Breaking News

ਗਰੀਬਾਂ ਲਈ ਲੰਗਰ ਪ੍ਰਥਾ ਬਣੀ ਸਹਾਰਾ! ਘਰਾਂ ‘ਚੋਂ ਨੇਤਾਵਾਂ ਦੀ ਸੰਪਰਕ ਮੁਹਿੰਮ

-ਜਗਤਾਰ ਸਿੰਘ ਸਿੱਧੂ

ਕੋਰੋਨਾਵਾਇਰਸ ਦੀ ਦੁਨੀਆ ਭਰ ‘ਚ ਮਹਾਂਮਾਰੀ ਦੀ ਦਹਿਸ਼ਤ ਨਾਲ ਝੰਬੇ ਮੁਲਕਾਂ ਵਿੱਚ ਅਜੇ ਵੀ ਸਰਕਾਰਾਂ ਦੇ ਇਲਾਵਾ ਕਈ ਸਮਾਜ ਸੇਵੀ ਜਥੇਬੰਦੀਆਂ ਅਤੇ ਲੋਕਾਂ ਦੇ ਆਗੂ ਮੁਸੀਬਤ ਮਾਰੇ ਲੋਕਾਂ ਦੀ ਬਾਂਹ ਫੜਨ ‘ਚ ਦਲੇਰੀ ਨਾਲ ਜੁਟੇ ਹੋਏ ਹਨ। ਇਸ ਸੰਕਟ ਦੀ ਘੜੀ ਭਾਰਤ ਨੂੰ ਵੀ 21 ਦਿਨ ਲਈ ਲਾਕਡਾਊਨ ਕਰ ਦਿੱਤਾ ਗਿਆ ਹੈ ਅਤੇ ਪੰਜਾਬ ਸਮੇਤ ਕਈ ਸੂਬਿਆਂ ਵਿੱਚ ਕਰਫਿਊ ਲੱਗਾ ਹੈ। ਇਸ ਸਥਿਤੀ ਵਿੱਚ ਸਭ ਤੋਂ ਵੱਡੀ ਮੁਸੀਬਤ ਪਿੰਡਾਂ ਅਤੇ ਸ਼ਹਿਰਾਂ ਦੇ ਗਰੀਬ ਪਰਿਵਾਰਾਂ ਲਈ ਬਣੀ ਹੋਈ ਹੈ। ਇਨ੍ਹਾਂ ਪਰਿਵਾਰਾਂ ਲਈ ਸਭ ਤੋਂ ਵੱਡੀ ਸਮੱਸਿਆ ਰਾਸ਼ਨ ਅਤੇ ਲੋੜੀਂਦੇ ਸਮਾਨ ਦੀ ਹੈ। ਅਜਿਹੇ ਪਰਿਵਾਰਾਂ ਦੀ ਮਦਦ ਲਈ ਔਖੀਆਂ ਪ੍ਰਸਥਿਤੀਆਂ ਦੇ ਬਾਵਜੂਦ ਪੰਜਾਬ ਵਿੱਚ ਕਈ ਥਾਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਰ ਸੰਸਥਾਵਾਂ ਅਤੇ ਆਗੂ ਮੈਦਾਨ ਵਿੱਚ ਨਿੱਤਰੇ ਹੋਏ ਹਨ। ਇਸ ਜ਼ਿੰਦਾਦਿਲੀ ਦਾ ਇੱਕ ਮਿਸਾਲ ਮਾਝੇ ਦਾ ਹਲਕਾ ਪੱਟੀ ਪੇਸ਼ ਕਰ ਰਿਹਾ ਹੈ। ਇਸ ਹਲਕੇ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਆਪਣੇ ਹਲਕੇ ਦੇ ਪਿੰਡਾਂ ਦੇ ਸਰਪੰਚਾਂ ਅਤੇ ਮੋਹਰੀ ਲੋਕਾਂ ਨਾਲ ਸੰਪਰਕ ਕਰਕੇ ਪਿੰਡਾਂ ਅਤੇ ਕਸਬਿਆਂ ਵਿੱਚ ਲੰਗਰ ਵੰਡਣ ਦੀ ਸਕੀਮ ਸ਼ੁਰੂ ਕੀਤੀ ਹੋਈ ਹੈ। ਹਲਕੇ ਵਿੱਚ ਸਰਕਾਰ ਵੱਲੋਂ ਗਰੀਬ ਪਰਿਵਾਰਾਂ ਦੀ ਰਾਸ਼ਨ ਦੀ ਮਦਦ ਲਈ ਆਇਆ ਪੈਸਾ ਲੰਗਰ ਲਈ ਪ੍ਰਸ਼ਾਸਨ ਦੀ ਮਦਦ ਨਾਲ ਇਸਤੇਮਾਲ ਕੀਤਾ ਜਾ ਰਿਹਾ ਹੈ। ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਅੰਦਰ ਇਸ ਮੰਤਵ ਲਈ ਗੁਰਦੁਆਰਾ ਸਾਹਿਬ ਦੀ ਮਦਦ ਲਈ ਜਾ ਰਹੀ ਹੈ। ਇਸ ਕੰਮ ਲਈ ਕੁਝ ਲੋਕਾਂ ਦੇ ਪਾਸ ਡੀ.ਸੀ. ਦਫਤਰ ਵੱਲੋਂ ਬਣਵਾ ਲਏ ਗਏ ਹਨ। ਇਹ ਲੋਕ ਸਥਾਨਕ ਲੋਕਾਂ ਦੀ ਮਦਦ ਨਾਲ ਗੁਰਦੁਆਰਾ ਸਾਹਿਬ ਵਿੱਚ ਰਾਸ਼ਨ ਇੱਕਠਾ ਕਰਕੇ ਲੰਗਰ ਤਿਆਰ ਕਰਦੇ ਹਨ। ਇਹ ਲੰਗਰ ਪਿੰਡਾਂ ਅਤੇ ਕਸਬਿਆਂ ਵਿੱਚ ਗਰੀਬ ਲੋਕਾਂ ਅੰਦਰ ਵਰਤਾਇਆ ਜਾਂਦਾ ਹੈ। ਇਹ ਅਜਿਹੀ ਮਿਸਾਲ ਹੈ ਜਿਹੜੀ ਕਿ ਦੂਜੇ ਹਲਕਿਆਂ ਅੰਦਰ ਵੀ ਗੁਰਦੁਆਰਾ ਸਾਹਿਬ ਦੀਆਂ ਸੇਵਾਵਾਂ ਨਾਲ ਗਰੀਬਾਂ ਨੂੰ ਲਾਕਡਾਊਨ ਦੀ ਸਥਿਤੀ ਵਿੱਚ ਲੰਗਰ ਮੁਹੱਈਆ ਕਰਵਾ ਸਕਦੀ ਹੈ। ਪੰਜਾਬ ਵਿੱਚ ਲੰਗਰ ਪ੍ਰਥਾ ਸਦੀਆਂ ਤੋਂ ਸਾਡੇ ਜੀਵਨ ਜਾਂਚ ਦਾ ਇੱਕ ਅਹਿਮ ਹਿੱਸਾ ਹੈ। ਹਰ ਪਿੰਡ ਅਤੇ ਕਸਬੇ ਅੰਦਰ ਇਸ ਪ੍ਰਥਾ ਨਾਲ ਗਰੀਬ ਪਰਿਵਾਰਾਂ ਨੂੰ ਸੰਕਟ ਦੇ ਸਮੇਂ ਵਿੱਚ ਭੁੱਖਮਰੀ ਤੋਂ ਬਚਾਇਆ ਜਾ ਸਕਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਇਸ ਸਬੰਧੀ ਕਈ ਥਾਂ ਪਹਿਲ ਕਰਕੇ ਪ੍ਰਸ਼ਾਸਨ ਨੂੰ ਗਰੀਬਾਂ ਲਈ ਲੰਗਰ ਸੇਵਾ ਦੇਣ ਲਈ ਸੰਪਰਕ ਕੀਤਾ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੌਲੀ ਦਾ ਕਹਿਣਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜ਼ਿਲ੍ਹਾ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਪੁਲੀਸ ਮੁੱਖੀਆਂ ਨੂੰ ਪੱਤਰ ਲਿਖ ਕੇ ਲੋੜਵੰਦ ਅਤੇ ਗਰੀਬਾਂ ਦੀ ਮਦਦ ਲਈ ਲੰਗਰ ਦੀ ਸੇਵਾ ਦੀ ਪੇਸ਼ਕਸ਼ ਕੀਤੀ ਗਈ ਹੈ। ਸ਼੍ਰੋਮਣੀ ਕਮੇਟੀ ਦੀ ਪੇਸ਼ਕਸ਼ ਚੰਗਾ ਕਦਮ ਹੈ ਪਰ ਜ਼ਿਲ੍ਹਾ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਇਸ ਨੂੰ ਵਧੇਰੇ ਪ੍ਰਭਾਵਸ਼ਾਲੀ ਬਨਾਉਣ ਦੀ ਲੋੜ ਹੈ ਤਾਂ ਜੋ ਇਸ ਮਰਿਆਦਾ ਨੂੰ ਸੰਕਟ ਦੀ ਘੜੀ ਗਰੀਬ ਲੋਕਾਂ ਦਾ ਸਹਾਰਾ ਬਣਾਇਆ ਜਾ ਸਕੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਤੌਰ ‘ਤੇ ਕਈ ਇਲਾਕਿਆਂ ਵਿੱਚ ਲੰਗਰ ਵਰਤਾ ਵੀ ਰਹੀ ਹੈ।

ਸ਼੍ਰੋਮਣੀ ਕਮੇਟੀ ਦੀ ਪੇਸ਼ਕਸ਼

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੌਲੀ ਦਾ ਇਹ ਵੀ ਕਹਿਣਾ ਹੈ ਕਿ ਕੋਰੋਨਾਵਾਇਰਸ ਦੇ ਮਰੀਜ਼ਾਂ ਲਈ ਪੇਸ਼ਕਸ਼ ਕੀਤੀ ਗਈ ਹੈ ਕਿ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੀਆਂ ਸੇਵਾਵਾਂ ਮਰੀਜ਼ਾਂ ਜਾਂ ਸ਼ੱਕੀ ਮਰੀਜ਼ਾਂ ਨੂੰ ਅਲੱਗ ਰੱਖਣ ਲਈ ਲਈਆਂ ਜਾ ਸਕਦੀਆਂ ਹਨ। ਉਨ੍ਹਾਂ ਨੇ ਸਰਕਾਰ ਨੂੰ ਵੀ ਸੁਝਾਅ ਦਿੱਤਾ ਹੈ ਕਿ ਪਿੰਡਾਂ ਅੰਦਰ ਪਾਸ ਜਾਰੀ ਕਰਕੇ ਸਬਜ਼ੀਆਂ ਵੇਚਣ ਦੀ ਆਗਿਆ ਦਿੱਤੀ ਜਾਵੇ ਤਾਂ ਇਸ ਨਾਲ ਕੋਈ ਪੇਂਡੂ ਸ਼ਹਿਰਾਂ ਅੰਦਰ ਸਬਜ਼ੀ ਖਰੀਦਣ ਨਹੀਂ ਜਾਵੇਗਾ ਅਤੇ ਸ਼ਹਿਰਾਂ ਅੰਦਰ ਭੀੜ ਵੀ ਨਹੀਂ ਹੋਵੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਖਤਰਨਾਕ ਬਿਮਾਰੀ ਲਈ ਸਾਵਧਾਨੀ ਜ਼ਰੂਰ ਰੱਖੋ ਪਰ ਚੜ੍ਹਦੀਕਲਾ ਵਿੱਚ ਰਹਿ ਕੇ ਟਾਕਰਾ ਕਰਨ ਦੀ ਜ਼ਰੂਰਤ ਹੈ।

ਆਪ ਦੀ ਮੁੰਹਿਮ

ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਵਿਧਾਇਕ ਅਮਨ ਅਰੋੜਾ ਦਾ ਕਹਿਣਾ ਹੈ ਕਿ ਘਰ ਅੰਦਰ ਰਹਿਣਾ ਸਮੇਂ ਦੀ ਮਜ਼ਬੂਰੀ ਹੈ ਪਰ ਘਰਾਂ ਵਿੱਚ ਰਹਿ ਕੇ ਹੀ ਲੋਕ ਬਿਮਾਰੀ ਦਾ ਟਾਕਰਾ ਕਰ ਸਕਦੇ ਹਨ। ਉਹ ਟੈਲੀਫੋਨ ਰਾਹੀਂ ਪ੍ਰਸਾਸ਼ਨ ਕੋਲ ਲੋਕਾਂ ਦੀਆਂ ਮੁਸ਼ਕਲਾਂ ਵੀ ਪਹੁੰਚਾ ਰਹੇ ਹਨ। ਆਪ ਦੇ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨਾਲ ਫੋਨ ‘ਤੇ ਸੰਪਰਕ ਕੀਤਾ ਗਿਆ ਤਾਂ ਉਹ ਡਿਪਟੀ ਕਮਿਸ਼ਨਰ ਕੋਲ ਬੈਠੇ ਲੋਕਾਂ ਦੀਆਂ ਕਰਫਿਊ ਨਾਲ ਸਬੰਧਤ ਮੁਸ਼ਕਲਾਂ ਸਾਂਝੀਆਂ ਕਰ ਰਹੇ ਸਨ। ਉਨ੍ਹਾਂ ਵੱਲੋਂ ਵੀ ਗੁਰਦੁਆਰਾ ਸਾਹਿਬ ਦੇ ਸਹਿਯੋਗ ਨਾਲ ਲੰਗਰ ਤਿਆਰ ਕਰਕੇ ਗਰੀਬਾਂ ਤੱਕ ਪਹੁੰਚਾਉਣ ਦੀ ਸਕੀਮ ਜ਼ਿਲ੍ਹਾ ਅਧਿਕਾਰੀਆਂ ਨਾਲ ਵਿਚਾਰੀ ਗਈ ਹੈ।

