Breaking News

ਮਹਾਂਮਾਰੀ ਦੇ ਟਾਕਰੇ ਲਈ ਵੱਡੇ ਐਲਾਨ ਪਰ ਅਮਲਾਂ ਨਾਲ…?

-ਜਗਤਾਰ ਸਿੰਘ ਸਿੱਧੂ

ਕੋਰੋਨਾਵਾਇਰਸ ਦੀ ਮਹਾਂਮਾਰੀ ਦੇ ਟਾਕਰੇ ਲਈ ਮੌਜੂਦਾ ਔਖੀਆਂ ਪ੍ਰਸਥਿਤੀਆਂ ਅੰਦਰ ਜ਼ਰੂਰੀ ਸੇਵਾਵਾਂ ਬਹਾਲ ਰੱਖਣ ਲਈ ਸੇਵਾ ਕਰ ਰਹੇ ਵੱਖ-ਵੱਖ ਵਰਗਾਂ ਦੇ ਲੋਕਾਂ ਨੂੰ ਥਾਪੜਾ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤਾੜੀਆਂ ਅਤੇ ਥਾਲੀਆਂ ਵਜਾਉਣ ਦੇ ਸੱਦੇ ਨੂੰ ਦੇਸ਼ ਭਰ ਦੇ ਲੋਕਾਂ ਨੇ ਹੁੰਗਾਰਾ ਭਰਿਆ ਪਰ ਜ਼ਮੀਨੀ ਹਕੀਕਤਾਂ ਬਹੁਤ ਵੱਖਰੀਆਂ ਹਨ। ਜਨਤਾ ਕਰਫਿਊ ਦੌਰਾਨ ਕਾਫੀ ਲੋਕਾਂ ਨੇ ਜਲੂਸ/ਗਰੁੱਪਾਂ ਦੀ ਸ਼ਕਲ ਵਿੱਚ ਇੱਕਠੇ ਹੋ ਕੇ ਥਾਲੀਆਂ ਵਜਾਈਆਂ ਅਤੇ ਨਾਅਰੇਬਾਜ਼ੀ ਕੀਤੀ। ਇਸ ਤਰ੍ਹਾਂ ਦੇ ਦ੍ਰਿਸ਼ਾਂ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ ਅਤੇ ਗਰੁੱਪਾਂ ਵਿੱਚ ਘੁੰਮ ਰਹੀਆਂ ਹਨ। ਪੰਜਾਬ ਅੰਦਰ ਇਸ ਤਰ੍ਹਾਂ ਗਰੁੱਪਾਂ ਵਿਚ ਜਾ ਕੇ ਥਾਲੀਆਂ ਵਜਾਉਣ ਵਾਲੇ ਕੁਝ ਲੋਕਾਂ ਵਿਰੁੱਧ ਪੁਲੀਸ ਨੇ ਕੇਸ ਵੀ ਦਰਜ ਕੀਤੇ ਹਨ। ਜਿਸ ਖਤਰੇ ਦੇ ਟਾਕਰੇ ਲਈ ਪ੍ਰਧਾਨ ਮੰਤਰੀ ਵੱਲੋਂ ਸੱਦਾ ਦਿੱਤਾ ਗਿਆ ਸੀ, ਗਰੁੱਪਾਂ ਵਿੱਚ ਜਾਣ ਵਾਲੇ ਲੋਕਾਂ ਨੇ ਉਸ ਹੀ ਖਤਰੇ ਬਾਰੇ ਆਪਣੀ ਨਾ ਸਮਝੀ ਅਤੇ ਅਗਿਆਨਤਾ ਦਾ ਪ੍ਰਗਟਾਵਾ ਕੀਤਾ। ਸਾਡੇ ਕਈ ਰਾਜਸੀ ਨੇਤਾ ਅਤੇ ਮੁਹੱਲਿਆਂ ਦੇ ਚੌਧਰੀ ਇਹ ਸਮਝਣ ਤੋਂ ਅਸਮਰਥ ਹਨ ਕਿ ਕੋਰੋਨਾਵਾਇਰਸ ਮਹਾਂਮਾਰੀ ਹੈ, ‘ਕਿਸੇ ਨੇਤਾ ਦੀ ਰੈਲੀ ਨਹੀਂ’ ਜਿੱਥੇ ਭੀੜਾਂ ਜੁਟਾਈਆਂ ਜਾਂਦੀਆਂ ਹਨ। ਦੇਸ਼ ਦੀ ਵਿੱਤ ਮੰਤਰੀ ਵੱਲੋਂ ਕਰ ਅਦਾ ਕਰਨ ਵਾਲਿਆਂ ਲਈ 31 ਮਾਰਚ ਦੀ ਥਾਂ ਹੁਣ ਸਮਾਂ 30 ਜੂਨ ਤੱਕ ਕਰ ਦਿੱਤਾ ਹੈ ਕੁਝ ਹੋਰ ਰਿਆਇਤਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ ਪਰ ਇਸ ਨਾਲੋਂ ਵੀ ਹੇਠਲੀ ਪੱਧਰ ‘ਤੇ ਵੱਡੀਆਂ ਰਿਆਇਤਾਂ/ਮਦਦ ਦਿੱਤੇ ਜਾਣ ਦੀ ਜ਼ਰੂਰਤ ਹੈ।

