ਅੰਮ੍ਰਿਤਸਰ ਦੇ ਇਤਿਹਾਸਕ ਨਗਰ ਛੇਹਰਟਾ ਵਿਖੇ ਇੱਕ ਮੰਦਰ ‘ਤੇ ਗ੍ਰਨੇਡ ਹਮਲੇ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਇਹ ਹਮਲਾ ਰਾਤ ਕਰੀਬ 12:30 ਵਜੇ ਹੋਇਆ, ਜਿਸ ਦੀ ਪੁਸ਼ਟੀ ਸੀਸੀਟੀਵੀ ਫੁਟੇਜ ਰਾਹੀਂ ਹੋਈ ਹੈ।
ਸੀਸੀਟੀਵੀ ਤਸਵੀਰਾਂ ਵਿੱਚ ਦਿਖਾਈ ਦੇ ਰਿਹਾ ਹੈ ਕਿ ਦੋ ਨੌਜਵਾਨ ਮੋਟਰਸਾਈਕਲ ‘ਤੇ ਆਉਂਦੇ ਹਨ, ਤੇਜ਼ੀ ਨਾਲ ਮੰਦਿਰ ਅੰਦਰ ਗ੍ਰਨੇਡ ਸੁੱਟਦੇ ਹਨ ਅਤੇ ਫਰਾਰ ਹੋ ਜਾਂਦੇ ਹਨ। ਹਮਲੇ ਦੇ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ, ਅਤੇ ਮੰਦਿਰ ਵਿਖੇ ਮੌਜੂਦ ਭਗਤਾਂ ਅਤੇ ਇਲਾਕਾ ਵਾਸੀਆਂ ਵਿੱਚ ਗੁੱਸੇ ਦੀ ਲਹਿਰ ਵੇਖਣ ਨੂੰ ਮਿਲੀ।
ਹਮਲੇ ਦੀ ਸੂਚਨਾ ਮਿਲਣ ‘ਤੇ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਬੰਬ ਸਕਵਾਡ ਅਤੇ ਐਫਐਸਐਲ (Forensic Science Laboratory) ਟੀਮ ਨੂੰ ਵੀ ਘਟਨਾ ਸਥਾਨ ‘ਤੇ ਬੁਲਾਇਆ ਗਿਆ, ਤਾਂ ਜੋ ਵਿਸਫੋਟਕ ਪਦਾਰਥਾਂ ਅਤੇ ਹਮਲੇ ਦੇ ਢੰਗ ਬਾਰੇ ਤਫ਼ਤੀਸ਼ ਕੀਤੀ ਜਾ ਸਕੇ।
ਪੁਲਿਸ ਮੁਤਾਬਕ, ਇਹ ਹਮਲਾ ਇੱਕ ਤਰ੍ਹਾਂ ਦਾ ਡਰ ਪੈਦਾ ਕਰਨ ਦੀ ਕੋਸ਼ਿਸ਼ ਜਾਪਦਾ ਹੈ, ਅਤੇ ਦੋਸ਼ੀਆਂ ਦੀ ਪਛਾਣ ਲਈ ਸੀਸੀਟੀਵੀ ਫੁਟੇਜ ਅਤੇ ਹੋਰ ਤਕਨੀਕੀ ਮਦਦ ਲੈ ਕੇ ਜਾਂਚ ਜਾਰੀ ਹੈ। ਸਥਾਨਕ ਪ੍ਰਸ਼ਾਸਨ ਅਤੇ ਮੰਦਿਰ ਪ੍ਰਬੰਧਨ ਨੇ ਵੀ ਘਟਨਾ ਦੀ ਨਿੰਦਾ ਕਰਦੇ ਹੋਏ, ਦੋਸ਼ੀਆਂ ਨੂੰ ਜਲਦੀ ਕਾਬੂ ਕਰਨ ਦੀ ਮੰਗ ਕੀਤੀ ਹੈ।
ਇਸ ਹਮਲੇ ਨੇ ਨਗਰ ਵਿੱਚ ਸੁਰੱਖਿਆ ਪ੍ਰਬੰਧਾਂ ‘ਤੇ ਵੀ ਚਿੰਤਾ ਵਧਾ ਦਿੱਤੀ ਹੈ, ਅਤੇ ਲੋਕਾਂ ਨੇ ਸਰਕਾਰ ਤੋਂ ਸਖ਼ਤ ਕਾਰਵਾਈ ਅਤੇ ਇਲਾਕੇ ਦੀ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਹੈ।