Home / ਓਪੀਨੀਅਨ / ਸਰਬੋਤਮ ਜੀਵਨ-ਜਾਚ ਦਾ ਮਾਰਗ ਦਰਸ਼ਨ – ਬਾਣੀ ਸ੍ਰੀ ਗੁਰੂ ਤੇਗ਼ ਬਹਾਦਰ

ਸਰਬੋਤਮ ਜੀਵਨ-ਜਾਚ ਦਾ ਮਾਰਗ ਦਰਸ਼ਨ – ਬਾਣੀ ਸ੍ਰੀ ਗੁਰੂ ਤੇਗ਼ ਬਹਾਦਰ

-ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ

ਨੌਂਵੀਂ ਨਾਨਕ-ਜੋਤ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਰਚਿਤ ਰਾਗ ਗਉੜੀ ਵਿੱਚ ਨੌਂ, ਰਾਗ ਆਸਾ ਵਿੱਚ ਇੱਕ, ਰਾਗ ਦੇਵਗੰਧਾਰੀ ਵਿੱਚ ਤਿੰਨ, ਰਾਗ ਬਿਹਾਗੜਾ ਵਿੱਚ ਇੱਕ, ਰਾਗ ਸੋਰਠਿ ਵਿੱਚ ਬਾਰਾਂ, ਰਾਗ ਧਨਾਸਰੀ ਵਿੱਚ ਚਾਰ, ਰਾਗ ਜੈਤਸਰੀ ਵਿੱਚ ਤਿੰਨ, ਰਾਗ ਟੋਡੀ ਵਿੱਚ ਇੱਕ, ਰਾਗ ਤਿਲੰਗ ਵਿੱਚ ਤਿੰਨ, ਰਾਗ ਬਿਲਾਵਲੁ ਵਿੱਚ ਤਿੰਨ, ਰਾਗ ਰਾਮਕਲੀ ਵਿੱਚ ਤਿੰਨ, ਰਾਗ ਮਾਰੂ ਵਿੱਚ ਤਿੰਨ, ਰਾਗ ਬਸੰਤੁ ਵਿੱਚ ਪੰਜ, ਰਾਗ ਸਾਰੰਗ ਵਿੱਚ ਚਾਰ, ਰਾਗ ਜੈਜਾਵੰਤੀ ਵਿੱਚ ਚਾਰ,ਕੁਲ ਉਨਾਹਠ ( 59) ਸ਼ਬਦ ਅਤੇ ਸਤਵੰਜਾ ਸਲੋਕ ਸ਼ਬਦ-ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੁਸ਼ੋਭਿਤ ਹਨ। ਗੁਰਦੇਵ ਜੀ ਨੇ ਬਾਣੀ ਦੀ ਰਚਨਾ ਵੀ ਕੀਤੀ ਅਤੇ ਉਸ ਨੂੰ ਜੀਵਿਆ ਵੀ।

