ਵਰਲਡ ਡੈਸਕ – ਪਾਕਿਸਤਾਨ ਦੀ ਇੱਕ ਯੂਨੀਵਰਸਿਟੀ ਨੇ ਵਿਦਿਆਰਥਣਾਂ ਦੇ ਜੀਨਜ਼ ਪਹਿਨਣ ਉੱਤੇ ਪਾਬੰਦੀ ਲਾ ਦਿੱਤੀ ਹੈ। ਪਾਕਿਸਤਾਨ ਦੇ ਖੈਬਰ ਪਖ਼ਤੂਨਖ਼ਵਾ ਸੂਬੇ ਦੀ ਹਜ਼ਾਰਾ ਯੂਨੀਵਰਸਿਟੀ ਨੇ ਸਾਰੇ ਵਿਦਿਆਰਥੀਆਂ ਲਈ ਇੱਕ ਲੰਮਾ-ਚੌੜਾ ਡ੍ਰੈੱਸ ਕੋਡ ਜਾਰੀ ਕੀਤਾ ਹੈ।
ਦੱਸ ਦਈਏ ਹਜ਼ਾਰਾ ਯੂਨੀਵਰਸਿਟੀ ਨੇ ਵਿਦਆਰਥਣਾਂ ਨੂੰ ਤੰਗ ਜੀਨਾਂ, ਸ਼ਾਰਟਸ, ਚੈਨ ਤੇ ਸਲੀਪਰ ਨਾ ਪਹਿਨਣ ਲਈ ਕਿਹਾ ਹੈ। ਇਸ ਦੇ ਨਾਲ ਹੀ ਭਾਰੀ ਮੇਕਅਪ ਤੇ ਗਹਿਣੇ ਪਹਿਨਣ ਤੋਂ ਵੀ ਮਨ੍ਹਾਂ ਕਰ ਦਿੱਤਾ ਗਿਆ ਹੈ। ਕੁੜੀਆਂ ਆਪਣੇ ਨਾਲ ਹੈਂਡਬੈਗ ਵੀ ਨਹੀਂ ਲਿਆ ਸਕਦੀਆਂ।
ਹਜ਼ਾਰਾ ਯੂਨੀਵਰਸਿਟੀ ਨੇ ਲੜਕਿਆਂ ‘ਤੇ ਲਾਈਆਂ ਪਾਬੰਦੀਆਂ ’ਚ ਲੜਕਿਆਂ ਨੂੰ ਨਿੱਕੇ ਵਾਲ ਰੱਖਣ ਤੇ ਵਾਲਾਂ ਨੂੰ ਸਹੀ ਤਰੀਕੇ ਨਾਲ ਵਾਹ ਕੇ ਆਉਣ ਲਈ ਵੀ ਕਿਹਾ ਗਿਆ ਹੈ। ਲੜਕਿਆਂ ਦੇ ਲੰਮੇ ਵਾਲ ਰੱਖਣ ‘ਤੇ ਵੀ ਪਾਬੰਦੀ ਲਾਈ ਗਈ ਹੈ।
ਇਸ ਤੋਂ ਇਲਾਵਾ ਅਧਿਆਪਕਾਂ ਨੂੰ ਲੈਕਚਰ ਦੇਣ ਦੌਰਾਨ ਕਾਲਾ ਕੋਟ ਪਹਿਨਣ ਦਾ ਹੁਕਮ ਦਿੱਤਾ ਹੈ। ਉਨ੍ਹਾਂ ‘ਤੇ ਵੀ ਤੰਗ ਜੀਨਜ਼, ਸਲੀਪਰ ਤੇ ਨਿੱਕਰਾਂ ਪਹਿਨ ਕੇ ਆਉਣ ‘ਤੇ ਰੋਕ ਲਗਾਈ ਹੈ।
ਬੀਤੀ 29 ਦਸੰਬਰ ਨੂੰ ਅਕਾਦਮਿਕ ਕੌਂਸਲ ਦੀ ਮੀਟਿੰਗ ਵਿੱਚ ਇਨ੍ਹਾਂ ਨਿਯਮਾਂ ਉੱਤੇ ਚਰਚਾ ਕੀਤੀ ਗਈ ਹੈ। ਯੂਨੀਵਰਸਿਟੀ ਦੇ ਚਾਂਸਲਰ ਤੇ ਸੂਬਾ ਖ਼ੈਬਰ ਪਖ਼ਤੂਨਖ਼ਵਾ ਦੇ ਰਾਜਪਾਲ ਸ਼ਾਹ ਫ਼ਰਮਾਨ ਦੇ ਹੁਕਮ ਅਨੁਸਾਰ 6 ਜਨਵਰੀ ਤੋਂ ਨਵਾਂ ਡ੍ਰੈੱਸ ਕੋਡ ਲਾਗੂ ਕਰ ਦਿੱਤਾ ਗਿਆ ਹੈ।