ਭਾਰਤ-ਪਾਕਿ ਬਾਰਡਰ ‘ਤੋਂ 200 ਕਰੋੜ ਰੁਪਏ ਦੀ 40 ਕਿਲੋ ਹੈਰੋਇਨ ਬਰਾਮਦ

TeamGlobalPunjab
2 Min Read

ਅੰਮ੍ਰਿਤਸਰ : ਪੰਜਾਬ ਪੁਲਿਸ ਨੂੰ ਮਿਲੀ ਵਿਸ਼ੇਸ਼ ਜਾਣਕਾਰੀ ਦੇ ਅਧਾਰ ਤੇ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਅੱਜ ਸਵੇਰੇ ਅੰਮ੍ਰਿਤਸਰ ਦੇ ਪੰਜਗਰਾਈਆਂ ਬਾਰਡਰ ਚੌਕੀ (ਬੀ.ਓ.ਪੀ) ਖੇਤਰ ਵਿੱਚੋਂ 40.81 ਕਿਲੋ ਹੈਰੋਇਨ ਦੇ 39 ਪੈਕਟ ਬਰਾਮਦ ਕੀਤੇ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਇਸ ਦੀ ਕੀਮਤ ਲਗਭਗ 200 ਕਰੋੜ ਰੁਪਏ ਦੱਸੀ ਜਾਂਦੀ ਹੈ। ਇਹ ਖੇਤਰ ਬੀ.ਐੱਸ.ਐੱਫ਼. ਅਧੀਨ ਆਉਂਦੇ ਸਰਹੱਦੀ ਖੇਤਰ ਦਾ ਹਿੱਸਾ ਹੈ, ਇਸ ਲਈ ਉਪਰੋਕਤ ਕਾਰਵਾਈ ਨੂੰ ਅੰਜਾਮ ਦੇਣ ਵਿੱਚ ਬੀ. ਐੱਸ. ਐੱਫ਼. ਵਲੋਂ ਪੂਰਾ ਸਹਿਯੋਗ ਦਿੱਤਾ ਗਿਆ।

ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਐਸਐਸਪੀ ਅੰਮ੍ਰਿਤਸਰ (ਦਿਹਾਤੀ) ਗੁਲਨੀਤ ਸਿੰਘ ਖੁਰਾਣਾ ਵਲੋਂ ਤੁਰੰਤ ਬੀਐਸਐਫ ਨਾਲ ਰਾਬਤਾ ਕੀਤਾ ਕਿ  ਨਿਰਮਲ ਸਿੰਘ ਉਰਫ ਸੋਨੂੰ ਮੇਅਰ, ਜੋ ਕਿ ਘਰਿੰਡਾ ਖੇਤਰ ਦਾ ਇੱਕ ਮਸ਼ਹੂਰ ਤਸਕਰ ਹੈ। ਭਾਰਤ-ਪਾਕਿ ਸਰਹੱਦ ਰਾਹੀਂ  ਹੈਰੋਇਨ ਦੀ ਤਸਕਰੀ ਦੀ ਕੋਸ਼ਿਸ ਕਰ ਰਿਹਾ ਸੀ। ਉਨਾਂ ਦੱਸਿਆ ਕਿ ਇਸ ਦੌਰਾਨ ਡੀਐਸਪੀ ਇਨਵੈਸਟੀਗੇਸ਼ਨ ਗੁਰਿੰਦਰਪਾਲ ਸਿੰਘ ਅਤੇ ਡੀਐਸਪੀ ਅਜਨਾਲਾ ਵਿਪਨ ਕੁਮਾਰ ਦੀ ਪੁਲਿਸ ਟੀਮ ਵੀ ਬੀਐਸਐਫ ਨਾਲ ਮਿਲ ਕੇ ਨਸ਼ਾ ਤਸਕਰਾਂ ਨੂੰ ਫੜਨ ਅਤੇ ਹੈਰੋਇਨ ਬਰਾਮਦ ਕਰਨ ਲਈ ਮੌਕੇ ‘ਤੇ ਪਹੁੰਚੀ।