ਗੁਰੂ ਸਾਹਿਬ ਗੁਰਬਾਣੀ ਦੁਆਰਾ ਇਨਸਾਨ ਨੂੰ ਇਹ ਅਟੱਲ ਸਚਾਈ ਦੀ ਸੋਝੀ ਬਖਸ਼ਿਸ਼ ਕਰਦੇ ਹਨ ਕਿ ਗ੍ਰਹਿਸਥੀ ਜੀਵਨ ਜਿਉਂਦਿਆਂ ਹੋਇਆਂ ਆਪਣੇ ਆਚਾਰ ਵਿਹਾਰ ਨੂੰ ਸਦਾਚਾਰਕ ਅਤੇ ਇਖ਼ਲਾਕੀ ਚੌਖਟੇ ਵਿਚ ਰੱਖਣ ਲਈ ਪ੍ਰਤਿਪਾਲਕ ਪ੍ਰਭੂ ਦੀ ਯਾਦ ਹਿਰਦੇ ਵਿਚ ਟਿਕਾਈ ਰੱਖਣੀ ਹੈ। ਗ੍ਰਹਿਸਥੀ ਮਾਰਗ ਮਨੁੱਖਤਾ ਦੀ ਸਰਬੋਤਮ ਜੀਵਨ-ਸ਼ੈਲੀ ਹੈ। ਪਰਿਵਾਰਕ ਰਿਸ਼ਤਿਆਂ, ਮਾਂ-ਬਾਪ, ਭੈਣ-ਭਰਾ, ਧੀਆਂ-ਪੁੱਤਰ, ਸੁਪਤਨੀ ਅਤੇ ਸਾਕ-ਸਬੰਧੀਆਂ ਸੰਗ ਰਿਸ਼ਤਿਆਂ ਦੀ ਖਿੱਚ ਅਤੇ ਮੋਹ ਤਾਂ ਕੁਦਰਤੀ ਹੈ, ਪ੍ਰੰਤੂ ਇਹ ਰਿਸ਼ਤੇ ਨਿਭਾਉਂਦਿਆਂ ਸਿਰਜਣਹਾਰ ਸੁਆਮੀ ਨਾਲ ਰੂਹਾਨੀ ਮੋਹ ਭੰਗ ਨਾ ਹੋਵੇ। ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਂਦਿਆਂ ਪ੍ਰਭੂ ਪ੍ਰੇਮ ਦੀ ਤੰਦ ਕਿਤੇ ਢਿੱਲੀ ਪੈ ਕੇ ਟੁੱਟ ਨਾ ਜਾਵੇ, ਮਤਾਂ ਪ੍ਰਾਣੀ ਲੋਭ ਲਾਲਚ ਵੱਸ ਪਾਪ ਦੀ ਕਮਾਈ ਵੱਲ ਰੁਚਿਤ ਹੋ ਜਾਵੇ। ਵਿਕਾਰ -ਗ੍ਰਸਤ ਪਾਪ ਕਰਮਾਂ ਦੀ ਸਜ਼ਾ ਤਾਂ ਪਾਪੀ ਇਕੱਲੇ ਨੂੰ ਹੀ ਭੁਗਤਣੀ ਪਵੇਗੀ। ਲੋਕ ਪਰਲੋਕ ਵਿਚ ਦੁਰਾਚਾਰੀ ਗਰਦਾਨਿਆ ਜਾਏਗਾ ਤੇ ਕੀਤੇ ਬੁਰੇ ਕਰਮਾਂ ਦੀ ਸਜ਼ਾ ਉਸ ਦੇ ਹਿੱਸੇ ਹੀ ਆਏਗੀ। ਗੁਰਦੇਵ ਸੁਚੇਤ ਕਰਦੇ ਹਨ: “ਮਨ ਰੇ ਕਉਨ ਕੁਮਤਿ ਤੈ ਲੀਨੀ।। ਪਰ ਦਾਰਾ ਨਿੰਦਿਆ ਰਸਿ ਰਚਿਓ ਰਾਮ ਭਗਤਿ ਨਹਿ ਕੀਨੀ।।ਰਹਾਉ।। ਮੁਕਤਿ ਪੰਥੁ ਜਾਨਿਓ ਤੈ ਨਾਹਿਨਿ ਧਨ ਜੋਰਨ ਕਉ ਧਾਇਆ।। ਅੰਤਿ ਸੰਗ ਕਾਹੂ ਨਹੀ ਦੀਨਾ ਬਿਰਥਾ ਆਪੁ ਬੰਧਾਇਆ।।……(ਸ੍ਰੀ.ਗੁ.ਗ੍ਰੰ.ਸਾ.ਅੰਗ ੬੩੧) ਗੁਰਦੇਵ ਫੁਰਮਾਉਂਦੇ ਹਨ : ਇਹ ਜਗਿ ਮੀਤੁ ਨ ਦੇਖਿਓ ਕੋਈ।। ਸਗਲ ਜਗਤੁ ਅਪਨੈ ਸੁਖਿ ਲਾਗਿਓ ਦੁਖ ਮਹਿ ਸੰਗ ਨ ਹੋਈ।।ਰਹਾਉ।। ਦਾਰਾ ਮੀਤ ਪੂਤ ਸਨਬੰਧੀ ਸਗਰੇ ਧਨ ਸਿਉ ਲਾਗੇ।। ਜਬ ਹੀ ਨਿਰਧਨੁ ਦੇਖਿਓ ਨਰ ਕਉ ਸੰਗੁ ਛਾਡਿ ਸਭਿ ਭਾਗੇ।।….(ਸ੍ਰੀ.ਗੁ.ਗ੍ਰੰ.ਸਾ.ਅੰਗ ੬੩੩)

ਸ੍ਰਿਸ਼ਟੀ ਦੇ ਸਰਬ-ਸ੍ਰੇਸ਼ਟ ਸਮਝੇ ਜਾਂਦੇ ਜੀਵ ਭਾਵ ਮਨੁੱਖ ਦੀ ਇਹ ਦਿਲੀ ਖਾਹਿਸ਼ ਹੋਣਾ ਕੁਦਰਤੀ ਹੈ ਕਿ ਸਾਰਾ ਜੀਵਨ ਸਹਿਜਮਈ, ਸੁਹਜਮਈ, ਸਕੂਨਮਈ ਅਤੇ ਸਾ਼ਤ-ਮਈ ਮਾਨਸਿਕ ਅਵਸਥਾ ਸਹਿਤ ਬਿਤਾਇਆ ਜਾਵੇ। ਇਸ ਸਦਾਚਾਰਕ ਉਦੇਸ਼ ਦੀ ਪੂਰਤੀ ਲਈ ਨੌਂਵੇਂ ਗੁਰਦੇਵ ਨੇ ਬਾਣੀ ਵਿਚ ਮਾਰਗ-ਦਰਸ਼ਨ ਕੀਤਾ ਹੈ ਕਿ ਸੱਚੀ-ਸੁੱਚੀ ਕਿਰਤ ਕਰਦਿਆਂ ਹੋਇਆਂ ਸਿਰਜਣਹਾਰ ਦੀ ਯਾਦ ਨੂੰ ਹਿਰਦੇ ਵਿਚ ਵਸਾਈ ਰੱਖਣਾ ਯੋਗ ਅਤੇ ਸਹੀ ਹੈ। “ਬਿਖਿਅਨ ਸਿਉ ਕਾਹੇ ਰਚਿਓ ਨਿਮਖ ਨ ਹੋਹਿ ਉਦਾਸੁ।। ਕਹੁ ਨਾਨਕ ਭਜੁ ਹਰਿ ਮਨਾ ਪਰੈ ਨ ਜਮ ਕੀ ਫਾਸ।।(ਸ੍ਰੀ.ਗੁ.ਗ੍ਰੰ.ਸਾ.ਅੰਗ੧੪੨੬)

