ਇਤਿਹਾਸਕ ਗੁਰਦੁਆਰਿਆਂ ਦਾ ਲੜੀਵਾਰ ਪਾਵਨ ਇਤਿਹਾਸ -23
ਗੁਰਦੁਆਰਾ ਛੋਟਾ ਨਾਨਕਿਆਣਾ ਦੀਪਾਲਪੁਰ, ਓਕਾੜਾ ਪਾਕਿਸਤਾਨ
*ਡਾ. ਗੁਰਦੇਵ ਸਿੰਘ
ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਤ ਗੁਰਦੁਆਰਿਆਂ ਦੇ ਇਤਿਹਾਸ ਦੀ ਚੱਲ ਰਹੀ ਲੜੀ ਅਧੀਨ ਅੱਜ ਅਸੀਂ ਗੁਰਦੁਆਰਾ ਛੋਟਾ ਨਾਨਕਿਆਣਾ ਦੀਪਾਲਪੁਰ, ਜਿਲ੍ਹਾ ਓਕਾੜਾ ਪਾਕਿਸਤਾਨ ਦੇ ਇਤਿਹਾਸ ਨਾਲ ਸਾਂਝ ਪਾਵਾਂਗੇ।
ਦੀਪਾਲਪੁਰ ਇੱਕ ਬਹੁਤ ਹੀ ਇਤਿਹਾਸਕ ਨਗਰ ਹੈ। ਕਦੇ ਇਹ ਨਗਰ ਪੰਜਾਬ ਦੀ ਰਾਜਧਾਨੀ ਵੀ ਹੁੰਦਾ ਸੀ। ਵਰਤਮਾਨ ਸਮੇਂ ਇਹ ਜਿਲ੍ਹਾ ਉਕਾੜਾ ਦੀ ਤਹਿਸੀਲ ਹੈ। ਇਸ ਨਗਰ ਦੇ ਦੱਖਣ ਪੂਰਬ ਵੱਲ ਸ੍ਰੀ ਗੁਰੂ ਨਾਨਕ ਸਾਹਿਬ ਦੀ ਚਰਣ ਛੋਹ ਪ੍ਰਾਪਤ ਅਸਥਾਨ ਸੁਸ਼ੋਭਿਤ ਹੈ। ਗੁਰੂ ਸਾਹਿਬ ਨੇ ਇਸ ਨਗਰ ਵਿੱਚ ਇੱਕ ਸੁੱਕੇ ਪਿੱਪਲ ਦੇ ਦਰਖਤ ਹੇਠ ਆ ਕੇ ਆਸਣ ਲਾਏ ਸਨ। ਕਿਹਾ ਜਾਂਦਾ ਹੈ ਉਹ ਪਿੱਪਲ ਦੇ ਦਰਖਤ ਨੂੰ ਅਜਿਹੇ ਭਾਗ ਲੱਗੇ ਕਿ ਉਹ ਹਰਾ ਹੋ ਗਿਆ। ਇਹ ਪਿੱਪਲ ਦਾ ਦਰੱਖਤ ਅੱਜ ਵੀ ਇਸ ਪਾਵਨ ਅਸਥਾਨ ‘ਤੇ ਮੌਜੂਦ ਹੈ। ਇਸੇ ਅਸਥਾਨ ‘ਤੇ ਗੁਰੂ ਸਾਹਿਬ ਨੇ ਇੱਕ ਨੂਰੀ ਨਾਮੀ ਇੱਕ ਕੋਹੜੀ ਦਾ ਕੋਹੜ ਦੂਰ ਕੀਤਾ ਸੀ। ਉਸ ਦੀ ਕਬਰ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਮੌਜੂਦ ਹੈ। ਇਸ ਗੁਰਦੁਆਰਾ ਸਾਹਿਬ ਦੇ ਨਾਮ 25 ਘੁਮਾਉ ਜ਼ਮੀਨ ਪਿੰਡ ਮੰਚਾਰੀਆ ਕੰਬੋਜ ਸਿੰਘਾਂ ਵਲੋਂ ਅਤੇ ਇੱਕ ਘੁੰਮਾ ਜ਼ਮੀਨ ਸ਼ਹਿਰ ਤੋਂ ਬਾਹਰ ਹੈ। ਇਸ ਤੋਂ ਇਲਾਵਾ ਹੋਰ ਵੀ ਚੌਖੀ ਜ਼ਮੀਨ ਗੁਰਦੁਆਰਾ ਸਾਹਿਬ ਦੇ ਨਾਮ ਹੈ। ਪਹਿਲਾਂ ਇਸ ਗੁਰਦੁਆਰਾ ਸਾਹਿਬ ਦੀ ਸਾਂਭ ਸੰਭਾਲ ਬੇਦੀ ਕੁੱਲ ਦੇ ਸਿੰਘ ਕਰਦੇ ਸਨ ਪਰ ਹੁਣ ਤਾਂ ਪ੍ਰਕਾਸ਼ ਹੀ ਨਹੀਂ ਹੁੰਦਾ ਪਰ ਦਰਬਾਰ ਖਾਲੀ ਪਿਆ ਹੈ।
