ਮੁੜ੍ਹਕਾ ਮਜ਼ਦੂਰ ਦਾ ਨਾ ਕਦੇ ਅਜਾਈਂ ਜਾਂਦਾ…

TeamGlobalPunjab
9 Min Read

-ਪਰਨੀਤ ਕੌਰ

ਹਰ ਸਾਲ ਇਕ ਮਈ ਨੂੰ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਵਜੋਂ ਮਨਾਇਆ ਜਾਂਦਾ ਹੈ। ਮਜ਼ਦੂਰ ਦਿਵਸ ਉਹਨਾਂ ਲੋਕਾਂ ਦਾ ਦਿਨ ਹੈ ਜਿਨ੍ਹਾਂ ਲੋਕਾਂ ਨੇ ਅਪਣੇ ਖੂਨ ਪਸੀਨੇ ਦੀ ਕਮਾਈ ਨਾਲ ਦੇਸ਼ ਅਤੇ ਦੁਨੀਆਂ ਦੇ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਕਿਸੇ ਵੀ ਦੇਸ਼, ਸਮਾਜ, ਸੰਸਥਾ ਵਿਚ ਮਜ਼ਦੂਰਾਂ ਅਤੇ ਕਰਮਚਾਰੀਆਂ ਦੀ ਅਹਿਮ ਭੂਮਿਕਾ ਹੁੰਦੀ ਹੈ।

ਮਜ਼ਦੂਰਾਂ ਅਤੇ ਕਰਮਚਾਰੀਆਂ ਦੀ ਮਿਹਨਤ ਅਤੇ ਲਗਨ ਦੀ ਬਦੌਲਤ ਹੀ ਅੱਜ ਦੁਨੀਆ ਭਰ ਦੇ ਦੇਸ਼ ਹਰ ਖੇਤਰ ਵਿਚ ਵਿਕਾਸ ਕਰ ਰਹੇ ਹਨ। ਮਜ਼ਦੂਰ ਦਿਵਸ ਨੂੰ ਮਈ ਦਿਵਸ, ਲੇਬਰ ਡੇਅ, ਕਰਮਚਾਰੀ ਦਿਵਸ ਆਦਿ ਵੀ ਕਿਹਾ ਜਾਂਦਾ ਹੈ। ਇਸ ਦਿਨ ਲਗਭਗ ਸਾਰੀਆਂ ਕੰਪਨੀਆਂ ਅਤੇ ਅਦਾਰਿਆਂ ਵਿਚ ਛੁੱਟੀ ਰਹਿੰਦੀ ਹੈ। ਸਿਰਫ ਭਾਰਤ ਹੀ ਨਹੀਂ ਦੁਨੀਆ ਦੇ ਕਰੀਬ 80 ਦੇਸ਼ਾਂ ਵਿਚ ਇਸ ਦਿਨ ਛੁੱਟੀ ਰਹਿੰਦੀ ਹੈ।

ਭਾਰਤ ਵਿੱਚ ਕਿਉਂ ਮਨਾਇਆ ਜਾਂਦਾ ਹੈ ਮਜ਼ਦੂਰ ਦਿਵਸ?

- Advertisement -

ਭਾਰਤ ਵਿਚ ਮਜ਼ਦੂਰ ਦਿਵਸ ਕੰਮਕਾਜੀ ਲੋਕਾਂ ਦੇ ਸਨਮਾਨ ਵਿਚ ਮਨਾਇਆ ਜਾਂਦਾ ਹੈ। ਭਾਰਤ ਵਿਚ ਮਜ਼ਦੂਰ ਦਿਵਸ ਮਨਾਉਣ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਤਮਿਲਨਾਡੂ ਦੀ ਰਾਜਧਾਨੀ ਚੇਨਈ ਵਿਚ 1 ਮਈ 1923 ਨੂੰ ਹੋਈ ਸੀ। ਉਸ ਸਮੇਂ ਇਸ ਦਿਨ ਨੂੰ ਮਦਰਾਸ ਦਿਵਸ ਦੇ ਤੌਰ ‘ਤੇ ਵੀ ਪ੍ਰਮਾਣਿਤ ਕੀਤਾ ਗਿਆ ਸੀ। ਇਸ ਦੀ ਸ਼ੁਰੂਆਤ ਭਾਰਤੀ ਮਜ਼ਦੂਰ ਕਿਸਾਨ ਪਾਰਟੀ ਦੇ ਨੇਤਾ ਕਾਮਰੇਡ ਸਿੰਗਕਾਵੇਲੂ ਚੇਟਯਾਰ ਨੇ ਕੀਤੀ ਸੀ।