ਹਰੇਕ ਪ੍ਰਾਣੀ ਵਿਚ ਅਕਾਲ ਪੁਰਖ ਦੀ ਜੋਤ ਦਾ ਸਚਿਆਰ ਅਹਿਸਾਸ ਦੂਸਰੇ ਮਨੁੱਖਾਂ ਪ੍ਰਤੀ ਵਿਕਾਰੀ ਅਤੇ ਦੁਰਾਚਾਰੀ ਫੁਰਨਿਆਂ ਅਤੇ ਕਰਮਾਂ ਤੋਂ ਖਲਾਸ ਕਰਦਾ ਹੈ। ਉਹ ਪਰਮਾਰਥੀ ਜੀਉੜਾ ਭੈ-ਮੁਕਤ,ਦਵੈਸ਼-ਰਹਿਤ,ਧੀਰਜਮਈ ਅਤੇ ਟਿਕਾਅ ਸਹਿਤ ਮਾਨਸਿਕ ਅਵਸਥਾ ਗ੍ਰਹਿਣ ਕਰਨ ਸਫ਼ਲ ਹੁੰਦਾ ਹੈ।ਸਰਬ ਸੁਖਾਂ ਦੇ ਦਾਤੇ ਦੀ ਸ਼ਰਨੀ ਪੈ ਕੇ ਉੱਚ ਆਤਮਿਕ-ਮੰਡਲਾਂ ਵਿਚ ਵਿਚਰਦਿਆਂ ਦੁਰਲੱਭ ਮਾਨਸ ਦਾ ਜੀਵਨ ਉਦੇਸ਼ ਹਾਸਲ ਕਰਨ ਵਿਚ ਸਫ਼ਲ ਹੋ ਜਾਂਦਾ ਹੈ। ਗੁਰਦੇਵ ਉਪਦੇਸ਼ ਦੇਂਦੇ ਹਨ : “ਜਉ ਸੁਖ ਕਉ ਚਾਹੈ ਸਦਾ ਸਰਨਿ ਰਾਮ ਕੀ ਲੇਹ।। ਕਹੁ ਨਾਨਕ ਸੁਨਿ ਰੇ ਮਨਾ ਦੁਰਲਭ ਮਾਨੁਖ ਦੇਹ।। (ਸ੍ਰੀ.ਗੁ.ਗ੍ਹੰ.ਸਾ.ਅੰਗ ੧੪੨੭)

