ਕੈਬਨਿਟ ਚੋਂ ਹਟੇ ਸਿੱਧੂ ਨੂੰ ਹੁਣ ਸਿਆਸਤ ਚੋਂ ਹਟਾਉਣ ਦੀ ਤਿਆਰੀ ? ਸਿੱਧੂ ਨੇ ਕਰਨਾ ਸੀ ਪ੍ਰੋਜੈਕਟ ਦਾ ਉਦਘਾਟਨ, ਸੋਨੀ ਇਕ ਦਿਨ ਪਹਿਲਾਂ ਈ ਕਰ ਗਏ!

TeamGlobalPunjab
4 Min Read

ਅੰਮ੍ਰਿਤਸਰ : ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਉੱਠੇ ਵਿਵਾਦ ਤੋਂ ਬਾਅਦ ਵਜਾਰਤ ਚੋਂ ਅਸਤੀਫਾ ਦੇ ਕੇ ਬੇਸ਼ੱਕ ਚੁੱਪ ਕਰਕੇ ਘਰ ਬੈਠ ਗਏ ਹਨ, ਪਰ ਇੰਝ ਜਾਪਦਾ ਹੈ ਕਿ ਸੂਬੇ ਦੀ ਸਿਆਸਤ ਚ ਹੁਣ ਉਨ੍ਹਾਂ ਦਾ ਅਗਲਾ ਦੌਰ ਬੇਹੱਦ ਮੁਸ਼ਕਲਾਂ ਭਰਿਆ ਆਉਣ ਵਾਲਾ ਹੈ ਕਿਉਂਕਿ ਹੁਣ ਸਿੱਧੂ ਨੂੰ ਸਥਾਨਕ ਪੱਧਰ ਦੇ ਉਨ੍ਹਾਂ ਕਾਂਗਰਸੀ ਆਗੂਆਂ ਤੋਂ ਵੀ ਚੁਨੌਤੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ ਜਿਹਡ਼ੇ ਕੈਪਟਨ ਵਜ਼ਾਰਤ ਵਿੱਚ ਮੰਤਰੀ ਹਨ। ਅਜਿਹਾ ਕਿਹਾ ਜਾ ਰਿਹਾ ਹੈ ਇੱਥੋਂ ਦੇ ਝਭਾਲ ਰੋਡ ਸਥਿਤ ਗੰਦੇ ਨਾਲੇ ਨੂੰ ਸਾਫ ਕਰਨ ਵਾਲੇ ਇੱਕ ਪ੍ਰੋਜੈਕਟ ਦੇ ਉਦਘਾਟਨ ਮੌਕੇ ਵਾਪਰੀ ਉਸ ਘਟਨਾ ਨੂੰ ਆਧਾਰ ਬਣਾ ਕੇ, ਜਿਸ ਦਾ ਉਦਘਾਟਨ ਕਰਨਾ ਤਾਂ ਸਿੱਧੂ ਨੇ ਸੀ, ਉਦਘਾਟਨ ਦਾ ਪ੍ਰੋਗਰਾਮ ਵੀ ਵੀਰਵਾਰ ਵਾਲੇ ਦਿਨ ਦਾ ਪਹਿਲਾਂ ਤੋਂ ਹੀ ਤੈਅ ਸੀ, ਪਰ ਕੈਬਨਿਟ ਮੰਤਰੀ ਓ ਪੀ ਸੋਨੀ ਇਹ ਉਦਘਾਟਨ ਇੱਕ ਦਿਨ ਪਹਿਲਾਂ ਬੁੱਧਵਾਰ ਨੂੰ ਹੀ ਕਰ ਗਏ, ਤੇ ਹਾਲਾਤ ਇਹ ਬਣ ਗਏ ਕਿ ਉਸੇ ਪ੍ਰੋਜੈਕਟ ਦਾ ਉਦਘਾਟਨ ਵੀਰਵਾਰ ਵਾਲੇ ਦਿਨ ਨਵਜੋਤ ਸਿੱਧੂ ਨੇ ਵੀ ਕਰ ਦਿੱਤਾ। ਜਿਉਂ ਹੀ ਇੱਕੋ ਪ੍ਰੋਜੈਕਟ ਦੇ ਦੋ ਉਦਘਾਟਨ ਹੋਏ ਤੁਰੰਤ ਇਹ ਚਰਚਾ ਛਿੜ ਕੇ ਇਲਜ਼ਾਮਾਂ ਦੀ ਝੜੀ ਲੱਗ ਗਈ ਕਿ ਇਹ ਸਭ ਸਿੱਧੂ ਨੂੰ ਸਿਆਸਤ ਤੋਂ ਲਾਂਭੇ ਕਰਨ, ਜਾਂ ਸਥਾਨਕ ਪੱਧਰ ਦੀ ਸਿਆਸਤ ਵਿੱਚ ਉਲਝਾ ਕੇ ਰੱਖਣ ਲਈ ਹੀ ਕੀਤਾ ਜਾ ਰਿਹਾ ਹੈ। ਵਰਨਾ ਅਜਿਹਾ ਕੋਈ ਕਾਰਨ ਨਹੀਂ ਹੈ ਕਿ ਸਰਕਾਰੀ ਸਮਾਗਮ ਹੋਵੇ, ਤੇ ਹਲਕੇ ਦੇ ਵਿਧਾਇਕ ਤੇ ਮੰਤਰੀ ਨੂੰ ਉਦਘਾਟਨ ਬਾਰੇ ਪਤਾ ਹੀ ਨਾ ਹੋਵੇ ਤੇ ਦੋਵਾਂ ਵਲੋਂ ਅੱਡ ਅੱਡ ਉਦਘਾਟਨ ਕਰ ਦਿੱਤੇ ਜਾਣ।

