Shabad Vichaar 71 -ਸਲੋਕ ੩੯ ਤੇ ੪੧ ਦੀ ਵਿਚਾਰ

TeamGlobalPunjab
4 Min Read

ਨੌਵੇਂ ਮਹਲੇ ਦੇ 57 ਸਲੋਕਾਂ ਦੀ ਲੜੀਵਾਰ ਵਿਚਾਰ – Shabad Vichaar -71

ਸਲੋਕ ਤੇ ੪੧ ਦੀ ਵਿਚਾਰ

ਡਾ. ਗੁਰਦੇਵ ਸਿੰਘ*

ਮਨੁੱਖ ਹਮੇਸ਼ਾਂ ਸੁੱਖਾਂ ਲਈ ਯਤਨਸ਼ੀਲ ਰਹਿੰਦਾ ਹੈ, ਅਰਦਾਸਾਂ ਕਰਦਾ ਹੈ ਪਰ ਫਿਰ ਵੀ ਉਸ ਦੇ ਜੀਵਨ ਵਿੱਚ ਦੁੱਖ ਆ ਜਾਂਦੇ ਹਨ। ਇਸ ਦਾ ਕੀ ਕਾਰਨ ਹੈ? ਮਨੁੱਖ ਜਦੋਂ ਕਿ ਦੁੱਖ ਲਈ ਤਾਂ ਇੱਕ ਵੀ ਯਤਨ ਨਹੀਂ ਕਰਦਾ ਅਤੇ ਨਾ ਕੋਈ ਅਰਦਾਸ ਹੀ ਕਰਦਾ ਹੈ। ਸਾਰਾ ਸੰਸਾਰ ਭੇਖਾਰੀ ਦੀ ਨਿਆਈ ਭਟਕਦਾ ਫਿਰਦਾ ਹੈ ਤੇ ਬੇਤੁਕੇ ਮਾਣ ਵਿੱਚ ਹੀ ਫਸਿਆ ਰਹਿੰਦਾ ਹੈ।

ਨੌਵੇਂ ਮਹਲੇ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਬਦ ਵਿਚਾਰ ਦੀ ਲੜੀ ਅਧੀਨ ਅਸੀਂ ਅੱਜ ਨੌਵੇਂ ਮਹਲੇ ਦੇ 57 ਸਲੋਕਾਂ ਵਿਚਲੇ 39 ਤੋਂ 41 ਤਕ ਦੇ ਸਲੋਕਾਂ ਦੀ ਵਿਚਾਰ ਕਰਾਂਗੇ। ਇਨ੍ਹਾਂ ਸਲੋਕਾਂ ਵਿੱਚ ਗੁਰੂ ਜੀ ਮਨੁੱਖ ਨੂੰ ਸਾਰਿਆਂ ਦਾਤਾਂ ਦੇ ਮਾਲਕ ਵਾਹਿਗੁਰੂ ਦੀ ਸੋਝੀ ਦੇ ਰਹੇ ਹਨ ਅਤੇ ਸਮਝਾ ਰਹੇ ਹਨ ਕਿ ਉਸ ਕੇ ਸਿਮਰਨ ਨਾਲ ਸਾਰੇ ਕੰਮ ਸਫਲ ਹੋ ਜਾਂਦੇ ਹਨ:

- Advertisement -

ਜਤਨ ਬਹੁਤ ਸੁਖ ਕੇ ਕੀਏ ਦੁਖ ਕੋ ਕੀਓ ਨ ਕੋਇ ॥ ਕਹੁ ਨਾਨਕ ਸੁਨਿ ਰੇ ਮਨਾ ਹਰਿ ਭਾਵੈ ਸੋ ਹੋਇ ॥੩੯॥

ਹੇ ਨਾਨਕ! ਆਖ– ਹੇ ਮਨ! ਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ (ਜ਼ਰੂਰ) ਉਹ (ਹੀ) ਹੁੰਦਾ ਹੈ (ਜੀਵ ਭਾਵੇਂ) ਸੁਖਾਂ (ਦੀ ਪ੍ਰਾਪਤੀ) ਵਾਸਤੇ ਅਨੇਕਾਂ ਜਤਨ ਕਰਦਾ ਰਹਿੰਦਾ ਹੈ, ਅਤੇ ਦੁੱਖਾਂ ਵਾਸਤੇ ਜਤਨ ਨਹੀਂ ਕਰਦਾ (ਪਰ ਫਿਰ ਭੀ ਰਜ਼ਾ ਅਨੁਸਾਰ ਦੁਖ ਭੀ ਆ ਹੀ ਪੈਂਦੇ ਹਨ। ਸੁਖ ਭੀ ਤਦੋਂ ਹੀ ਮਿਲਦਾ ਹੈ ਜਦੋਂ ਪ੍ਰਭੂ ਦੀ ਰਜ਼ਾ ਹੋਵੇ) ।39।

ਜਗਤੁ ਭਿਖਾਰੀ ਫਿਰਤੁ ਹੈ ਸਭ ਕੋ ਦਾਤਾ ਰਾਮੁ ॥ ਕਹੁ ਨਾਨਕ ਮਨ ਸਿਮਰੁ ਤਿਹ ਪੂਰਨ ਹੋਵਹਿ ਕਾਮ ॥੪੦॥

ਜਗਤ ਮੰਗਤਾ (ਹੋ ਕੇ) ਭਟਕਦਾ ਫਿਰਦਾ ਹੈ (ਇਹ ਚੇਤਾ ਨਹੀਂ ਰੱਖਦਾ ਕਿ) ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਪਰਮਾਤਮਾ ਆਪ ਹੈ। ਹੇ ਨਾਨਕ! ਆਖ– ਹੇ ਮਨ! ਉਸ ਦਾਤਾਰ ਪ੍ਰਭੂ ਦਾ ਸਿਮਰਨ ਕਰਦਾ ਰਿਹਾ ਕਰ, ਤੇਰੇ ਸਾਰੇ ਕੰਮ ਸਫਲ ਹੁੰਦੇ ਰਹਿਣਗੇ।40।

ਝੂਠੈ ਮਾਨੁ ਕਹਾ ਕਰੈ ਜਗੁ ਸੁਪਨੇ ਜਿਉ ਜਾਨੁ ॥ ਇਨ ਮੈ ਕਛੁ ਤੇਰੋ ਨਹੀ ਨਾਨਕ ਕਹਿਓ ਬਖਾਨਿ ॥੪੧॥ 

- Advertisement -

ਹੇ ਭਾਈ! (ਪਤਾ ਨਹੀਂ ਮਨੁੱਖ) ਨਾਸਵੰਤ ਦੁਨੀਆ ਦਾ ਮਾਨ ਕਿਉਂ ਕਰਦਾ ਰਹਿੰਦਾ ਹੈ। ਹੇ ਭਾਈ! ਜਗਤ ਨੂੰ ਸੁਪਨੇ (ਵਿਚ ਵੇਖੇ ਪਦਾਰਥਾਂ) ਵਾਂਗ (ਹੀ) ਸਮਝ ਰੱਖ। ਹੇ ਨਾਨਕ! (ਆਖ– ਹੇ ਭਾਈ!) ਮੈਂ ਤੈਨੂੰ ਠੀਕ ਦੱਸ ਰਿਹਾ ਹਾਂ ਕਿ ਇਹਨਾਂ (ਦਿੱਸਦੇ ਪਦਾਰਥਾਂ) ਵਿਚ ਤੇਰਾ (ਅਸਲ ਸਾਥੀ) ਕੋਈ ਭੀ ਪਦਾਰਥ ਨਹੀਂ ਹੈ।41।