ਭਾਰਤ ਵਿਚ ਮਦਰਾਸ ਹਾਈਕੋਰਟ ਸਾਹਮਣੇ ਇਕ ਵੱਡਾ ਪ੍ਰਦਰਸ਼ਨ ਕੀਤਾ ਗਿਆ ਅਤੇ ਇਕ ਰੈਜ਼ੋਲੂਸ਼ਨ ਪਾਸ ਕਰਕੇ ਇਹ ਸਹਿਮਤੀ ਬਣਾਈ ਗਈ, ਕਿ ਇਸ ਦਿਵਸ ਨੂੰ ਭਾਰਤ ਵਿਚ ਵੀ ਮਜ਼ਦੂਰ ਦਿਵਸ ਦੇ ਤੌਰ ‘ਤੇ ਮਨਾਇਆ ਜਾਵੇ ਅਤੇ ਇਸ ਦਿਨ ਨੂੰ ਛੁੱਟੀ ਦਾ ਦਿਨ ਐਲਾਨਿਆ ਜਾਵੇ। ਉਸ ਸਮੇਂ ਭਾਰਤ ਵਿਚ ਮਜ਼ਦੂਰਾਂ ਦੀ ਜੰਗ ਲੜਨ ਲਈ ਕਈ ਨੇਤਾ ਮੋਹਰੀ ਬਣੇ।

ਅੰਤਰਰਾਸ਼ਟਰੀ ਮਜ਼ਦੂਰ ਦਿਵਸ ਦਾ ਇਤਿਹਾਸ :-

ਅੰਤਰਰਾਸ਼ਟਰੀ ਮਜ਼ਦੂਰ ਦਿਵਸ ਦੀ ਸ਼ੁਰੂਆਤ 1 ਮਈ 1886 ਨੂੰ ਹੋਈ ਸੀ। ਉਸ ਸਮੇਂ ਅਮਰੀਕਾ ਵਿਚ ਕਈ ਮਜ਼ਦੂਰ ਯੂਨੀਅਨਾਂ ਨੇ ਕੰਮ ਦਾ ਸਮਾਂ 8 ਘੰਟੇ ਤੋਂ ਜ਼ਿਆਦਾ ਨਾ ਰੱਖਣ ਲਈ ਹੜਤਾਲ ਕੀਤੀ ਸੀ। ਇਸੇ ਹੜਤਾਲ ਦੌਰਾਨ ਸ਼ਿਕਾਗੋ ਦੀ ਹੇਮਾਰਕੀਟ ਵਿਚ ਬੰਬ ਧਮਾਕਾ ਹੋਇਆ ਸੀ। ਇਹ ਧਮਾਕਾ ਕਿਸ ਵੱਲੋਂ ਕਰਵਾਇਆ ਗਿਆ, ਇਸ ਬਾਰੇ ਕਿਸੇ ਨੂੰ ਨਹੀਂ ਪਤਾ ਸੀ ਪਰ ਪੁਲਿਸ ਨੇ ਮਜ਼ਦੂਰਾਂ ‘ਤੇ ਗੋਲੀਆਂ ਚਲਾਈਆਂ ਅਤੇ ਇਸ ਦੌਰਾਨ ਕਈ ਮਜ਼ਦੂਰ ਮਾਰੇ ਗਏ।