ਸਮੁੱਚੀ ਮਾਨਵਤਾ ਅਤੇ ਖ਼ਾਸ ਕਰਕੇ ਸਿੱਖਾਂ ਨੂੰ ਰੋਜ਼ਮਰਾ ਦੇ ਨਿਰਬਾਹ ਲਈ ” ਕਿਰਤ ਕਰਨ “ਦਾ ਉਪਦੇਸ਼ ਗੁਰੂ ਸਾਹਿਬਾਨ ਵੱਲੋਂ ਦ੍ਰਿੜਾਇਆ ਮੁਢਲਾ ਜੀਵਨ ਸਿਧਾਂਤ ਹੈ। ਆਪਣੀ ਕਾਇਆ ਅਤੇ ਘਰ ਪਰਿਵਾਰ ਦੀਆਂ ਮੁਢਲੀਆਂ ਨਿੱਜੀ ਅਤੇ ਸਮਾਜਿਕ ਲੋੜਾਂ- ਜ਼ਰੂਰਤਾਂ ਦੀ ਪੂਰਤੀ ਲਈ ਧਨ ਦੌਲਤ ਅਤੇ ਘਰ ਜਾਇਦਾਦ ਦੀ ਲੋੜ ਹੁੰਦੀ ਹੈ। ਇਨ੍ਹਾਂ ਵਸਤਾਂ ਨੂੰ ਹਾਸਲ ਕਰਨ ਲਈ ਇਮਾਨਦਾਰ ਮਿਹਨਤ ਅਤੇ ਅਕਲੀ ਹੁਨਰ ਦੀ ਅਮਲੀ ਵਰਤੋਂ ਯੋਗ ਅਤੇ ਜਾਇਜ਼ ਹੈ।ਮਿਹਨਤ ਮੁਸ਼ੱਕਤ ਕਰਦਿਆਂ ਕੀਤੀ ਕਮਾਈ ਨੂੰ ਇਮਾਨਦਾਰੀ ਦੇ ਮਾਨਵੀ ਕਲਾਵੇ ਰੱਖਣ ਲਈ ਹਿਰਦੇ ਵਿਚ ਸਿਰਜਣਹਾਰ-ਪਾਲਣਹਾਰ ਸਰਬ ਸਮਰੱਥ ਅਕਾਲ ਪੁਰਖ ਦੀ ਯਾਦ ਸਹਾਈ ਹੁੰਦੀ ਹੈ। ਹੱਥ ਕਿਰਤ ਵਿਚ ਅਤੇ ਮਨ ਕੀਰਤੀ ਵਿਚ ਹੋਣ ਦਾ ਸੁਮੇਲ ਅਤੇ ਸੁਜੋੜ ਗੁਰੂ-ਆਸੇ਼ ਅਨੁਸਾਰ ਉੱਤਮ ਜੀਵਨ ਜਾਚ ਹੈ। ਅਜਿਹੀ ਰਹਿਮਤੀ ਆਰਜਾ ਬਸਰ ਕਰਦਿਆਂ ਜਿੰਦ-ਪਰਾਣ ਅਰਥ ਭਰਭੂਰ ਹਨ। ਅਮੁੱਲੇ ਜੀਵਨ ਨੂੰ ਜੰਮਣ ਮਰਨ ਦੇ ਗੇੜਿਆਂ ਤੋਂ ਸਦੀਵੀ ਬੰਧਨ ਮੁਕਤ ਕਰਨ ਲਈ ਸਰਬ ਵਿਆਪਕ ਹਰੀ ਪਰਮੇਸਰ ਨੂੰ ਧੁਰ ਅੰਦਰ ਹਿਰਦੇ ਵਿਚ ਵਸਾ ਕੇ ਉਸ ਦੇ ਸੋਹਿਲੇ ਗਾਉਣਾ ਹੀ ਅਕਾਲ ਪੁਰਖ ਦੀ ਰਜ਼ਾ ਹੈ। ਗੁਰਦੇਵ ਬਖਸ਼ਿਸ਼ ਕਰਦੇ ਹਨ: “ਸਾਧੋ ਗੋਬਿੰਦ ਕੇ ਗੁਨ ਗਾਵਉ।। ਮਾਨਸ ਜਨਮੁ ਅਮੋਲਕੁ ਪਾਇਓ ਬਿਰਥਾ ਕਾਹਿ ਗਵਾਵਉ।।”(ਸ੍ਰੀ.ਗੁ.ਗ੍ਰੰ.ਸਾ.ਅੰਗ ੨੧੯) ਘਟ-ਘਟ ਵਿਚ ਰਮੇ ਰਸੇ ਪ੍ਰਭੂ ਨੂੰ ਭਾਉਂਦਾ ਜੀਵਨਕਾਲ ਗੁਜਾਰਦਿਆਂ ਵਿਕਾਰਾਂ ਤੋਂ ਛੁਟਕਾਰਾ ਸੌਖਾ-ਸੰਭਵ ਹੈ। ਪ੍ਰਾਣੀ ਨੂੰ ਨਿੱਜੀ ਅਤੇ ਜਨਤਕ ਹਾਨੀ ਪੁਚਾਉਣ ਵਾਲ਼ੇ ਵਿਸ਼ੇ-ਵਿਕਾਰਾਂ -ਕਾਮ, ਕ੍ਰੋਧ,ਲੋਭ,ਮੋਹ, ਹੰਕਾਰ ਨੂੰ ਕਾਬੂ ਕਰਨ ਲਈ ਸਰਬ-ਕਲਾ-ਸਮਰੱਥ ਦਾ ਭਜਨ ਸਿਮਰਨ ਹੀ ਸਹਾਈ ਹੈ। ਨੌਂਵੀਂ ਨਾਨਕ-ਜੋਤ ਮਾਰਗ-ਦਰਸ਼ਨ ਕਰਦੇ ਹਨ: “ਸਾਧੋ ਮਨ ਕਾ ਮਾਨੁ ਤਿਆਗਉ।। ਕਾਮੁ ਕ੍ਰੋਧੁ ਸੰਗਤਿ ਦੁਰਜਨ ਕੀ ਤਾ ਤੇ ਅਹਿਨਿਸਿ ਭਾਗਉ।।(ਸ੍ਰੀ.ਗੁ.ਗ੍ਰੰ.ਸਾ.ਅੰਗ ੨੧੯)

