ਚੰਡੀਗੜ੍ਹ: ਗੈਂਗਸਟਰ ਲੰਡਾ ਹਰੀਕੇ ਨੇ ਅੰਮ੍ਰਿਤਸਰ ‘ਚ ਹੋਏ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਲੰਡਾ ਹਰੀਕੇ ਨਾਮ ਦੀ ਆਈ ਡੀ ਤੋਂ ਪੋਸਟ ਕਰਕੇ ਇਸ ਕਤਲ ਦੀ ਜ਼ਿੰਮੇਵਾਰੀ ਲੈਂਦਿਆਂ ਕਿਹਾ ਗਿਆ ਹੈ ਕਿ ਇਹ ਤਾਂ ਸਿਰਫ਼ ਸ਼ੁਰੂਆਤ ਹੈ ਹਾਲੇ ਹੋਰ ਹੱਕ ਲੈਣੇ ਬਾਕੀ ਹਨ। ਜਿਹੜੇ ਕਿਸੇ ਧਰਮ ਬਾਰੇ ਮਾੜਾ ਬੋਲਦੇ ਹਨ ਯਾਦ ਰੱਖਣ ਵਾਰੀ ਸਭ ਦੀ ਆਵੇਗੀ, ਸੁਰੱਖਿਆ ਲੈ ਕੇ ਇਹ ਨਾ ਸਮਝਣ ਕਿ ਉਹ ਬਚ ਜਾਣਗੇ।
ਹਾਲਾਂਕਿ ਅਸੀਂ ਇਸ ਦੀ ਪੁਸ਼ਟੀ ਨਹੀਂ ਕਰਦੇ ਕਿ ਇਹ ਪੋਸਟ ਫਰਜ਼ੀ ਹੈ ਜਾ ਸੱਚ। ਪੁਲਿਸ ਅਧਿਕਾਰੀਆਂ ਮੁਤਾਬਕ ਸਾਈਬਰ ਸੈੱਲ ਉਸ ਆਈਪੀ ਐਡਰੈੱਸ ਉਤੇ ਕੰਮ ਕਰ ਰਿਹਾ ਹੈ, ਜਿਸ ਤੋਂ ਇਹ ਪੋਸਟ ਪਾਈ ਗਈ ਹੈ। ਕਿਉਂਕਿ ਪੋਸਟ ਪਾ ਕੇ ਸਕਰੀਨ ਸ਼ਾਟ ਪਾ ਦਿੱਤਾ ਗਿਆ ਹੈ ਅਤੇ ਹੁਣ ਪੋਸਟ ਨੂੰ ਡਿਲੀਟ ਕਰ ਦਿੱਤਾ ਗਿਆ ਹੈ।
ਉੱਥੇ ਹੀ ਦੂਜੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਹੈ ਕਿ ਅੰਮ੍ਰਿਤਸਰ ਵਿੱਚ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਕਤਲ ਦੀ ਹਰ ਪੱਖੋਂ ਜਾਂਚ ਕੀਤੀ ਜਾਵੇਗੀ। ਸੁਧੀਰ ਸੂਰੀ ਦੀ ਸ਼ੁੱਕਰਵਾਰ ਨੂੰ ਮਜੀਠਾ ਰੋਡ ਉਤੇ ਸਥਿਤ ਗੋਪਾਲ ਮੰਦਿਰ ਦੇ ਬਾਹਰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਥੇ ਸੂਰੀ ਅਤੇ ਉਨ੍ਹਾਂ ਦੀ ਪਾਰਟੀ ਦੇ ਕੁਝ ਹੋਰ ਆਗੂ ਪ੍ਰਦਰਸ਼ਨ ਕਰ ਰਹੇ ਸਨ। ਸੂਰੀ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ।