ਨਵੀਂ ਦਿੱਲੀ : GST ਕੌਂਸਲ ਦੀ ਸ਼ੁੱਕਰਵਾਰ ਨੂੰ ਹੋਣ ਵਾਲੀ ਬੈਠਕ ‘ਚ ਕੋਰੋਨਾ ਵੈਕਸੀਨ ‘ਤੇ ਜ਼ੀਰੋ ਜੀਐੱਸਟੀ ਨੂੰ ਲੈ ਕੇ ਫ਼ੈਸਲਾ ਹੋਣ ਦੇ ਆਸਾਰ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਪ੍ਰਧਾਨਤਾ ‘ਚ ਅੱਜ ਜੀਐੱਸਟੀ ਪਰਿਸ਼ਦ ਦੀ ਬੈਠਕ ਹੋਵੇਗੀ। ਮੰਨਿਆ ਜਾ ਰਿਹਾ ਹੈ ਕਿ ਕੋਰੋਨਾ ਨਾਲ ਜੁੜੀ ਸਮੱਗਰੀ ਜਿਵੇਂ ਦਵਾਈਆਂ, ਟੀਕਿਆਂ ਅਤੇ ਚਿਕਿਤਸਾ ਉਪਕਰਨਾਂ ‘ਤੇ ਟੈਕਸ ਘੱਟ ਕੀਤਾ ਜਾ ਸਕਦਾ ਹੈ।
ਬੈਠਕ ਤੋਂ ਪਹਿਲਾਂ, ਗੈਰ-ਭਾਜਪਾ ਸ਼ਾਸਿਤ ਰਾਜਾਂ ਰਾਜਸਥਾਨ, ਪੰਜਾਬ, ਛੱਤੀਸਗੜ, ਤਾਮਿਲਨਾਡੂ, ਮਹਾਰਾਸ਼ਟਰ, ਝਾਰਖੰਡ, ਕੇਰਲਾ ਅਤੇ ਪੱਛਮੀ ਬੰਗਾਲ ਨੇ ਕੋਰੋਨਾ ਨਾਲ ਸਬੰਧਤ ਜ਼ਰੂਰੀ ਵਸਤਾਂ ‘ਤੇ ਟੈਕਸ ਖਤਮ ਕਰਨ ਲਈ ਇੱਕ ਸੰਯੁਕਤ ਰਣਨੀਤੀ ਤਿਆਰ ਕੀਤੀ ਹੈ।
ਜੀਐਸਟੀ ਕੌਂਸਲ ਵਿੱਚ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਨੁਮਾਇੰਦੇ ਸ਼ਾਮਲ ਹੋਣਗੇ। ਟੈਕਸ ਦਰਾਂ ‘ਤੇ ਗੱਲਬਾਤ ਕਰਨ ਤੋਂ ਇਲਾਵਾ ਇਸ ਬੈਠਕ’ ਚ ਰਾਜਾਂ ਨੂੰ ਤਕਰੀਬਨ 2.69 ਲੱਖ ਕਰੋੜ ਰੁਪਏ ਦੇਣ ‘ਤੇ ਵਿਚਾਰ ਵਟਾਂਦਰੇ ਹੋ ਸਕਦੇ ਹਨ।
ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ GST ਦਰਾਂ ‘ਤੇ ਫਿੱਟਮੈਂਟ ਕਮੇਟੀ ਨੇ ਜੀਐਸਟੀ ਪਰਿਸ਼ਦ ਨੂੰ ਇਕ ਰਿਪੋਰਟ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਸ ਰਿਪੋਰਟ ‘ਚ ਕੋਰੋਨਾ ਟੀਕੇ, ਦਵਾਈਆਂ ਤੇ ਹੋਰ ਉਪਕਰਣਾਂ ‘ਤੇ ਟੈਕਸ ਜ਼ੀਰੋ ਕਰਨ ਨੂੰ ਲੈਕੇ ਗੱਲ ਕਹੀ ਗਈ ਹੈ।