ਆਮ ਲੋਕਾਂ ਨੂੰ ਕੋਰੋਨਾਵਾਇਰਸ ਦੀ ਮਹਾਂਮਾਰੀ ਤੋਂ ਬਚਾਉਣ ਲਈ ਪ੍ਰਧਾਨ ਮੰਤਰੀ ਦੇ ਜਨਤਾ ਕਰਫਿਊ ਬਾਅਦ ਵੱਖ-ਵੱਖ ਰਾਜਾਂ ਦੀਆਂ ਸਰਕਾਰਾਂ ਵੱਲੋਂ ਲੋਕਾਂ ਨੂੰ ਘਰਾਂ ਵਿੱਚ ਰੱਖਣ ਵਾਸਤੇ ਕਈ ਫੌਰੀ ਕਦਮ ਚੁੱਕੇ ਗਏ ਹਨ। ਤਕਰੀਬਨ ਸਾਰੇ ਰਾਜਾਂ ਨੇ ਲਾਕਡਾਊਨ ਕਰ ਦਿੱਤਾ ਹੈ ਤਾਂ ਜੋ ਬਿਮਾਰੀ ਨੂੰ ਅੱਗੇ ਸੰਪਰਕ ਰਾਹੀਂ ਫੈਲਣ ਤੋਂ ਰੋਕਿਆ ਜਾ ਸਕੇ। ਪੰਜਾਬ ਸਮੇਤ ਕਈ ਰਾਜਾਂ ਅੰਦਰ ਲੋਕਾਂ ਵੱਲੋਂ ਲਾਕਡਾਊਨ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ ਤਾਂ ਸਰਕਾਰਾਂ ਨੂੰ ਹੋਰ ਸਖਤ ਕਦਮ ਚੁੱਕਣੇ ਪਏ ਹਨ। ਪੰਜਾਬ ਅਤੇ ਚੰਡੀਗੜ੍ਹ ਨੇ ਕਰਫਿਊ ਲਗਾ ਦਿੱਤਾ ਹੈ। ਇਸ ਨਾਲ ਫੌਰੀ ਤੌਰ ‘ਤੇ ਸਭ ਕੁਝ ਬੰਦ ਹੋਣ ਕਾਰਨ ਲੋਕਾਂ ਨੂੰ ਮੁਸ਼ਕਲਾਂ ਵੀ ਆਈਆਂ ਹਨ। ਰਾਸ਼ਨ ਦੀਆਂ ਦੁਕਾਨਾਂ ‘ਤੇ ਭੀੜਾਂ ਲਗ ਗਈਆਂ ਕਿ ਕਰਫਿਊ ਲਾਗੂ ਹੋਣ ਤੋਂ ਪਹਿਲਾਂ ਸਮਾਨ ਖਰੀਦ ਲੈਣ। ਮਨੁੱਖੀ ਸੁਭਾਅ ਹੈ ਕਿ ਸੰਕਟ ਵੇਲੇ ਲੋੜ ਨਾਲੋਂ ਵਧੇਰੇ ਸਮਾਨ ਜਮਾ ਕਰ ਲੈਂਦੇ ਹਨ ਜਦੋਂ ਕਿ ਇਹ ਸੁਭਾਅ ਹੋਰਾਂ ਲਈ ਮੁਸ਼ਕਲ ਖੜ੍ਹੀ ਕਰ ਦਿੰਦਾ ਹੈ। ਬਜ਼ਾਰ ਵਿੱਚ ਲੋੜੀਂਦੀਆਂ ਵਸਤਾਂ ਦੀ ਘਾਟ ਆ ਜਾਂਦੀ ਹੈ। ਕੇਵਲ ਐਨਾ ਹੀ ਨਹੀਂ ਸਗੋਂ ਮਹਿੰਗੇ ਭਾਅ ਸਮਾਨ ਖਰੀਦਣਾ ਪੈਂਦਾ ਹੈ। ਅਜਿਹੇ ਮੌਕਿਆਂ ‘ਤੇ ਸੰਕਟ ਦਾ ਫਾਇਦਾ ਲੈਣ ਵਾਲੇ ਚੰਦ ਦਮੜਿਆਂ ਪਿੱਛੇ ਮਾਨਵਤਾ ਨਾਲ ਧ੍ਰੋਹ ਕਮਾਉਂਦੇ ਹਨ। ਉਂਝ ਵੀ ਕਰਫਿਊ ਕਰਕੇ ਆਮ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਮਹਾਂਮਾਰੀ ਦੇ ਟਾਕਰੇ ਲਈ ਮੌਜੂਦਾ ਪ੍ਰਸਥਿਤੀਆਂ ਵਿੱਚ ਇਹ ਹੀ ਸਹੀ ਕਦਮ ਹੈ। ਲੋਕ ਆਪਣੇ ਘਰਾਂ ਵਿੱਚ ਚਲੇ ਗਏ ਹਨ ਅਤੇ ਬਿਮਾਰੀ ਦੀ ਲੜੀ ਤੋੜਨ ਵਿੱਚ ਮਦਦ ਮਿਲੇਗੀ। ਮਾਹਿਰਾਂ ਦੀ ਵੀ ਰਾਇ ਹੈ ਕਿ ਜੇਕਰ ਬਿਮਾਰੀ ਸਥਾਨਕ ਲੋਕਾਂ ਦੇ ਗਰੁੱਪਾਂ ਵਿੱਚ ਫੈਲ ਗਈ ਤਾਂ ਬਿਮਾਰੀ ਨੂੰ ਕਾਬੂ ਕਰਨਾ ਬਹੁਤ ਮੁਸ਼ਕਲ ਹੋਵੇਗਾ। ਇਸ ਮੁਹਿੰਮ ਦਾ ਹਾਂ ਪੱਖੀ ਨਤੀਜਾ ਇਹ ਵੀ ਆਇਆ ਹੈ ਕਿ ਲੋਕਾਂ ਨੇ ਆਪਸੀ ਮੇਲ-ਜੋਲ ਬੰਦ ਹੀ ਕਰ ਦਿੱਤਾ ਹੈ। ਕਈਆਂ ਨੇ ਆਪਣੇ ਘਰਾਂ ਅੱਗੇ ਲਿਖਕੇ ਲਾ ਦਿੱਤਾ ਹੈ ਕਿ 31 ਮਾਰਚ ਤੱਕ ਕੋਈ ਘਰ ਅੰਦਰ ਨਾ ਆਵੇ। ਇੱਥੋਂ ਤੱਕ ਕਿ ਘਰਾਂ ਅੰਦਰ ਕੰਮ ਕਰਨ ਲਈ ਆਉਣ ਵਾਲਿਆਂ ਨੂੰ ਵੀ ਰੋਕ ਦਿੱਤਾ ਗਿਆ ਹੈ। ਪਿੱਛਲੇ ਦਿਨੀਂ ਬਾਹਰੋਂ ਆਏ ਕਿਸੇ ਵੀ ਪ੍ਰਵਾਸੀ ਬਾਰੇ ਪੁਲੀਸ ਪੁੱਛਗਿੱਛ ਕਰਦੀ ਹੈ। ਇਸ ਦਾ ਮੰਤਵ ਕਿਸੇ ਮਰੀਜ਼ ਨੂੰ ਦੂਜਿਆਂ ਦੇ ਸੰਪਰਕ ਵਿੱਚ ਆਉਣ ਤੋਂ ਰੋਕਣਾ ਹੈ। ਪੰਜਾਬ ਦੇ ਜ਼ਿਲ੍ਹਾ ਨਵਾਂਸ਼ਹਿਰ ਵਿੱਚ ਇਸ ਵੇਲੇ ਇਸ ਬਿਮਾਰੀ ਦੇ ਸਭ ਤੋਂ ਵਧੇਰੇ ਕੇਸ ਪਾਏ ਗਏ ਹਨ। ਇਸ ਦਾ ਵੱਡਾ ਕਾਰਨ ਵੀ ਬਾਹਰੋਂ ਆਇਆ ਵਿਅਕਤੀ ਬਲਦੇਵ ਸਿੰਘ ਸੀ। ਉਹ ਆਪ ਵੀ ਜ਼ਿੰਦਗੀ ਤੋਂ ਹੱਥ ਧੋ ਬੈਠਾ ਅਤੇ ਕਈ ਹੋਰਾਂ ਲਈ ਵੀ ਮੁਸੀਬਤ ਖੜ੍ਹੀ ਕਰ ਗਿਆ। ਸਰਕਾਰਾਂ ਵੱਲੋਂ ਲਏ ਕਦਮਾਂ ਦੇ ਚੰਗੇ ਨਤੀਜਿਆਂ ਦੀ ਲੋਕ ਹਮਾਇਤ ਕਰ ਰਹੇ ਹਨ।

ਮੌਜੂਦਾ ਪ੍ਰਸਥਿਤੀਆਂ ਵਿੱਚ ਇਹ ਵੀ ਅਹਿਮ ਸੁਆਲ ਹੈ ਕਿ ਆਮ ਲੋਕਾਂ ਨੂੰ ਘਰਾਂ ਵਿੱਚ ਬੰਦ ਕਰਨਾ ਅਤੇ ਮੇਲ-ਜੋਲ ਰੋਕ ਦੇਣਾ ਤਾਂ ਠੀਕ ਹੈ ਪਰ ਸਾਡੀਆਂ ਸਰਕਾਰਾਂ ਅਤੇ ਰਾਜਸੀ ਲੀਡਰਸ਼ਿਪ ਕੀ ਕਰ ਰਹੀਆਂ ਹਨ? ਪ੍ਰਧਾਨ ਮੰਤਰੀ ਮੋਦੀ ਨੇ ਲੋਕਾਂ ਨੂੰ ਬਚਾਉਣ ਲਈ ਲੱਗੀਆਂ ਟੀਮਾਂ ਨੂੰ ਸ਼ਾਬਾਸ਼ ਦੇਣ ਲਈ ਤਾਲੀਆਂ ਅਤੇ ਥਾਲੀਆਂ ਵਜਾਉਣ ਲਈ ਤਾਂ ਆਖ ਦਿੱਤਾ ਪਰ ਇਸ ਸੰਕਟ ਵਿੱਚ ਕੇਂਦਰ ਸਰਕਾਰ ਰਾਜਾਂ ਦੀ ਕਿੰਨੀ ਮਦਦ ਕਰ ਰਹੀ ਹੈ?

