ਵਾਸ਼ਿੰਗਟਨ: ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਦੇ ਸਹੁੰ ਚੁੱਕ ਸਮਾਗਮ ਨੂੰ ਦੇਖਦਿਆਂ ਗੂਗਲ ਨੇ ਵੱਡਾ ਕਦਮ ਚੁੱਕਿਆ ਹੈ। ਸਰਚ ਇੰਜਣ ਗੂਗਲ ਨੇ ਅਮਰੀਕੀ ਸਿਆਸਤ ਨਾਲ ਜੁੜੇ ਇਸ਼ਤਿਹਾਰਾਂ ’ਤੇ 21 ਜਨਵਰੀ ਤੱਕ ਅਸਥਾਈ ਤੌਰ ‘ਤੇ ਰੋਕ ਲਗਾ ਦਿੱਤੀ ਹੈ। ਇਸ ਸਬੰਧੀ ਗੂਗਲ ਨੇ ਸਾਰੇ ਇਸ਼ਤਿਹਾਰ ਦੇਣ ਵਾਲਿਆਂ ਨੂੰ ਮੇਲ ਭੇਜ ਦਿੱਤੀ ਹੈ।
ਗੂਗਲ ਵੱਲੋਂ ਭੇਜੀ ਗਈ ਈਮੇਲ ਵਿੱਚ ਕਿਹਾ ਗਿਆ ਹੈ ਕਿ ਪਿਛਲੇ ਹਫ਼ਤੇ ਅਮਰੀਕੀ ਸੰਸਦ ’ਤੇ ਹੋਏ ਹਮਲੇ ਦੀ ਘਟਨਾ ਨੂੰ ਦੇਖਦੇ ਹੋਏ ਸਿਆਸੀ ਇਸ਼ਤਿਹਾਰਾਂ ’ਤੇ ਅਸਥਾਈ ਰੋਕ ਲਾ ਦਿੱਤੀ ਗਈ ਹੈ। ਮਹਾਂਦੋਸ਼ ਅਤੇ ਸੰਸਦ ਨਾਲ ਜੁੜਿਆ ਕੋਈ ਵੀ ਇਸ਼ਤਿਹਾਰ ਨਹੀਂ ਚਲਾਇਆ ਜਾਵੇਗਾ। ਇਸ ’ਚ ਨਿਊਜ਼ ਏਜੰਸੀਆਂ ਵੱਲੋਂ ਚਲਾਏ ਜਾਣ ਵਾਲੇ ਇਸ਼ਤਿਹਾਰਾਂ ’ਤੇ ਵੀ ਕੋਈ ਛੋਟ ਨਹੀਂ ਦਿੱਤੀ ਗਈ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਨਵੰਬਰ ਮਹੀਨੇ ਵਿੱਚ ਰਾਸ਼ਟਰਪਤੀ ਚੋਣਾਂ ਹੋਣ ਬਾਅਦ ਅਫ਼ਵਾਹਾਂ ਨੂੰ ਨੱਥ ਪਾਉਣ ਲਈ ਗੂਗਲ ਨੇ ਚੋਣਾਂ ਨਾਲ ਜੁੜੇ ਇਸ਼ਤਿਹਾਰਾਂ ’ਤੇ ਅਸਥਾਈ ਰੋਕ ਲਾਈ ਸੀ, ਜੋ ਕਿ 10 ਦਸੰਬਰ ਨੂੰ ਹਟਾ ਦਿੱਤੀ ਗਈ ਸੀ। ਫੇਸਬੁਕ ਨੇ ਵੀ ਨਵੰਬਰ ’ਚ ਚੋਣਾਂ ਮਗਰੋਂ ਸਿਆਸੀ ਇਸ਼ਤਿਹਾਰਾਂ ’ਤੇ ਅਸਥਾਈ ਰੋਕ ਲਾ ਦਿੱਤੀ ਸੀ। ਇਸ ਮਹੀਨੇ ਦੇ ਸ਼ੁਰੂ ਵਿੱਚ ਜਾਰਜੀਆ ’ਚ ਸੈਨੇਟ ਚੋਣ ਦੌਰਾਨ ਇਸ ’ਚ ਹਲਕੀ ਢਿੱਲ ਦਿੱਤੀ ਗਈ ਸੀ।