ਇਨ੍ਹਾਂ ਬਦ ਫੁਰਨਿਆਂ ਅਤੇ ਵਿਕਾਰਾਂ ਤੋਂ ਛੁਟਕਾਰਾ ਪਾ ਕੇ ਇਨਸਾਨ ਆਤਮਿਕ ਅਤੇ ਰੂਹਾਨੀ ਪੱਧਰ ਤੇ ਬਲਵਾਨ, ਅਡੋਲ ਅਤੇ ਸਥਿਰਤਾ ਹਾਸਲ ਕਰਨ ਵਿਚ ਸਫ਼ਲ ਹੋ ਜਾਂਦਾ ਹੈ। ਪਰਿਵਾਰਕ, ਸਮਾਜਿਕ ਅਤੇ ਸੰਸਾਰਕ ਸੁਖਾਂ-ਦੁਖਾਂ,ਮਾਨ-ਅਪਮਾਨ,ਹਰਖ-ਸੋਗ,ਵੈਰ-ਮਿੱਤ ਅਤੇ ਉਸਤਤਿ-ਨਿੰਦਾ ਦੇ ਮਨੋਭਾਵ ਰੂਹਾਨੀ ਮੰਡਲਾਂ ਵਿਚ ਵਿਚਰ ਰਹੇ ਗੁਰਮੁੱਖ ਜਨ ਤੇ ਅਸਰ-ਅੰਦਾਜ਼ ਨਹੀਂ ਹੁੰਦੇ। ਸੰਸਾਰਕ ਅਤੇ ਸਮਾਜਿਕ ਜੀਵਨ ਜਿਉਂਦਿਆਂ ਅਜਿਹੀ ਆਤਮਿਕ ਉੱਚਤਾ ਅਤੇ ਪ੍ਰਬੀਨਤਾ ਦਾ ਮੁਕਾਮ ਹਾਸਿਲ ਕਰਨਾ ਹੈ ਤਾਂ ਔਖਿਆਈ ਭਰਿਆ, ਪ੍ਰੰਤੂ ਹਾਸਲ ਕਰਨ ਲਈ ਦਿ੍ੜ ਇਰਾਦਾ ਧਾਰੀ ਕਰਦੇ ਵੀ ਹਨ, ਗਿਣਤੀ ਭਾਵੇਂ ਉਨ੍ਹਾਂ ਮਹਾਂਪੁਰਖਾਂ ਦੀ ਕਰੋੜਾਂ ਵਿੱਚੋਂ ਟਾਵੀਂ ਵਿਰਲੀ ਹੀ ਹੁੰਦੀ ਹੈ। ਮਾਨਵਤਾ ਦੇ ਰੂਹਾਨੀ ਪੰਥ ਦੇ ਰੌਸ਼ਨ-ਮਿਨਾਰ ਵੀ ਤਾਂ ਉਹ ਹੀ ਹਨ।ਗੁਰਦੇਵ ਦਾ ਫੁਰਮਾਨ ਹੈ: “ਸੁਖੁ ਦੁਖੁ ਦੋਨੋ ਸਮ ਕਰਿ ਜਾਨੈ ਅਉਰੁ ਮਾਨੁ ਅਪਮਾਨਾ।। ਹਰਖ ਸੋਗ ਤੇ ਰਹੈ ਅਤੀਤਾ ਤਿਨਿ ਜਗਿ ਤਤੁ ਪਛਾਨਾ।। ਉਸਤਤਿ ਨਿੰਦਾ ਦੋਊ ਤਿਆਗੈ ਖੋਜੈ ਪਦੁ ਨਿਰਬਾਨਾ।। ਜਨ ਨਾਨਕ ਇਹੁ ਖੇਲੁ ਕਠਨੁ ਹੈ ਕਿਨਹੂੰ ਗੁਰਮੁਖਿ ਜਾਨਾ।।(ਸ੍ਰੀ.ਗੁ.ਗ੍ਰੰ.ਸਾ.ਅੰਗ ੨੧੯)

ਜ਼ਿੰਦਗੀ ਵਿਚ ਹੁੰਦੇ ਲਾਭ-ਹਾਣ ਨੂੰ ਅਕਾਲ ਪੁਰਖ ਦੀ ਰਜ਼ਾ ਸਮਝਣਾ ਅਤੇ ਅਡੋਲ ਚਿੱਤ ਰਹਿਣਾ ਅਨੂਪਮ ਪ੍ਰਭੂ ਪਿਆਰਿਆਂ ਦੀ ਹੀ ਬਿਖ਼ਮ ਖੇਡ ਹੈ। ਇਸ ਖੇਡ ਤੋਂ ਮੁੱਖ ਮੋੜਿਆਂ ਅਮੁੱਲੇ ਜੀਵਨ ਦਾ ਉਦੇਸ਼ ਵੀ ਤਾਂ ਹਾਸਿਲ ਨਹੀਂ ਹੁੰਦਾ। ਕਲਪਣਾ ਭਟਕਣਾ ਵਿਚ ਹੀ ਅਉਧ ਬੀਤ ਜਾਂਦੀ ਹੈ ਅਕਾਲ ਪੁਰਖ ਕੁਦਰਤ ਵੱਲੋਂ ਮਨੁੱਖੀ ਜੀਵਨ, ਜੀਵਾਤਮਾ ਨੂੰ ਪਰਮ-ਆਤਮਾ ਵਿਚ ਅਭੇਦ ਅਤੇ ਲੀਨ ਕਰਨ ਲਈ ਅਵਸਰ ਮਿਲਿਆ ਹੈ। ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇਹ ਲਹੀ।। ਨਾਨਕੁ ਕਹਤ ਮਿਲਨ ਕੀ ਬਰੀਆ ਸਿਮਰਤ ਕਹਾ ਨਹੀ।।(ਸ੍ਰੀ.ਗੁ.ਗ੍ਰੰ.ਸਾ.ਅੰਗ੬੩੧)