ਰਾਜਾਂ ਕੋਲ ਸਿਹਤ ਵਿਭਾਗ ਦੀਆਂ ਕਿੰਨੀਆਂ ਮਜ਼ਬੂਤ ਟੀਮਾਂ ਹਨ ਅਤੇ ਕਿਹੜੇ ਸਾਧਨਾਂ ਨਾਲ ਲੈਂਸ ਹਨ। ਲੋਕਾਂ ਨੂੰ ਜਾਗਰੂਕ ਕਰਨਾ ਤਾਂ ਠੀਕ ਹੈ ਪਰ ਆਜ਼ਾਦੀ ਦੇ 70 ਸਾਲ ਬਾਅਦ ਆਏ ਕਿਸੇ ਵੱਡੇ ਸੰਕਟ ਲਈ ਸਰਕਾਰਾਂ ਦੇ ਕਿੰਨੇ ਬੰਦੌਬਸਤ ਹਨ। ਇੱਕ ਮਿਸਾਲ ਮੱਧ ਪ੍ਰਦੇਸ਼ ਦੀ ਵੇਖ ਲਓ ਜਿੱਥੇ ਕਿ ਭਾਜਪਾ ਨੇ ਕਾਂਗਰਸ ਨੂੰ ਢਾਹ ਕੇ ਕਮਲ ਦਾ ਫੁੱਲ ਖਿੜਾਇਆ ਹੈ। ਮੱਧ ਪ੍ਰਦੇਸ਼ ਵਿੱਚ ਜਬਲਪੁਰ ਸਰਕਾਰੀ ਹਸਪਤਾਲ ਦਾ ਮੁੱਖੀ ਮੀਡੀਆ ਨੂੰ ਆਖ ਰਿਹਾ ਹੈ ਕਿ ਹਸਪਤਾਲ ਦੇ ਸਾਰੇ ਡਾਕਟਰਾਂ ਲਈ ਲੋੜੀਂਦੇ ਮਾਸਕ ਵੀ ਨਹੀਂ ਹਨ। ਮੋਹਾਲੀ (ਪੰਜਾਬ) ਦਾ ਇੱਕ ਜ਼ਿਲ੍ਹਾ ਅਧਿਕਾਰੀ ਆਖ ਰਿਹਾ ਹੈ ਕਿ ਹਸਪਤਾਲਾਂ ਵਿੱਚ ਵੈਂਟੀਲੇਟਰ ਹੀ ਨਹੀਂ ਹਨ। ਜੇਕਰ ਪੀ.ਜੀ.ਆਈ. (ਚੰਡੀਗੜ੍ਹ) ਵਰਗੀ ਸੰਸਥਾ ਵਿੱਚ ਕਈ ਵਾਰ ਮਰੀਜ਼ ਨੂੰ ਆਈ.ਸੀ.ਯੂ. ਵਿੱਚ ਬੈੱਡ ਦੁਆਉਣ ਲਈ ਕਿਸੇ ਮੰਤਰੀ/ਐੱਮ.ਸੀ. ਜਾਂ ਆਈ.ਏ.ਐੱਸ. ਤੋਂ ਸਿਫਾਰਸ਼ ਕਰਵਾਉਣੀ ਪਵੇ ਤਾਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਚੰਦਰਮਾ ਦੀ ਮਿੱਟੀ ਦੀ ਖੋਜ ਲਈ ਕਰੋੜਾਂ ਰੁਪਏ ਖਰਚ ਕਰਨ ਵਾਲੇ ਦੇਸ਼ ਦੇ ਇਨ੍ਹਾਂ ਆਮ ਲੋਕਾਂ ਦੀ ਇਸ “ਮਾਤਲੋਕ” ਵਿੱਚ ਕਿਹੋ ਜਿਹੀ ਹਾਲਤ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾਵਾਇਰਸ ਬਿਮਾਰੀ ਦੇ ਟਾਕਰੇ ਲਈ 150 ਕਰੋੜ ਰੁਪਏ ਕੇਂਦਰ ਤੋਂ ਵਿਸ਼ੇਸ਼ ਗ੍ਰਾਂਟ ਦੇ ਤੌਰ ‘ਤੇ ਮੰਗੇ ਹਨ। ਪੰਜਾਬ ਦੀ ਤਰ੍ਹਾਂ ਬਹੁਤੇ ਸੂਬਿਆਂ ਦੀ ਹਾਲਤ ਵੀ ਅਜਿਹੀ ਹੈ ਜਿੱਥੇ ਸਿਹਤ ਲਈ ਰੱਖੇ ਬਜਟ ਨਾਲ ਮਰੀਜ਼ਾਂ ਦੇ ਹੰਝੂ ਹੀ ਪੂੰਝੇ ਜਾ ਸਕਦੇ ਹਨ?