ਦੀਪਾਲਪੁਰ ਵਿੱਚ ਭਾਈ ਨੱਥੂ ਰਾਮ ਦੀ ਸੰਤਾਨ ਭਾਈ ਹਜ਼ੂਰੀ ਸਿੰਘ ਸਹਿਜਧਾਰੀ ਦੇ ਘਰ ਗੁਰੂ ਹਹਿਰਾਏ ਜੀ ਦੀ ਬਖਸ਼ਿਸ਼ ਕੀਤੀ ਗਈ ਮੰਜੀ ਮੌਜੂਦ ਸੀ ਜੋ ਪੌਣੇ ਛੇ ਫੁੱਟ ਲੰਮੀ ਅਤੇ ਤਿੰਨ ਫੁੱਟ ਚੌੜੀ ਤੇ ਸਵਾ ਫੁੱਟ ਉਚੀ ਸੀ। ਕਿਹਾ ਜਾਂਦਾ ਹੈ ਕਿ ਇਹ ਚਿੱਟੇ ਤੇ ਲਾਲ ਸੂਤਰ ਨਾਲ ਬੁਣੀ ਹੋਈ ਸੀ। ਇਸ ਦੇ ਪਾਵੇ ਰੰਗੀਨ ਤੇ ਲੱੜਕ ਕਾਲੀ ਸੀ। ਇਸ ਤੋਂ ਇਲਾਵਾ ਇੱਕ ਵੇਲਦਾਰ ਚਿਤਰੀ ਹੋਈ ਲੱਕੜ ਦੀ ਅਲਮਾਰੀ ਵੀ ਸੀ। ਇਸ ਅਲਮਾਰੀ ਬਾਰੇ ਇਹ ਧਾਰਨਾ ਸੀ ਇਹ ਅਲਮਾਰੀ ਦਸਮ ਪਿਤਾ ਨੇ ਗੁਰੂ ਗ੍ਰੰਥ ਸਾਹਿਬ ਜੀ ਸਣੇ ਭਾਈ ਨੱਥੂ ਜੀ ਨੂੰ ਬਖਸ਼ਿਸ਼ ਕੀਤੀ ਸੀ ਪ੍ਰੰਤੂ ਵਰਤਮਾਨ ਸਮੇਂ ਹੁਣ ਇਹ ਸਭ ਇਤਿਹਾਸ ਦੇ ਪੰਨਿਆਂ ਦਾ ਹਿੱਸਾ ਬਣ ਕੇ ਹੀ ਰਹਿ ਗਏ ਹਨ।
ਗੁਰਦੁਆਰਿਆਂ ਦੇ ਇਤਿਹਾਸ ਦੀ ਪਾਵਨ ਲੜੀ ਦੇ 24ਵੇਂ ਭਾਗ ਵਿੱਚ ਅਸੀਂ ਗੁਰੂ ਨਾਨਕ ਸਾਹਿਬ ਨਾਲ ਸੰਬੰਧਤ ਇੱਕ ਹੋਰ ਗੁਰਦੁਆਰਾ ਸਾਹਿਬ ਦੇ ਇਤਿਹਾਸ ਨਾਲ ਸਾਂਝ ਪਾਵਾਂਗੇ। ਸੋ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹਰ ਇੱਕ ਕੋਲ ਇਹ ਜਾਣਕਾਰੀ ਪਹੁੰਚ ਸਕੇ। ਇਤਿਹਾਸਕ ਗੁਰਦੁਆਰਿਆਂ ਦੇ ਪਾਵਨ ਇਤਿਹਾਸ ਦੀ ਇਸ ਲੜੀ ਦਾ ਅਧਾਰ ਭਾਈ ਕਾਨ੍ਹ ਸਿੰਘ ਨਾਭਾ ਕ੍ਰਿਤ ‘ਮਹਾਨ ਕੋਸ਼’, ਅਤੇ ‘ਪਾਕਿਸਤਾਨ ਵਿੱਚ ਸਿੱਖਾਂ ਦੇ ਇਤਿਹਾਸਕ ਪਵਿੱਤਰ ਅਸਥਾਨ’ ਆਦਿ ਸਰੋਤ ਹਨ। ਆਪਣੇ ਕੀਮਤੀ ਵਿਚਾਰਾਂ ਨਾਲ ਆਪਣਾ ਯੋਗਦਾਨ ਜ਼ਰੂਰ ਪਾਓ ਜੀ। ਰਹਿ ਗਈਆਂ ਕਮੀਆਂ ਲਈ ਖਿਮਾ।
*gurdevsinghdr@gmail.com