ਇਸ ਤੋਂ ਪਹਿਲਾਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਸ ਮਹੀਨੇ ਦੀ ਸ਼ੁਰੂਆਤ ‘ਚ ਕੋਰੋਨਾ ਟੀਕਿਆਂ, ਦਵਾਈਆਂ ਤੇ ਆਕਸੀਜਨ ਕੰਸਟ੍ਰੇਟਰ ਨੂੰ ਜੀਐਸਟੀ ਤੋਂ ਛੋਟ ਦਿੱਤੇ ਜਾਣ ਦੀ ਮੰਗ ਨੂੰ ਇਕ ਤਰੀਕੇ ਨਾਲ ਖਾਰਜ ਕਰ ਦਿੱਤਾ ਸੀ। ਵਿੱਤ ਮੰਤਰੀ ਨੇ ਕਿਹਾ ਸੀ ਕਿ ਵੈਕਸੀਨ ‘ਤੇ ਲੱਗਣ ਵਾਲੇ ਪੰਜ ਫ਼ੀਸਦੀ ਜੀਐੱਸਟੀ ਨੂੰ ਖ਼ਤਮ ਕਰਨ ਨਾਲ ਮੈਨੂਫੈਕਚਰਿੰਗ ਦੀ ਲਾਗਤ ਵਧ ਜਾਵੇਗੀ ਕਿਉਂਕਿ ਮੈਨੂਫੈਕਚਰਜ਼ ਵੈਕਸੀਨ ਦੇ ਕੱਚੇ ਮਾਲ ‘ਤੇ ਲੱਗਣ ਵਾਲੇ ਟੈਕਸ ਨੂੰ ਕ੍ਰੈਡਿਟ ਨਹੀਂ ਕਰ ਸਕਣਗੇ। ਇਸ ਨਾਲ ਜਨਤਾ ‘ਤੇ ਵਧੀ ਹੋਈ ਲਾਗਤ ਦਾ ਭਾਰ ਵਧੇਗਾ ਪਰ ਬੰਗਾਲ ਦੇ ਵਿੱਤ ਮੰਤਰੀ ਨੇ ਤਿੰਨ ਦਿਨ ਪਹਿਲਾਂ ਸੀਤਾਰਮਨ ਨੂੰ ਚਿੱਠੀ ਰਾਹੀਂ ਇਹ ਦੱਸਿਆ ਕਿ ਵੈਕਸੀਨ ‘ਤੇ ਜ਼ੀਰੋ ਜੀਐੱਸਟੀ ਕਰਨ ਨਾਲ ਮੈਨੂਫੈਕਚਰਜ਼ ਇਨਪੁਟ ਟੈਕਸ ਕ੍ਰੈਡਿਟ ਲੈ ਸਕਣਗੇ। ਸੂਬਿਆਂ ਦਾ ਕਹਿਣਾ ਹੈ ਕਿ ਵੈਕਸੀਨ ‘ਤੇ ਜ਼ੀਰੋ ਜੀਐੱਸਟੀ ਕਰਨ ਨਾਲ ਮੈਨੂਫੈਕਚਰਿੰਗ ਦੀ ਲਾਗਤ ਵੀ ਨਹੀਂ ਵਧੇਗੀ। ਸੂਬਿਆਂ ਦੀ ਇਹ ਵੀ ਦਲੀਲ ਹੈ ਕਿ ਕੋਰੋਨਾ ਵੈਕਸੀਨ ਆਮ ਜਨਤਾ ਨਹੀਂ ਖ਼ਰੀਦ ਰਹੀ ਇਸ ਲਈ ਵੈਕਸੀਨ ‘ਤੇ ਜ਼ੀਰੋ ਜੀਐੱਸਟੀ ਕਰਨ ਨਾਲ ਜਨਤਾ ਦਾ ਕੋਈ ਨੁਕਸਾਨ ਨਹੀਂ ਹੋਵੇਗਾ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਅਗਵਾਈ ਵਾਲੀ ਜੀਐੱਸਟੀ ਪਰਿਸ਼ਦ ਦੀ ਬੈਠਕ ਕਰੀਬ ਅੱਠ ਮਹੀਨਿਆਂ ਬਾਅਦ ਹੋ ਰਹੀ ਹੈ।