ਦੱਸ ਦਈਏ ਕਿ ਝਭਾਲ ਰੋਡ ਤੇ ਸਥਿਤ ਇਸ ਗੰਦੇ ਨਾਲੇ ਤੋਂ ਇਲਾਕਾ ਵਾਸੀ ਬੇਹਦ ਪ੍ਰੇਸ਼ਾਨ ਸਨ ਤੇ ਨਵਜੋਤ ਸਿੰਘ ਸਿੱਧੂ ਦੇ ਮੰਤਰੀ ਰਹਿੰਦੀਆਂ ਸਾਲ 2018 ਵਿੱਚ ਇਹ ਪ੍ਰੋਜੈਕਟ ਦਾ ਖ਼ਾਕਾ ਤਿਆਰ ਕੀਤਾ ਗਿਆ ਸੀ। ਹੁਣ ਇਸ ਪ੍ਰੋਜੈਕਟ ਦੇ ਉਦਘਾਟਨ ਦਾ ਸਮਾਂ ਲੰਘੇ ਵੀਰਵਾਰ ਵਾਲੇ ਦਿਨ ਰੱਖਿਆ ਗਿਆ ਸੀ ਪਰ ਉਸ ਤੋਂ ਪਹਿਲਾਂ ਓਪੀ ਸੋਨੀ ਇਸ ਦਾ ਉਦਘਾਟਨ ਕਰਕੇ ਚਲਦੇ ਬਣੇ। ਇਸ ਸਭ ਵਰਤਾਰੇ ਨੂੰ ਦੇਖਦਿਆਂ ਸਿਆਸੀ ਮਾਹਰਾਂ ਨੇ ਦਾਅਵੇ ਕਰਨੇ ਸ਼ੁਰੂ ਦਿੱਤੇ ਹਨ ਕਿ ਸਿੱਧੂ ਨੂੰ ਘੇਰਨ ਦੀ ਤਿਆਰੀ ਹੋ ਚੁਕੀ ਹੈ, ਤੇ ਇਹ ਉਸ ਦਾ ਟ੍ਰੇਲਰ ਭਰ ਹੈ। ਉਹ ਲੋਕ ਇਹ ਤਰਕ ਦਿੰਦੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਨਾਲ ਸੂਬੇ ਚ ਅੱਜ ਤੱਕ ਜਿੰਨੇ ਲੋਕਾਂ ਨੇ ਵੀ ਸਿਆਸੀ ਪੰਗਾ ਲਿਆ ਹੈ ਉਸਨੂੰ ਜਾਂ ਤਾਂ ਕੇਂਦਰ ਦੀ ਸਿਆਸਤ ਵੱਲ ਧੱਕ ਦਿੱਤਾ ਗਿਆ ਹੈ ਤੇ ਜਾਂ ਫਿਰ ਅੱਜ ਉਹ ਕਾਂਗਰਸ ਚੋਂ ਹੀ ਬਾਹਰ ਹੋ ਗਏ ਹਨ। ਮਾਹਰ ਲੋਕ ਕਹਿੰਦੇ ਹਨ ਕਿ ਨਵਜੋਤ ਸਿੰਘ ਸਿੱਧੂ ਨੂੰ ਵੀ ਕੇਂਦਰ ਦੀ ਸਿਆਸਤ ਵਿੱਚ ਭੇਜਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਹ ਨਹੀਂ ਗਏ ਤੇ ਹੁਣ ਉਨ੍ਹਾਂ ਨੂੰ ਅੰਮ੍ਰਿਤਸਰ ਚ ਉਨ੍ਹਾਂ ਦੇ ਆਪਣੇ ਹਲਕੇ ਅੰਦਰ ਹੀ ਇੰਨਾਂ ਉਲਝਾ ਦਿੱਤਾ ਜਾਵੇਗਾ ਕਿ ਉਹ ਸੂਬੇ ਦੀ ਸਿਆਸਤ ਵੱਲ ਧਿਆਨ ਹੀ ਨਹੀਂ ਦੇ ਪਾਉਣਗੇ।

ਕੁੱਲ ਮਿਲਾ ਕੇ ਅਜਿਹਾ ਕਿਉਂ ਹੋਇਆ ਹੈ, ਇਸ ਬਾਰੇ ਭਾਂਵੇ ਅਜੇ ਨਾ ਤਾਂ ਓਪੀ ਸੋਨੀ ਤੋਂ ਕੋਈ ਪੁਸ਼ਟੀ ਹੋ ਪਾਈ ਹੈ ਤੇ ਨਾ ਹੀ ਨਵਜੋਤ ਸਿੰਘ ਸਿੱਧੂ ਤੋਂ, ਪਰ ਇਸ ਘਟਨਾ ਨੇ ਜਿੱਥੇ ਸਿੱਧੂ ਸਮਰਥਕਾਂ ਦੇ ਮਨਾਂ ਅੰਦਰ ਡੂੰਘੀਆਂ ਚਿੰਤਾਵਾਂ ਪੈਦਾ ਕੀਤੀਆਂ ਹਨ, ਉੱਥੇ ਪੰਜਾਬ ਕਾਂਗਰਸ ਹਿਤੈਸ਼ੀਆਂ ਨੇ ਇਸ ਨੂੰ ਬੁਰੀ ਖ਼ਬਰ ਕਹਿ ਕੇ ਹਾਈ ਕਮਾਂਡ ਤੋਂ ਇਸ ਮਾਮਲੇ ਦਖ਼ਲ ਦੇਣ ਦੀ ਮੰਗ ਕੀਤੀ ਹੈ।

Share this Article
Leave a comment