ਮੋਗਾ: ਸੂਬੇ ‘ਚ ਆਏ ਦਿਨ ਵਿਆਹ ਸਮਾਗਮਾਂ ਤੇ ਕਦੇ ਪਾਰਟੀਆਂ ‘ਚ ਫਾਇਰਿੰਗ ਹੋਣ ਦੇ ਮਾਮਲੇ ਸਾਹਮਣੇ ਆਉਣਾ ਤਾਂ ਆਮ ਜਿਹੀ ਗੱਲ ਹੋ ਗਈ ਹੈ। ਤੇ ਹੁਣ ਤਾਂ ਨਗਰ ਕੀਰਤਨ ਤੇ ਅਰਦਾਸ ਵਿੱਚ ਵੀ ਹਵਾਈ ਫਾਇਰ ਹੋਣ ਲੱਗੇ ਹਨ ਇਸ ਸਬੰਧੀ ਪਿਛਲੇ ਇੱਕ ਹਫਤੇ ‘ਚ ਦੋ ਮਾਮਲੇ ਪੰਜਾਬ ਵਿੱਚ ਸਾਹਮਣੇ ਆਏ ਹਨ। ਨਗਰ ਕੀਰਤਨ ਵਿੱਚ ਫਾਇਰਿੰਗ ਕਰਨ ਦਾ ਮਾਮਲਾ 15 ਨਵੰਬਰ ਨੂੰ ਸੰਗਰੂਰ ਵਿੱਚ ਸਾਹਮਣੇ ਆਇਆ ਸੀ ਤੇ ਅਜਿਹਾ ਹੀ ਇੱਕ ਮਾਮਲਾ ਇਸੇ ਮਹੀਨੇ ‘ਚ ਮੰਡੀ ਗੋਬਿੰਦਗੜ੍ਹ ‘ਚ ਵੀ ਦੇਖਣ ਨੂੰ ਮਿਲਿਆ।
ਹੁਣ ਸੋਸ਼ਲ ਮੀਡੀਆ ‘ਤੇ ਇੱਕ ਅਜਿਹੀ ਇੱਕ ਹੋਰ ਵੀਡੀਓ ਵੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਅਰਦਾਸ ਕਰਦੇ ਹੋਏ ਗ੍ਰੰਥੀ ਸਿੰਘ ਹਵਾ ‘ਚ ਪਸਤੌਲ ਨਾਲ ਫਾਇਰਿੰਗ ਕਰਦੇ ਹੋਏ ਦਿਖਾਈ ਦੇ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਵੀਡੀਓ ‘ਚ ਫਾਇਰ ਕਰਨ ਵਾਲੇ ਗੁਰਦੁਆਰਾ ਤਖਤਪੁਰਾ ਸਾਹਿਬ ਦੇ ਮੈਨੇਜਰ ਅਤੇ ਗ੍ਰੰਥੀ ਰਜਿੰਦਰ ਸਿੰਘ ਹਨ ਤੇ ਤੇਜੀ ਨਾਲ ਵਾਇਰਲ ਹੋ ਰਹੀ ਇਹ ਵੀਡੀਓ 13 ਨਵੰਬਰ ਦੀ ਹੈ।
ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਅਰਦਾਸ ਹੋ ਰਹੀ ਹੈ ਤੇ ਗ੍ਰੰਥੀ ਸਿੰਘ ਹੱਥ ਜੋੜ੍ਹ ਕੇ ਅਰਦਾਸ ਕਰ ਰਿਹਾ ਹੈ ਤੇ ਜੈਕਾਰੇ ਲਗਾਉਂਦੇ ਹੀ ਹਵਾ ਵਿੱਚ ਫਾਇਰ ਕਰਦਾ ਹੈ। ਇੰਝ ਹੀ ਪੰਜ ਜੈਕਾਰਿਆ ਨਾਲ-ਨਾਲ ਫਾਇਰ ਕਰਦਾ ਜਾਂਦਾ ਹੈ।