਹਾਂ ਦਾ ਵਸਣਾ ਹੀ ਚੰਗਾ ਹੈ।

ਗੂਰੂ ਨਾਨਕ ਪਾਤਸ਼ਾਹ ਨੇ ਜਿਨ੍ਹਾਂ ਮਾਣਕ ਦੇਕੇ  ਦੇ ਲੋਕਾਂ ਨੂੰ ਉਜੜ ਜਾਣ ਦੇ ਬਚਨ ਕੀਤਾ ਸੀ ਉਹ ਪਿੰਡ ਅੱਜ ਵੀ ਉਜੜਿਆ ਹੋਇਆ ਪ੍ਰਤੀਤ ਹੁੰਦਾ ਹੈ। ਪੂਰੇ ਪਿੰਡ ਵਿੱਚ ਕੱਚੇ ਮਕਾਨ ਹੀ ਹਨ ਪਰ ਇਥੇ ਦੇ ਲੋਕ ਅੱਜ ਵੀ ਚੰਗੇ ਸੁਭਾਅ ਵਾਲੇ ਹਨ। ਗੁਰੂ ਨਾਨਕ ਸਾਹਿਬ ਦੀ ਯਾਦ ਵਿੱਚ ਇਸ ਪਿੰਡ ਵਿੱਚ ਗੁਰਦੁਆਰਾ ਮੰਜੀ ਸਾਹਿਬ ਦਾ ਸਥਾਨ ਤਾਂ ਹੈ ਪਰ ਉਥੇ ਪਿਛਲੇ ਕਈ ਸਾਲਾਂ ਤੋਂ ਕੋਈ ਪ੍ਰਕਾਸ਼ ਨਹੀਂ ਹੁੰਦਾ ਤੇ ਨਾ ਹੀ ਹੋਰ ਕੋਈ ਸੇਵਾ ਸੰਭਾਲ ਹੀ ਹੈ।

ਗੁਰਦੁਆਰਿਆਂ ਦੇ ਇਤਿਹਾਸ ਦੀ ਪਾਵਨ ਲੜੀ ਦੇ 22ਵੇਂ ਭਾਗ ਵਿੱਚ ਅਸੀਂ ਗੁਰੂ ਨਾਨਕ ਸਾਹਿਬ ਨਾਲ ਸੰਬੰਧਤ ਇੱਕ ਹੋਰ ਗੁਰਦੁਆਰਾ ਸਾਹਿਬ ਦੇ ਇਤਿਹਾਸ ਨਾਲ ਸਾਂਝ ਪਾਵਾਂਗੇ। ਸੋ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹਰ ਇੱਕ ਕੋਲ ਇਹ ਜਾਣਕਾਰੀ ਪਹੁੰਚ ਸਕੇ। ਇਤਿਹਾਸਕ ਗੁਰਦੁਆਰਿਆਂ ਦੇ ਪਾਵਨ ਇਤਿਹਾਸ ਦੀ ਇਸ ਲੜੀ ਦਾ ਅਧਾਰ ਭਾਈ ਕਾਨ੍ਹ ਸਿੰਘ ਨਾਭਾ ਕ੍ਰਿਤ ‘ਮਹਾਨ ਕੋਸ਼’, ਅਤੇ ‘ਪਾਕਿਸਤਾਨ ਵਿੱਚ ਸਿੱਖਾਂ ਦੇ ਇਤਿਹਾਸਕ ਪਵਿੱਤਰ ਅਸਥਾਨ’ ਆਦਿ ਸਰੋਤ ਹਨ। ਆਪਣੇ ਕੀਮਤੀ ਵਿਚਾਰਾਂ ਨਾਲ ਆਪਣਾ ਯੋਗਦਾਨ ਜ਼ਰੂਰ ਪਾਓ ਜੀ। ਰਹਿ ਗਈਆਂ ਕਮੀਆਂ ਲਈ ਖਿਮਾ। 

*gurdevsinghdr@gmail.com

Check Also

1 ਸਾਲ ‘ਚ 25,000 ਨੌਕਰੀਆਂ ਦੇਣ ਦਾ ਵਾਅਦਾ ਮਹਿਜ਼ 9 ਮਹੀਨਿਆਂ ‘ਚ ਹੀ ਕੀਤਾ ਪੂਰਾ: ਮੁੱਖ ਮੰਤਰੀ

ਲੁਧਿਆਣਾ: ਸੂਬਾ ਸਰਕਾਰ ਵੱਲੋਂ ਸਿਰਫ਼ ਨੌਂ ਮਹੀਨਿਆਂ ਵਿੱਚ ਰਿਕਾਰਡ 25 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ …

Leave a Reply

Your email address will not be published. Required fields are marked *