ਭਾਜਪਾ ਸਰਗਰਮ

ਭਾਜਪਾ ਨੇਤਾ ਅਤੇ ਬੁਲਾਰੇ ਹਰਜੀਤ ਸਿੰਘ ਗਰੇਵਾਲ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਹਮਾਇਤੀ ਵੀ ਗਰੀਬ ਵਰਗਾਂ ਵਿੱਚ ਲੰਗਰ ਦੀ ਸੇਵਾ ਕਰ ਰਹੇ ਹਨ। ਗਰੇਵਾਲ ਨੇ ਕਿਸਾਨ ਦੀਆਂ ਮੁਸ਼ਕਲਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਹੈ ਕਿ ਹਾੜੀ ਦੀ ਫਸਲ ਦੀ ਕਟਾਈ ਆਉਣ ਵਾਲੀ ਹੈ। ਇਸ ਲਈ ਕੇਂਦਰ ਅਤੇ ਰਾਜ ਸਰਕਾਰ ਯਕੀਨੀ ਬਣਾਏ ਕਿ ਕਿਸਾਨ ਨੂੰ ਫਸਲ ਕੱਟਣ ਅਤੇ ਮੰਡੀ ਵਿੱਚ ਵੇਚਣ ਦੀ ਕੋਈ ਮੁਸ਼ਕਲ ਨਾ ਆਏ। ਉਨ੍ਹਾਂ ਨੇ ਪਿੰਡਾਂ ਵਾਲਿਆਂ ਨੂੰ ਵੀ ਅਪੀਲ ਕੀਤੀ ਹੈ ਕਿ ਸੱਥ ਵਿੱਚ ਬੈਠ ਕੇ ਤਾਸ਼ ਖੇਡਣੀ ਬੰਦ ਕੀਤੀ ਜਾਵੇ ਅਤੇ ਧਾਰਮਿਕ ਸੰਸਥਾਵਾਂ ਅੰਦਰ ਵੀ ਸਾਵਧਾਨੀ ਵਰਤੀ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਫੋਨ ‘ਤੇ ਜ਼ਿਲ੍ਹਾ ਅਧਿਕਾਰੀਆਂ ਨਾਲ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਸਰਗਰਮ ਰਹਿੰਦੇ ਹਨ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੋਰੋਨਾਵਾਇਰਸ ਦੇ ਟੈਸਟ ਗਰੀਬ ਪਰਿਵਾਰਾਂ ਲਈ ਮੁਫਤ ਕਰਵਾਏ ਜਾਣ ਕਿਉਂ ਜੋ ਕੋਈ ਵੀ ਗਰੀਬ ਪਰਿਵਾਰ ਮਹਿੰਗੇ ਭਾਅ ਦਾ ਟੈਸਟ ਨਹੀਂ ਕਰਵਾ ਸਕਦਾ। ਇਸ ਤਰ੍ਹਾਂ ਵੱਖ-ਵੱਖ ਪਾਰਟੀਆਂ ਦੇ ਆਗੂਆਂ ਵੱਲੋਂ ਆਪਣੇ ਲੋਕਾਂ ਨਾਲ ਜੁੜੇ ਰਹਿਣ ਲਈ ਸਰਗਰਮੀ ਤਾਂ ਬਣਾਈ ਹੋਈ ਹੈ ਪਰ ਸਿੱਧੇ ਤੌਰ ‘ਤੇ ਕੋਈ ਸਰਗਰਮੀ ਨਹੀਂ ਕਰ ਰਹੇ ਅਤੇ ਨਾ ਹੀ ਅਜਿਹਾ ਸੰਭਵ ਹੈ।


Check Also

ਮੰਡੀਆਂ ‘ਚ ਕਿਉਂ ਰੁਲੇ ਕਿਸਾਨ ਦੀ ਫਸਲ ?

-ਜਗਤਾਰ ਸਿੰਘ ਸਿੱਧੂ ਐਡੀਟਰ; ਪੰਜਾਬ ਦੀਆਂ ਮੰਡੀਆਂ ‘ਚ ਕਣਕ ਦੀ ਖਰੀਦ ਸਰਕਾਰੀ ਖਰੀਦ ਏਜੰਸੀਆਂ ਵਲੋਂ …

Leave a Reply

Your email address will not be published.