ਲੋਕ ਤਾਂ ਘਰਾਂ ਵਿੱਚ ਨਜ਼ਰਬੰਦ ਹੋ ਗਏ ਹਨ ਪਰ ਮੈਦਾਨ ਵਿੱਚ ਨਿੱਤਰੀਆਂ ਸਰਕਾਰਾਂ ਆਪਣੇ ਲੋਕਾਂ ਨੂੰ ਬਚਾਉਣ ਲਈ ਕਿੰਨੇ ਸਾਧਨ ਜੁਟਾਉਂਦੀਆਂ ਹਨ? ਇਸ ਦਾ ਪਤਾ ਆਉਣ ਵਾਲੇ ਦਿਨਾਂ ਵਿੱਚ ਲੱਗੇਗਾ। ਇਸ ਸੰਕਟ ਦੀ ਘੜੀ ਸਾਰੇ ਵਖਰੇਵਿਆਂ ਤੋਂ ਉੱਪਰ ਉੱਠ ਕੇ ਹਰ ਸੰਭਵ ਕਦਮ ਚੁਕਦਿਆਂ ਦੇਸ਼ ਨੂੰ ਬਚਾਉਣ ਦੀ ਲੋੜ ਹੈ। ਕੇਂਦਰ ਵੱਲੋਂ ਕਈ ਵੱਡੇ ਕਦਮ ਚੁੱਕੇ ਗਏ ਹਨ ਪਰ ਹੇਠਲੀ ਪੱਧਰ ‘ਤੇ ਮਹਾਂਮਾਰੀ ਦੇ ਟਾਕਰੇ ਲਈ ਅਜੇ ਬਹੁਤ ਕੁਝ ਹੋਰ ਕਰਨ ਦੀ ਜ਼ਰੂਰਤ ਹੈ। ਪ੍ਰਧਾਨ ਮੰਤਰੀ ਮੋਦੀ ਨੇ ਦੂਜੀ ਵਾਰ ਇਸ ਮੁੱਦੇ ‘ਤੇ ਅੱਜ ਦੇਰ ਨਾਲ ਦੇਸ਼ ਦੇ ਲੋਕਾਂ ਨੂੰ ਸੰਬੋਧਨ ਕੀਤਾ ਹੈ। ਸਾਰੇ ਐਲਾਨਾਂ ਦਾ ਨਿਚੋੜ ਇੱਕੋ ਹੈ ਕਿ ਫੈਸਲੇ ਤਾਂ ਠੀਕ ਪਰ ਅਮਲਾਂ ਨਾਲ ਹੋਣਗੇ ਨਬੇੜੇ!

Check Also

ਭਾਰਤ ਵਿਚ ਪ੍ਰੈੱਸ ਦੀ ਆਜ਼ਾਦੀ ! ਕਿੰਨੀ ਸੱਚੀ ?

ਜਗਤਾਰ ਸਿੰਘ ਸਿੱਧੂ ਮੈਨੇਜਿੰਗ ਐਡੀਟਰ ਭਾਰਤ ਵਿਚ ਪ੍ਰੈੱਸ ਦੀ ਆਜ਼ਾਦੀ ? ਕਿੰਨੀ ਸੱਚੀ ? ਇਹ …

Leave a Reply

Your email address will not be published. Required fields are marked *