ਉਕਤ ਸਲੋਕਾਂ ਵਿੱਚ ਗੁਰੂ ਸਾਹਿਬ ਸਾਡੇ ‘ਤੇ ਬਖਸ਼ਿਸ਼ ਕਰਦੇ ਹਨ ਕਿ ਹੇ ਭਾਈ ਸਾਰੀਆਂ ਦਾਤਾਂ ਦਾ ਸੁਆਮੀ ਅਕਾਲ ਪੁਰਖ ਵਾਹਿਗੁਰੂ ਹੀ ਹੈ। ਜੇ ਕੋਈ ਹੋਰ ਹੁੰਦਾ ਤਾਂ ਸਾਨੂੰ ਸੁੱਖ ਹੀ ਸੁੱਖ ਹੁੰਦੇ ਕਿਉਂਕਿ ਅਸੀਂ ਤਾਂ ਹਮੇਸ਼ਾਂ ਸੁੱਖਾਂ ਲਈ ਹੀ ਯਤਨਸ਼ੀਲ ਰਹਿੰਦੇ ਹਨ ਪਰ ਫਿਰ ਵੀ ਸਾਨੂੰ ਦੁੱਖ ਆ ਹੀ ਜਾਂਦੇ ਹਨ। ਇਹ ਉਸ ਦਾਤੇ ਦੀ ਖੇਡ ਹੀ ਹਨ। ਸੁੱਖ ਉਦੋਂ ਹੀ ਮਿਲਦਾ ਹੈ ਜਦੋਂ ਮਾਲਕ ਪ੍ਰਭੂ ਦੀ ਬਖਸ਼ਿਸ਼ ਹੋਵੇ। ਸਾਰਾ ਸੰਸਾਰ ਮੰਗਤੇ ਦੀ ਤਰ੍ਹਾਂ ਇਧਰ ਉਧਰ ਭਟਕਦਾ ਰਹਿੰਦਾ ਹੈ ਇਹ ਨਹੀਂ ਸਮਝਦਾ ਕਿ ਅਸਲ ਦਾਤਾ ਤਾਂ ਉਹ ਵਾਹਿਗੁਰੂ ਹੀ ਹੈ।  ਜਗਤ ਦੇ ਝੂਠੇ ਮਾਣ ਤੋਂ ਬਾਹਰ ਨਿਕਲ ਕੇ ਸਾਨੂੰ ਉਸ ਅਕਾਲ ਪੁਰਖ ਦੇ ਲੜ ਲੱਗਣਾ ਚਾਹੀਦਾ ਹੈ। ਉਹੀ ਵਾਹਿਗੁਰੂ ਅਕਾਲ ਪੁਰਖ ਸਾਡਾ ਅਸਲ ਸਾਥੀ ਹੈ।

ਕੱਲ੍ਹ ਸ਼ਾਮੀ 6 ਵਜੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 57 ਸਲੋਕਾਂ ਵਿਚਲੇ ਅਗਲੇ ਸਲੋਕਾਂ ਦੀ ਵਿਚਾਰ ਕਰਾਂਗੇ। ਪ੍ਰੋ. ਸਾਹਿਬ ਸਿੰਘ ਜੀ ਦੀ ਕ੍ਰਿਤ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਨੂੰ ਸ਼ਬਦ ਦੀ ਵਿਚਾਰ ਦਾ ਅਧਾਰ ਬਣਾਇਆ ਗਿਆ ਹੈ।ਸ਼ਬਦ ਵਿਚਾਰ ਸੰਬੰਧੀ ਜੇ ਆਪ ਜੀ ਦਾ ਵੀ ਕੋਈ ਸੁਝਾਅ ਹੈ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ। ਸਾਨੂੰ ਖੁਸ਼ੀ ਹੋਵੇਗੀ।ਭੁੱਲਾਂ ਚੁੱਕਾਂ ਦੀ ਖਿਮਾ।

ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਜੀ ਕੀ ਫਤਿਹ

Share this Article
Leave a comment