ਬੀਐੱਸਐੱਫ ਦੀ 73ਵੀਂ ਬਟਾਲੀਅਨ ਦੀ ਬੀਓਪੀ ਪੰਜਗਰਾਈਆਂ ’ਤੇ ਤਾਇਨਾਤ ਜਵਾਨਾਂ ਵੱਲੋਂ ਪਾਕਿਸਤਾਨ ਦੀ ਦਾਊਦ ਪੋਸਟ ਪਿੱਲਰ ਨੰਬਰ 57/2 ਦੇ ਨਜ਼ਦੀਕ ਪਾਕਿ ਤਸਕਰਾਂ ਵੱਲੋਂ ਪਾਈਪ ਵਿੱਚ ਹੈਰੋਇਨ ਦੇ ਪੈਕੇਟ ਪਾ ਕੇ ਕੰਡਿਆਲੀ ਤਾਰ ਰਾਹੀਂ ਭਾਰਤ ਵਾਲੇ ਪਾਸੇ ਭੇਜੇ ਜਾ ਰਹੇ ਸਨ। ਇਸ ਮੌਕੇ ਬੀਐੱਸਐੱਫ ਜਵਾਨਾਂ ਵੱਲੋਂ ਪਾਕਿ ਤਸਕਰਾਂ ’ਤੇ ਗੋਲੀਬਾਰੀ ਵੀ ਕੀਤੀ ਗਈ ਪਰ ਤਸਕਰ ਹਨੇਰੇ ਦਾ ਫਾਇਦਾ ਉਠਾਉਂਦਿਆਂ ਭੱਜ ਗਏ।

ਡੀ.ਜੀ.ਪੀ. ਨੇ ਕਿਹਾ ਕਿ ਪੰਜਾਬ ਪੁਲਿਸ ਅਤੇ ਬੀ.ਐੱਸ.ਐੱਫ਼. ਦੀਆਂ ਸਾਂਝੀਆਂ ਟੀਮਾਂ ਵਲੋਂ ਹੈਰੋਇਨ ਦੀ ਵੱਡੀ ਖੇਪ ਨੂੰ ਸਫਲਤਾਪੂਰਵਕ ਜ਼ਬਤ ਕਰਨ ਤੋਂ ਇਲਾਵਾ 180 ਗ੍ਰਾਮ ਅਫ਼ੀਮ ਅਤੇ 2 ਪਲਾਸਟਿਕ ਪਾਈਪਾਂ (ਸੁਪਰ ਪੰਜਾਬ ਪੰਪ, ਪਾਕਿਸਤਾਨ ਵਿੱਚ ਨਿਰਮਿਤ) ਬਰਾਮਦ ਕੀਤੀਆਂ ਹਨ। ਪੁਲਿਸ ਨੇ ਤਸਕਰਾਂ ਨਾਲ ਸਬੰਧਤ ਇੱਕ ਮੋਟਰਸਾਈਕਲ ਅਤੇ ਇੱਕ ਸਕੂਟੀ ਵੀ ਜ਼ਬਤ ਕੀਤੀ ਹੈ ਜੋ ਕਿ ਸਮਗਲਿੰਗ ਵਾਲੀ ਥਾਂ ਤੋਂ ਮਿਲੇ ਹਨ। ਪੁਲਿਸ ਮੁਖੀ ਨੇ ਕਿਹਾ ਕਿ ਪੁਲਿਸ ਨੇ ਸੋਨੂੰ, ਜੋ 2020 ਵਿੱਚ ਕਿਲੋ ਹੈਰੋਇਨ ਬਰਾਮਦਗੀ ਦੇ ਮਾਮਲੇ ਵਿੱਚ ਤਰਨ ਤਾਰਨ ਪੁਲਿਸ ਨੂੰ ਵੀ ਲੋੜੀਂਦਾ ਹੈ, ਨੂੰ ਗ੍ਰਿਫਤਾਰ ਕਰਨ ਲਈ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਹਨ।

- Advertisement -

Share this Article
Leave a comment