ਇਮਾਨਦਾਰੀ ਸਹਿਤ ਮਿਹਨਤੀ ਕਿਰਤ ਕਰਦਿਆਂ, ਵੰਡ ਛਕਦਿਆਂ ਹਰਿ ਪ੍ਰਮਾਤਮਾ ਦੇ ਨਾਮ ਵਿਚ ਰੂਹ-ਆਤਮਾ ਨੂੰ ਰੰਗੀਚ ਕੇ ਹੀ ਪਰਮ ਉਦੇਸ਼ ਦੀ ਪ੍ਰਾਪਤੀ ਸੰਭਵ ਹੈ। ਮਨੁੱਖੀ ਜਾਮਾ ਤਾਂ ਸੁਪਨੇ ਦੀ ਨਿਆਈਂ ਹੈ, ਜਿਸ ਨੂੰ ਪ੍ਰਾਣੀ ਅਣਭੋਲਪੁਣੇ ਵਿਚ ਸੱਚਾ ਸਮਝ ਕੇ ਮਾਰੋ-ਮਾਰ ਕਰਦਾ ਫਿਰਦਾ ਹੈ।ਅਸਲ ਸੱਚਾਈ ਗੁਰੂ ਤੇਗ ਬਹਾਦਰ ਜੀ ਦੱਸਦੇ ਹਨ ਕਿ ਜਗਤ ਵਿਚ ਜੋ ਕੁਝ ਵੀ ਦ੍ਰਿਸ਼ਟਮਾਨ ਹੈ, ਕੇਵਲ ਛਲਾਵਾ ਅਤੇ ਬੱਦਲ਼ ਦੀ ਛਾਂ ਦੀ ਤਰ੍ਹਾਂ ਅਸਥਿਰ, ਛਿਣਭੰਗਰ ਹੈ। “ਝੂਠਾ ਤਨੁ ਸਾਚਾ ਕਰਿ ਮਾਨਿਓ ਜਿਉ ਸੁਪਨਾ ਰੈਨਾਈ।। ਜੋ ਦੀਸੈ ਸੋ ਸਗਲ ਬਿਨਾਸੈ ਜਿਉ ਬਾਦਰ ਕੀ ਛਾਈ।।(ਸ੍ਰੀ.ਗੁ.ਗ੍ਰੰ.ਸਾ.ਅੰਗ ੨੧੯) ਸੱਚੀ ਕਿਰਤ ਕਰਦਿਆਂ, ਪਰਵਦਗਾਰ ਦੇ ਅੰਮਿ੍ਤ ਰੂਪੀ ਨਾਮ ਨੂੰ ਧੁਰ ਅੰਦਰ ਹਿਰਦੇ ਵਿਚ ਵਸਾ ਕੇ ਉਸ ਦੀ ਮਹਿਮਾ ਦੇ ਅਨਹਦ ਨਾਦ ਵਿਚ ਰਸਲੀਨ ਰਹਿੰਦਿਆਂ ਉੱਤਮ ਰੂਹਾਨੀ ਪਦਵੀ ਯਕੀਨਨ ਹੈ। ਅਜਿਹੀ ਅਲੌਕਿਕ ਅਵਸਥਾ ਸੰਗ ਵਿਚਰਦਿਆਂ ਇਨਸਾਨ ਬੇਫਿਕਰੀ,ਲੋਭ-ਮੁਕਤ,ਅਚਿੰਤ,ਭੈ-ਮੁਕਤ ਹੋ ਕੇ ਦੂਸਰਿਆਂ ਨੂੰ ਧੌਂਸ ਦੇਣਾ ਤਾਂ ਸੋਚਦਾ ਹੀ ਨਹੀਂ। ਸਾਹਿਬ ਜੀ ਦੇ ਬਚਨ ਹਨ: ਭੈ ਕਾਹੂ ਕਉ ਦੇਤ ਨਹਿ,ਨਹਿ ਭੈ ਮਾਨਤ ਆਨ।। ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ।।(ਸ੍ਰੀ.ਗੁ.ਗ੍ਰੰ.ਸਾ.ਅੰਗ ੧੪੨੭)

ਹਰੇਕ ਹਿਰਦੇ ਵਿਚ ਪਰਮਾਤਮਾ ਦਾ ਵਾਸਾ ਮਹਿਸੂਸਦਾ ਪਰਉਪਕਾਰਤਾ ਦੇ ਉੱਚ ਆਤਮਿਕ ਮੰਡਲਾਂ ਵਿਚ ਆਨੰਦ ਮਹਿਸੂਸ ਕਰਦਾ ਹੈ। ਕਿਸੇ ਹੋਰ ਨੂੰ ਭੈ-ਭੀਤ ਕਰਕੇ ਉਸ ਦਾ ਸ਼ੋਸਣ ਕਰਨ ਬਾਰੇ ਤਾਂ ਉਹ ਸੋਚ ਹੀ ਨਹੀਂ ਸਕਦਾ।ਸੁੱਚੀ ਕਿਰਤ ਸਦਕਾ ਕਮਾਈ ਜਾਇਦਾਦ ਹੀ ਮਾਨਸਿਕ ਸੰਤੁਸ਼ਟੀ ਦਾ ਬਾਇਸ ਬਣਦੀ ਹੈ।ਮਾਇਕ ਸੰਪਤੀਆਂ, ਮਿਲਖਾਂ ਅਤੇ ਬੇਲੋੜੇ ਮਾਲ-ਧੰਨ ਇਕੱਤਰ ਕਰਨ ਵਿਚ ਗੁਰਸਿੱਖ ਦਾ ਮਨ ਲੋਚਾ ਹੀ ਨਹੀਂ ਰੱਖਦਾ, ਬਲਕਿ ਪਰਉਪਕਾਰਤਾ ਦੇ ਗੁਣਾਂ ਸਦਕਾ ਲੋੜਵੰਦਾਂ ਨੂੰ ਹੱਥੀਂ ਦੇ ਕੇ ਭਲਾ ਕਮਾਉਂਦਾ ਹੈ। ਧਨੁ ਦਾਰਾ ਸੰਪਤਿ ਸਗਲ ਜਿਨਿ ਅਪੁਨੀ ਕਰਿ ਮਾਨਿ।। ਇਨ ਮਹਿ ਕਛੁ ਸੰਗੀ ਨਹੀ ਨਾਨਕ ਸਾਚੀ ਜਾਨਿ।।(ਸ੍ਰੀ.ਗੁ.ਗ੍ਰੰ.ਸਾ.ਅੰਗ ੧੪੨੬)

ਉੱਤਮ ਪੁਰਖਾਂ ਦੀ ਸੰਖਿਆ ਸੀਮਤ ਹੈ,ਜਦਕਿ ਬਹੁ ਗਿਣਤੀ ਮਾਇਆ ਦੀ ਮ੍ਰਿਗ-ਤ੍ਰਿਸ਼ਨਾ ਵਿਚ ਫਸ ਕੇ ਦਮ ਤੋਡ਼ ਜਾਂਦੇ ਹਨ।ਹਰਿ-ਜੱਸ ਉਨ੍ਹਾਂ ਨੂੰ ਭਾਉਂਦਾ ਨਹੀਂ ਅਤੇ ਪੁਤਾਂ ਧੀਆਂ ਅਤੇ ਪਰਿਵਾਰ ਪ੍ਰਤੀ ਮੋਹ ਵੱਸ ਹੀ ਜੀਵਨ ਦੀ ਬਾਜ਼ੀ ਲਾ ਦੇਂਦੇ ਹਨ।ਜਗਤ ਵਿਚ ਇਹ ਦਸਤੂਰ ਹੀ ਪਨਪ ਗਿਆ ਹੈ ਕਿ ਵਿਅੱਕਤੀ ਸੁਆਰਥ ਵੱਸ ਵੱਡਿਆਂ ਦਾ ਆਗਿਆਕਾਰ, ਸ਼ੁਭਚਿੰਤਕ ਅਤੇ ਸੇਵਕ ਹੋਣਾ ਜਤਾਉਂਦਾ ਹੈ,ਪਰ ਲੋੜ ਪੈਣ ਤੇ ਉਹੀ ਅਖੌਤੀ ਸੇਵਕ ਮੂੰਹ ਫੇਰਨ ਲੱਗਿਆਂ ਪਲ ਨਹੀਂ ਲਾਉਂਦਾ। “ਸੁਖ ਮਹਿ ਬਹੁ ਸੰਗੀ ਭਏ ਦੁਖ ਮਹਿ ਸੰਗ ਨ ਕੋਇ।। ਕਹੁ ਨਾਨਕ ਹਰਿ ਭਜ ਮਨਾ ਅੰਤਿ ਸਹਾਈ ਹੋਇ।। (ਸ੍ਰੀ.ਗੁ.ਗ੍ਰੰ.ਸਾ. ਅੰਗ ੧੪੨੮) ਗੁਰੂ ਨਾਨਕ ਦੇਵ ਜੀ ਦੇ ‘ਨਿਰਮਲ ਪੰਥ’ ਦੇ ਅਨੁਆਈ ਗੁਰਮੁੱਖ ਹਰ ਘੜੀ ਹਰ ਪਲ,ਕਾਲ਼ ਰਹਿਤ ਪ੍ਰਕਾਸ਼ ਮਾਨ ਹਰਿ ਪ੍ਰਭੂ ਦਾ ਭਜਨ ਸਿਮਰਨ ਕਰਦਿਆਂ ਹਰਿ ਰੂਪ ਹੋ ਕੇ ਨਿਰਬਾਣ ਪਦ ਹਾਸਲ ਕਰਨ ਵਿਚ ਸਫ਼ਲ ਹੋ ਜਾਂਦੇ ਹਨ। ਜੋ ਪ੍ਰਾਨੀ ਨਿਸਿ ਦਿਨੁ ਭਜੈ ਰੂਪ ਰਾਮ ਤਿਹ ਜਾਨੁ।।ਹਰਿ ਜਨ ਹਰਿ ਅੰਤਰੁ ਨਹੀ ਨਾਨਕ ਸਾਚੀ ਮਾਨੁ।।(ਸ੍ਰੀ.ਗੁ.ਗ੍ਰੰ.ਸਾ.ਅੰਗ ੧੪੨੭)