ਸ਼ਿਕਾਗੋ ਸ਼ਹਿਰ ਵਿਚ ਸ਼ਹੀਦ ਮਜ਼ਦੂਰਾਂ ਦੀ ਯਾਦ ਵਿਚ ਪਹਿਲੀ ਵਾਰ ਮਜ਼ਦੂਰ ਦਿਵਸ ਮਨਾਇਆ ਗਿਆ। ਇਸ ਤੋਂ ਬਾਅਦ ਪੈਰਿਸ ਵਿਚ 1889 ਵਿਚ ਅੰਤਰਰਾਸ਼ਟਰੀ ਸਮਾਜਵਾਦੀ ਸੰਮੇਲਨ ਵਿਚ ਐਲਾਨ ਕੀਤਾ ਗਿਆ ਕਿ ਹੇਮਾਰਕਿਟ ਕਤਲੇਆਮ ਵਿਚ ਮਾਰੇ ਗਏ ਨਿਰਦੋਸ਼ ਲੋਕਾਂ ਦੀ ਯਾਦ ਵਿਚ 1 ਮਈ ਨੂੰ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਦੇ ਰੂਪ ਵਿਚ ਮਨਾਇਆ ਜਾਵੇਗਾ ਅਤੇ ਇਸ ਦਿਨ ਸਾਰੇ ਮਜ਼ਦੂਰਾਂ ਅਤੇ ਕਰਮਚਾਰੀਆਂ ਨੂੰ ਛੁੱਟੀ ਰਹੇਗੀ। ਉਸ ਤੋਂ ਬਾਅਦ ਭਾਰਤ ਸਮੇਤ ਦੁਨੀਆ ਦੇ ਕਰੀਬ 80 ਦੇਸ਼ਾਂ ਵਿਚ ਮਜ਼ਦੂਰ ਦਿਵਸ ਨੂੰ ਰਾਸ਼ਟਰੀ ਛੁੱਟੀ ਦੇ ਰੂਪ ਵਿਚ ਮਨਾਇਆ ਜਾਣ ਲੱਗਿਆ। ਉਸ ਸਮੇਂ ਤੋਂ ਹੁਣ ਤੱਕ ਇੱਕ ਮਈ ਨੂੰ ਮਜ਼ਦੂਰ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ। ਉਸ ਸਮੇਂ ਹਾਲਾਤ ਹੋਰ ਸਨ। ਪਰ ਅੱਜ ਹਾਲਾਤ ਬਦ ਤੋਂ ਬੱਤਰ ਬਣ ਚੁੱਕੇ ਹਨ। ਅੱਜ ਮਜ਼ਦੂਰ ਦਾ ਸ਼ੋਸ਼ਣ ਹੋ ਰਿਹਾ ਹੈ। ਕੀਰਤੀ ਵਰਗ ਚਾਹੇ ਕਿਸੇ ਵੀ ਕੈਟਾਗਰੀ ਦਾ ਹੋਵੇ, ਜਨਰਲ ਹੋਵੇ, ਐਸੀ ਹੋਵੇ, ਵੀਸੀ ਹੋਵੇ ਜਾਂ ਫਿਰ ਹੋਰ ਕੈਟੇਗਰੀ ਨਾਲ ਸਬੰਧਿਤ ਹੋਵੇ, ਪਰ ਸਭ ਨੂੰ ਹੀ ਪੂਰਾ ਮਿਹਨਤਾਨਾ ਨਹੀਂ ਮਿਲਦਾ। ਅੱਜ ਬੇਰੁਜ਼ਗਾਰੀ ਵੱਧ ਚੁੱਕੀ ਹੈ। ਪੜ੍ਹੇ ਲਿਖੇ ਨੌਜਵਾਨ ਮੁੰਡੇ-ਕੁੜੀਆਂ 3000-3000 ਰੁਪਏ ਉੱਪਰ ਵੀ ਕੰਮ ਕਰ ਰਹੇ ਹਨ। ਵੱਧਦੀ ਮਹਿੰਗਾਈ ਉਹਨਾਂ ਦਾ ਲੱਕ ਤੋੜ ਰਹੀ ਹੈ। ਢੰਗ ਦੀ ਨੌਕਰੀ ਵੀ ਕੀਤੇ ਨਹੀਂ ਮਿਲ ਰਹੀ। ਥੱਕ ਹਾਰ ਕੇ ਉਹ ਜੋ ਵੀ ਕੰਮ ਮਿਲਦਾ ਹੈ ਉਸ ਨੂੰ ਕਰਨ ਲਈ ਤਿਆਰ ਹੋ ਜਾਂਦੇ ਹਨ। ਅੱਜ ਬੀ.