ਬਿੰਦੂ ਸਿੰਘ
ਪੰਜਾਬ ਚ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਪਲੇਠੀ ਵਿਧਾਨਸਭਾ ਇਜਲਾਸ ਅੱਜ ਸ਼ੁਰੂ ਹੋਇਆ। ਪ੍ਰੋਟੇਮ ਸਪੀਕਰ ਇੰਦਰਬੀਰ ਨਿੱਜਰ , ਜੋ ਅੰਮ੍ਰਿਤਸਰ ਦੱਖਣ ਤੋਂ ਵਿਧਾਇਕ ਹਨ, ਉਨ੍ਹਾਂ ਨੇ ਅੱਜ 16ਵੀਂ ਵਿਧਾਨਸਭਾ ਦੇ ਨਵੇਂ ਚੁਣ ਕੇ ਆਏ ਵਿਧਾਇਕਾਂ ਨੂੰ ਸੁਹੰ ਚੁਕਾਈ। ਆਮ ਆਦਮੀ ਦੇ ਵਿਧਾਇਕਾਂ ਵਲੋਂ ਸੁਹੰ ਚੁੱਕਣ ਮਗਰੋਂ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਗੁੰਜਾਏ ਗਏ। ਪਰ ਅੱਜ ਕੁੱਲ 92 ਵਿਧਾਇਕਾਂ ਵਿਚੋਂ ਭਗਵੰਤ ਮਾਨ ਸਮੇਤ ਸਿਰਫ 24 ਵਿਧਾਇਕਾਂ ਨੇ ਹੀ ਬਸੰਤੀ ਦਸਤਾਰਾਂ ਬੰਨ੍ਹੀਆਂ ਹੋਈਆਂ ਸਨ। ਬੇਸ਼ੱਕ ਅੱਜ ਵਿਧਾਨ ਸਭਾ ਦੀ ਨੁਹਾਰ ਚ ਇੱਕ ਵੱਡਾ ਬਦਲ ਨਜ਼ਰ ਆ ਰਿਹਾ ਸੀ।
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੇ ਭਜੀਜੇ ਸੰਦੀਪ ਜਾਖੜ , ਜੋ ਅਬੋਹਰ ਤੋਂ ਵਿਧਾਇਕ ਚੁਣੇ ਗਏ ਹਨ , ਨੇ ਸੁੰਹ ਹਿੰਦੀ ਚ ਚੁੱਕੀ ਤੇ ਉੱਥੇ ਹੀ ਮਲੇਰਕੋਟਲਾ ਤੋਂ ਆਮ ਆਦਮੀ ਪਾਰਟੀ ਦੇ ਨਵੇਂ ਚੁਣ ਕੇ ਆਏ ਵਿਧਾਇਕ ਮੁਹੰਮਦ ਜਮੀਲ ਉਲ ਰਹਿਮਾਨ ਨੇ ਉਰਦੂ ਚ ਸੁਹੰ ਚੁੱਕੀ। ਕਾਂਗਰਸ ਦੇ ਵਿਧਾਇਕ ਰਾਜਾ ਵੜਿੰਗ ਨੇ ਮਨਪ੍ਰੀਤ ਬਾਦਲ ਨੂੰ ਹਰਾਉਣ ਵਾਲੇ ਆਪ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਦੇ ਗੋਡੇ ਹੱਥ ਲਾ ਕੇ ਉਨ੍ਹਾਂ ਨੂੰ ਮੁਬਾਰਕਾਂ ਦਿਤੀਆਂ। ਲੁਧਿਆਣਾ ਦੇ ਆਤਮ ਨਗਰ ਤੋਂ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਰਹਿ ਚੁੱਕੇ ਸਿਮਰਜੀਤ ਸਿੰਘ ਬੈਂਸ ਨੂੰ ਹਰਾ ਕੇ ਵਿਧਾਨ ਸਭਾ ਚ ਪਹਿਲੀ ਵਾਰ ਪਹੁੰਚੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਸੁਹੰ ਚੁੱਕਣ ਸਮੇਂ ਘਬਰਾ ਗਏ ਤੇ ਸਪੀਕਰ ਨੇ ਸਤਰਾਂ ਆਪ ਬੋਲ ਬੋਲ ਕੇ ਉਨ੍ਹਾਂ ਨੂੰ ਸੁੰਹ ਚੁਕਾਈ। ਇਸ ਦੇ ਨਾਲ ਹੀ ਸਾਬਕਾ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਹਰਾ ਕੇ ਆਉਣ ਵਾਲੇ ਭਦੌੜ ਤੋਂ ਵਿਧਾਇਕ ਲਾਭ ਸਿੰਘ ਉੱਗੋਕੇ ਜਦੋਂ ਆਪਣੀ ਸੀਟ ਤੋਂ ਉੱਠ ਕੇ ਸਪੀਕਰ ਤੱਕ ਪਹੁੰਚ ਰਹੇ ਸਨ ਤੇ ਸਾਰੇ ‘ਆਪ’ ਵਿਧਾਇਕਾਂ ਨੇ ਤਾੜੀਆਂ ਨਾਲ ਉਨ੍ਹਾਂ ਦੀ ਹੌਂਸਲਾ ਅਫ਼ਜ਼ਾਈ ਕੀਤੀ। ਕਾਂਗਰਸ ਦੇ ਗਿੱਦੜਬਾਹਾ ਤੋਂ ਵਿਧਾਇਕ ਰਾਜਾ ਵੜਿੰਗ ਤੇ ਆਮ ਆਦਮੀ ਪਾਰਟੀ ਦੇ ਫਰੀਦਕੋਟ ਤੋਂ ਵਿਧਾਇਕ ਕੁਲਤਾਰ ਸੰਧਵਾ ਨੇ ਸਪੀਕਰ ਦੇ ਕੋਲ ਪਹੁੰਚ ਤੋਂ ਪਹਿਲਾਂ ਪੌੜੀਆਂ ਨੂੰ ਮੱਥਾ ਵੀ ਟੇਕਿਆ। ਬਹੁਤ ਕੁਛ ਅਜਿਹਾ ਵੇਖਣ ਨੂੰ ਮਿਲਿਆ ਜੋ ਪਹਿਲਾਂ ਨਾਲੋਂ ਵੱਖ ਸੀ।
ਵਿਰੋਧੀ ਧਿਰ ਵਾਲੇ ਪਾਸੇ ਕਾਂਗਰਸ ਤੋਂ ਸੁਖਜਿੰਦਰ ਰੰਧਾਵਾ , ਪ੍ਰਤਾਪ ਬਾਜਵਾ , ਰਾਜਾ ਵੜਿੰਗ ਤੇ ਸੁਖਪਾਲ ਖਹਿਰਾ ਵਖਾਈ ਦਿੱਤੇ। ਮਜੀਠਾ ਹਲਕੇ ਤੋਂ ਅਕਾਲੀ ਆਗੂ ਬਿਕਰਮ ਮਜੀਠੀਆ ਦੀ ਪਤਨੀ ਗੁਨੀਵ ਕੌਰ ਜਿੱਤੇ ਹਨ ਪਰ ਉਹ ਅਜੇ ਸੁਹੰ ਚੁੱਕਣ ਲਈ ਵਿਧਾਨਸਭਾ ਨਹੀਂ ਪੁੱਜੇ। ਕਾਂਗਰਸ ਦੇ 18 , ਅਕਾਲੀ -ਬਹੁਜਨ ਪਾਰਟੀ ਗੱਠਜੋੜ ਦੇ 4, ਬੀਜੇਪੀ ਦੇ 2 ਤੇ ਆਜ਼ਾਦ 1 ਵਿਧਾਇਕ ਜਿੱਤ ਕੇ ਵਿਧਾਨਸਭਾ ਚ ਪਹੁੰਚੇ ਹਨ। ਵਿਧਾਨ ਸਭ ਦੇ ਪਹਿਲੇ ਇਜਲਾਸ ਚ ਜੈ ਭੀਮ , ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਹਿ , ਇਨਕਲਾਬ ਜ਼ਿੰਦਾਬਾਦ ਕਹਿ ਕੇ ਵਿਧਾਇਕਾਂ ਨੇ ਹਲਫ ਚੁੱਕਣ ਦੀ ਸਮਾਪਤੀ ਕੀਤੀ। ਦੇਵ ਮਾਨ ਵਿਧਾਨਸਭਾ ਤੱਕ ਸਵੇਰੇ 6 ਵਜੇ ਤੋਂ ਸਾਈਕਲ ਤੇ ਸਵਾਰ ਹੋ ਕੇ ਵਿਧਾਨਸਭਾ ਪੁੱਜੇ।
ਮੁੱਖਮੰਤਰੀ ਸੁਹੰ ਚੁੱਕਣ ਤੋਂ ਬਾਅਦ ਚਲੇ ਗਏ ਕਿਉਂਕਿ ਉਨ੍ਹਾਂ ਨੇ ਬੈਠਕ ਬੁਲਾਈ ਹੋਈ ਸੀ। ਪਰ ਬਾਹਰ ਮੀਡੀਆ ਨਾਲ ਗੱਲਬਾਤ ਚ ਕਹਿ ਗਏ ਕਿ ਅੱਜ ਹੀ ਪੰਜਾਬ ਦੇ ਹੱਕ ਚ ਕੋਈ ਵੱਡਾ ਫੈਸਲਾ ਲੈਣਗੇ ਤੇ ਬੈਠਕ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਤੇ ਸਿਵਲ ਮੁਲਾਜ਼ਮਾਂ ਨੂੰ ਲੋਕਾਂ ਲਈ ‘ਪਬਲਿਕ ਸਰਵੈਂਟ’ ਬਣ ਕੇ ਕੰਮ ਕਰਨ ਦੇ ਹੁਕਮ ਜਾਰੀ ਕੀਤੇ।ਅਜੇ ਦੋ ਦਿਨਾਂ ਦਾ ਇਜਲਾਸ ਬਾਕੀ ਹੈ। ਅਗਲੇ ਦਿਨਾਂ ਚ ਨਵੀਂ ਬਣੀ ਸਰਕਾਰ ਕਿਵੇਂ ਤੇ ਫੈਸਲੇ ਲਵੇਗੀ ਇਹ ਵੇਖਣਾ ਹੋਵੇਗਾ। ਹੁਣ ਮੰਤਰੀਮੰਡਲ ਤੈਅ ਕਰਨਾ ਭਗਵੰਤ ਮਾਨ ਲਈ ਇਕ ਵੱਡਾ ਕੰਮ ਹੈ। ਬਾਕੀ ਅਜੇ ਇੰਤਜਾਰ ਕਰਨਾ ਹੋਵੇਗਾ।