ਤੀਰਥ ਇਸ਼ਨਾਨ,ਵਰਤ ਰੱਖਣ ਜਾਂ ਜੰਗਲਾਂ ਬੇਲਿਆਂ ਵਿੱਚ ਭਟਕਣ ਨਾਲ ਪ੍ਰਭ-ਮਿਲਾਪ ਨਹੀਂ ਹੁੰਦਾ,ਬਲਕਿ ਉਸ ਦਾ ਤਾਂ ਹਰ ਹਿਰਦੇ ਵਿਚ ਵਾਸਾ ਹੈ,ਲੋੜ ਪਛਾਨਣ ਦੀ ਹੈ। “ਤੀਰਥ ਬਰਤ ਅਰੁ ਦਾਨ ਕਰਿ ਮਨ ਮਹਿ ਧਰੈ ਗੁਮਾਨੁ।। ਨਾਨਕ ਨਿਹਫਲ ਜਾਤ ਤਿਹ ਜਿਉ ਕੁੰਚਰ ਇਸਨਾਨੁ।।(ਸ੍ਰੀ.ਗੁ.ਗ੍ਰੰ.ਸਾ. ਅੰਗ ੧੪੨੮)

ਅਗਾਧਿ ਬੋਧਿ ਬਾਣੀ ਵਿਚ ਪ੍ਰਾਣੀ ਲਈ। ਗਿਆਨ ਇੰਦਰੀਆਂ ਕਾਬੂ ਕਰਕੇ ਮਾਨਸਿਕ ਵਿਕਾਰਾਂ ਤੋਂ ਖ਼ਲਾਸ ਹੋ ਕੇ ਨਿਰਬਾਣ ਜੀਵਨ ਯਾਤਰਾ ਦਾ ਉਪਦੇਸ਼ ਹੈ।

ਗੁਰਬਾਣੀ ਦੇ ਅੰਤਰੀਵ ਭਾਵ ਅਰਥਾਂ ਤਕ ਪਹੁੰਚ ਕਰਨੀ ਮੇਰੇ ਜੈਸੇ ਅਲਪ-ਬੁੱਧੀ ਅਤੇ ਅਮਲ-ਵਿਹੂਣੇ ਲਈ ਬਿਖਮ ਖੇਡ ਹੈ ਪਰ ਇਹ ਆਸ ਹੈ ਕਿ ਗੁਰੂ ਕਿਰਪਾ ਨਾਲ ਉਨ੍ਹਾਂ ਦੀ ਅਗਾਧ ਬੋਧ ਬਾਣੀ ਦੀ ਸੋਝੀ ਝੋਲੀ ਪੈ ਜਾਏਗੀ।

ਮੋਬਾਈਲ: 9815840755 Email id : ankhi53@gmail.com

Check Also

ਸ਼ਿਵ ਕੁਮਾਰ ਨੇ ਕਿਸ ਗ਼ਮ ਵਿੱਚ ਲਿਖੀ ਸੀ ਕਵਿਤਾ “ਸ਼ਿਕਰਾ” !

-ਅਵਤਾਰ ਸਿੰਘ (ਸ਼ਰਧਾਂਜਲੀ) ਪੰਜਾਬੀ ਦੇ ਲੇਖਕ ਸੰਤ ਸਿੰਘ ਸੇਖੋਂ ਅਨੁਸਾਰ, “ਸ਼ਿਵ ਕੁਮਾਰ ਦੇ ਦੁਖ ਉਥੋਂ …

Leave a Reply

Your email address will not be published. Required fields are marked *