ਐਡ, ਐਮ.ਐਡ ਅਧਿਆਪਕਾਂ  ਨੂੰ ਪੰਜ ਹਜ਼ਾਰ ਉੱਤੇ ਵੀ ਨੌਕਰੀਆਂ ਕਰਨੀਆਂ ਪੈ ਰਹੀਆਂ ਹਨ। ਐੱਮ.ਬੀ.ਏ., ਬੀ.ਕਾਮ, ਬੀ.ਐਸ.ਸੀ, ਐਮ.ਐਸ.ਸੀ, ਐਮ.ਏ. ਜਾਂ ਇਸ ਦੇ ਬਰਾਬਰ ਦੀਆਂ ਹੋਰ ਡਿਗਰੀਆਂ ਵਾਲੇ ਸਭ ਨੌਜਵਾਨ ਬੇਰੁਜ਼ਗਾਰੀ ਕਰਕੇ ਖੁਦਕੁਸ਼ੀਆਂ ਕਰ ਰਹੇ ਹਨ। ਹਾਲਾਂਕਿ ਪੜ੍ਹੇ-ਲਿਖੇ ਨੌਜਵਾਨ ਹਰ ਦੇਸ਼ ਦੀ ਸ਼ਕਤੀ ਹੁੰਦੇ ਹਨ। ਉਹ ਦੇਸ਼ ਨੂੰ ਤਰੱਕੀ ਦੇ ਰਾਹ ‘ਤੇ ਲੈ ਕੇ ਜਾਂਦੇ ਹਨ। ਪਰ ਅਫਸੋਸ! ਸਾਡੇ ਨੌਜਵਾਨ ਬੇਰੁਜ਼ਗਾਰੀ ਤੋਂ ਤੰਗ ਆ ਕੇ ਨਸ਼ਿਆਂ ਵਿੱਚ ਪੈਂਦੇ ਹਨ। ਅੱਜ ਸਰਕਾਰ ਦੀ ਇਹ ਨੀਤੀ ਹੈ ਕਿ ਜਨਰਲ ਕੈਟਾਗਿਰੀ ਦੇ ਵਿਦਿਆਰਥੀ ਫੀਸਾਂ ਵੀ ਵੱਧ ਭਰਨ ਅਤੇ ਨੰਬਰ ਵੀ ਵੱਧ ਲੈ ਕੇ ਪਾਸ ਹੋਣ। ਹੋਣ ਚਾਹੇ ਉਹ ਕਿਰਤੀ ਹੀ ਕਿਉਂ ਨਾ ਕਿਉਂਕਿ ਉਹ ਜਰਨਲ ਹਨ। ਕਿਰਤੀ ਵਰਗ ਨਾਲ ਜੁੜੇ ਹੋਣਾ ਜ਼ਰੂਰੀ ਨਹੀਂ ਕਿ ਉਹ ਐਸੀ, ਬੀਸੀ ਹੀ ਹੋਣ, ਉਹ ਜਨਰਲ ਵੀ ਹੋ ਸਕਦੇ ਹਨ। ਪਰ ਨਹੀਂ ਜਨਰਲ ਤਾਂ ਰੱਬ ਨੇ ਬਣਾਏ ਹਨ। ਓ ਜ਼ਰਾ ਸੋਚੋ! ਅਕਲ ਨੂੰ ਹੱਥ ਮਾਰੋ। ਇਹ ਜਾਤਾਂ ਲੀਡਰਾਂ ਨੇ ਬਣਾਈਆਂ ਨੇ ਆਪਾਂ ਨਹੀਂ ਰੱਬ ਨੇ ਸਾਨੂੰ ਸਿਰਫ ਇਨਸਾਨ ਬਣਾਇਆ, ਨਾ ਕਿ ਜਾਤਾਂ ਵਿੱਚ ਵੰਡਿਆ। ਜਦੋਂ ਕੋਈ ਬੰਦਾ ਮਰ ਰਿਹਾ ਹੁੰਦਾ, ਉਸ ਨੂੰ ਖੂਨ ਚਾਹੀਦਾ ਹੈ, ਤਾਂ ਡਾਕਟਰ ਜੋ ਵੀ ਉਸ ਦੇ ਗਰੁੱਪ ਦਾ ਖੂਨ ਮਿਲਦਾ ਹੈ, ਉਸ ਨੂੰ ਚੜ੍ਹਾ ਦਿੰਦੇ ਹਨ। ਕੀ ਉੱਥੇ ਕੋਈ ਇਹ ਕਿੰਤੂ ਪ੍ਰੰਤੂ ਕਰਦਾ ਹੈ? ਕਿ ਖ਼ੂਨ ਕਿਸਦਾ ਹੈ???  ਜੱਟ ਦਾ ਜਾਂ ਕਿਸੇ ਪੱਛੜੇ ਵਰਗ ਦਾ??? ਉਦੋਂ ਕਿਉਂ ਜਾਨ ਬਚਾਉਣ ਦੀ ਹੁੰਦੀ ਹੈ। ਸੋ ਅਜੇ ਵੀ ਸਮਝ ਜਾਵੋ, ਜਾਤਾਂ ਦੇ ਭੇਦ ਮਿਟਾ ਕੇ ਇੱਕ ਹੋ ਜਾਓ। ਅਸੀਂ ਸਾਰੇ ਕਿਰਤੀ ਵਰਗ ਨਾਲ ਸਬੰਧਤ ਹਾਂ। ਭਾਵੇਂ ਕਿ ਸਾਡੇ ਕੀਤੇ ਵੱਖੋ-ਵੱਖਰੇ ਕਿਉਂ ਨਾ ਹੋਣ। ਪਰ ਤਾਂ ਵੀ ਅਸੀਂ ਮਜ਼ਦੂਰ ਕਿਰਤੀ ਹੀ ਹਾਂ । ਸੋ ਅੱਜ ਦੇ ਵਕਤ ਦੀ ਨਜ਼ਾਕਤ ਨੂੰ ਸਮਝਦੇ ਹੋਏ, ਆਪਣੇ ਹੱਕਾਂ ਲਈ ਆਵਾਜ਼ ਉਠਾਓ। ਡਾ. ਅਬਦੁਲ ਕਲਾਮ ਵੀ ਅਖ਼ਬਾਰ ਵੇਚਦੇ ਸਨ ਅਤੇ ਦੇਸ਼ ਦੇ ਰਾਸ਼ਟਰਪਤੀ ਬਣੇ। ਅੱਜ ਸਾਡੇ ਵਿੱਚ ਵੀ ਅਜਿਹੇ ਬਹੁਤ ਸਾਰੇ ਨੇ ਜਿੰਨ੍ਹਾਂ ਕੋਲ ਬਹੁਤ ਗੁਣ ਹਨ, ਜੋ ਗਰੀਬੀ ਕਰਕੇ ਬਾਹਰ ਨਹੀਂ ਨਿਕਲ ਪਾਉਂਦੇ। ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਅਜਿਹੇ ਲੋਕ ਵੀ ਨੇ, ਜੋ ਆਪਣੇ ਬੱਚੇ ਦੀ ਪੜ੍ਹਾਈ ਜੋਗੇ ਪੈਸੇ ਵੀ ਨਹੀਂ ਕਮਾ ਪਾ ਰਹੇ। ਕਈਆਂ ਦੇ ਘਰਾਂ ਵਿੱਚ ਦੋ ਵਕਤ ਦੀ ਰੋਟੀ ਵੀ ਮੁਸ਼ਕਲ ਨਾਲ ਨਸੀਬ ਹੁੰਦੀ ਹੈ। ਕੁੱਲੀ, ਗੁੱਲੀ ਤੇ ਜੁੱਲੀ ਹਰ ਇਨਸਾਨ ਦੀ ਲੋੜ ਹੈ। ਇਸ ਸਭ ਲਈ ਜ਼ਰੂਰੀ ਹੈ ਸਭ ਰਲ ਮਿਲ ਕੇ ਅੱਗੇ ਆਵੋ, ਤਾਂ ਹੀ ਇਹ 3 ਚੀਜ਼ਾਂ ਸਾਰੇ ਕਿਰਤੀ ਪ੍ਰਾਪਤ ਕਰ ਸਕਦੇ ਹਨ। ਅੱਜ ਭਾਰਤ ਵਿੱਚ ਮਜ਼ਦੂਰ ਦਿਵਸ ਤਾਂ ਮਨਾਇਆ ਜਾ ਰਿਹਾ ਹੈ, ਪਰ ਮਜ਼ਦੂਰਾਂ ਨੂੰ ਮਜ਼ਦੂਰੀ ਦਿਵਸ ਦਾ ਪਤਾ ਕੋਈ ਨਹੀਂ। ਕੀ ਮਜ਼ਦੂਰੀ ਦਿਵਸ ਹੁੰਦਾ ਕੀ ਹੈ ???? ਅੱਜ ਮਜ਼ਦੂਰਾਂ ਦੇ ਭੱਤੇ ਉੱਤੇ ਲੀਡਰ ਆਪਣੀਆਂ ਰੋਟੀਆਂ ਸੇਕਦੇ ਹਨ। ਆਪਣੇ ਹੀ ਸਾਕ-ਸਬੰਧੀ ਅਤੇ ਰਿਸ਼ਤੇਦਾਰਾਂ ਨੂੰ ਨੌਕਰੀਆਂ ਤੇ ਲਾਉਂਦੇ ਹਨ। ਇਨ੍ਹਾਂ ਦਾ ਤਾਂ ਉਹ ਕੰਮ ਹੈ ਕਿ,” ਅੰਨਾ ਵੰਡੇ ਸ਼ੀਰਨੀ, ਮੁੜ-ਮੁੜ ਆਪਣਿਆਂ ਨੂੰ।” ਇਨ੍ਹਾਂ ਨੂੰ ਦੂਜਿਆਂ ਦੀ ਕੋਈ ਪਰਵਾਹ ਨਹੀਂ। ਅੱਜ ਮਹਾਮਾਰੀ ਦੇ ਇਸ ਦੌਰ ਵਿੱਚ ਕਈ ਮਜ਼ਦੂਰਾਂ ਦੇ ਘਰ ਮਹੀਨੇ ਦਾ ਤਾਂ ਕੀ ਦੋ ਦਿਨ ਲਈ ਵੀ ਰਾਸ਼ਨ ਨਹੀਂ ਹੈ। ਫਿਰ ਅਸੀਂ ਕਿਵੇਂ ਸੋਚ ਰਹੇ ਹਾਂ ਕਿ ਮਜ਼ਦੂਰ ਦਿਵਸ ਮਨਾਈਏ। ਜਦੋਂ ਕਿ ਮਜ਼ਦੂਰਾਂ ਦਾ ਤਾਂ ਕੋਈ ਹਿੱਤ ਹੀ ਨਹੀਂ ਹੈ। ਮੈਂ ਸਰਕਾਰ ਅੱਗੇ ਇਹੀ ਬੇਨਤੀ ਕਰਦੀ ਹਾਂ ਕਿ ਜਾਤਾਂ-ਪਾਤਾਂ ਦਾ ਰੌਲਾ ਮੁਕਾ ਕੇ, ਸਭ ਮਜਦੂਰਾਂ ਨੂੰ ਇੱਕੋ ਜਿੰਨਾ ਭੱਤਾ ਅਤੇ ਤਨਖਾਹਾਂ ਲਾਗੂ ਕਰੋ, ਤਾਂ ਜੋ ਸਭ ਇੱਕ ਬਰਾਬਰ ਅਤੇ ਰਲ-ਮਿਲ ਕੇ ਰਹਿ ਸਕਣ। ਫਿਰ ਹੀ ਮਜ਼ਦੂਰ ਦਿਵਸ ਮਨਾਉਣ ਦਾ ਫਾਇਦਾ ਹੈ। ਜਦੋਂ ਨੌਜਵਾਨ ਅੱਗੇ ਆਉਣਗੇ ਤਾਂ ਉਹ ਦੇਸ਼ ਨੂੰ ਤਰੱਕੀ ਦੇਸ਼ ਦੀ ਰਾਹ ਤੇ ਲੈ ਜਾਣਗੇ। ਇਹ ਕਿਰਤੀ ਹੀ ਨੇ ਜੋ ਮਿਹਨਤ ਦੇ ਨਾਲ ਦੇਸ਼ ਨੂੰ ਦਿਨ ਦੁੱਗਣੀ, ਰਾਤ ਚੌਗਣੀ ਤਰੱਕੀ ਕਰਵਾ ਸਕਦੇ ਹਨ। ਦੋ ਲਾਈਨਾ:-

- Advertisement -

ਜਿੱਥੇ ਰੋਟੀ ਵਿੱਚ ਮਨ ਘੁੱਟਿਆ ਹੈ,

ਜਿੱਥੇ ਨ੍ਹੇਰਾ ਦੱਬ ਕੇ ਜੁੱਟਿਆ ਹੈ,

ਜਿੱਥੇ ਗ਼ੈਰਤ ਦਾ ਤਗ ਟੁੱਟਿਆ ਹੈ,

ਜਿੱਥੇ ਵੋਟਾਂ ਵਾਲਿਆਂ ਟਟਵੈਰ ਸਹੇੜੇ

ਮੱਘਦਾ ਰਹੀਂ ਵੇ ਸੂਰਜਾ,

ਕੰਮੀਆਂ ਦੇ ਵੇਹੜੇ!

ਤੂੰ ਆਪਣਾ ਆਪ ਹੀ ਮਚਾਂਦਾ ਹੈਂ,

ਪਰ ਆਪਾ ਹੀ ਰੁਸ਼ਨਾਂਦਾ ਹੈਂ,

ਕਿਉਂ ਕੰਮੀਆਂ ਤੋਂ ਸ਼ਰਮਾਂਦਾ ਹੈਂ

ਇਹ ਸਦਾ-ਸਦਾ ਨਾ ਰਹਿਣਗੇ ਮੰਦਹਾਲ ਮਰੇੜੇ

ਹਾਏ! ਮੱਘਦਾ ਰਹੀਂ ਵੇ ਸੂਰਜਾ,

ਕੰਮੀਆਂ ਦੇ ਵੇਹੜੇ!(ਸੰਤ ਰਾਮ ਉਦਾਸੀ)

 ਜੈ ਹਿੰਦ।

ਸੰਪਰਕ : 9872178404

Share this Article
Leave a comment