ਗੈਂਗਸਟਰ ਤੇ ਸਿਆਸਤ

TeamGlobalPunjab
6 Min Read

ਬਿੰਦੂ ਸਿੰਘ

ਕਰੀਬ ਇਕ ਦਹਾਕੇ ਤੋਂ ਗੈਂਗਸਟਰ ਦੇ ਨਾਂਅ ‘ਤੇ ਰੱਜ ਕੇ ਸਿਆਸਤ ਹੋ ਰਹੀ ਹੈ। ਕੁੱਝ ਦਿਨਾਂ ਤੋਂ ਅਕਾਲੀ ਤੇ ਕਾਂਗਰਸੀ ਆਗੂਆਂ ਦਰਮਿਆਨ ਚੱਲ ਰਹੀ ਸ਼ਬਦੀ  ਜੰਗ ਨਾਲ (ਗੈਂਗਸਟਰ) ਇਹ ਮਾਮਲਾ ਫ਼ਿਰ ਭਖ ਗਿਆ ਹੈ। ਅਸਲ ਵਿਚ ਪੰਜਾਬੀਆਂ ਦੇ ਕੰਨਾਂ ਵਿਚ ਗੈਂਗਸਟਰ ਸ਼ਬਦ ਦਸ ਕੁ ਸਾਲਾਂ ਤੋਂ ਪਹਿਲਾ ਹੀ ਪਿਆ ਹੈ, ਜਾਂ ਇਹ ਕਹਿ ਲਵੋ ਕਿ ਪੰਜਾਬ ਵਿਚ ਗੈਂਗਸਟਰ ਨਾਂਅ ਦੀ ਕੋਈ ਚੀਜ਼ ਨਹੀਂ ਸੀ।

ਹਾਂ, ਦੋ ਧੜਿਆਂ ਵਿਚ ਜ਼ਮੀਨ ਜਾਇਦਾਦ ਨੂੰ ਲੈ ਕੇ, ਕਾਲਜਾਂ ਵਿਚ ਨੌਜਵਾਨਾਂ ‘ਚ ਕਿਸੇ ਖੁੰਦਕ ਕਾਰਨ ਜਾਂ ਪਿੰਡ ਵਿਚ ਕੁੱਝ ਫਿਰਕਿਆਂ ‘ਚ ਕਿਸੇ ਨਾ ਕਿਸੇ ਕਾਰਨ ਲੋਕਾਂ ਵਿਚ ਲੜਾਈ ਝਗੜੇ, ਮਾਰਕੁੱਟ, ਗੋਲੀਬਾਰੀ ਦੀਆਂ ਘਟਨਾਵਾਂ ਵਾਪਰਦੀਆਂ ਰਹੀਆਂ ਹਨ। ਅਜਿਹੀਆਂ ਘਟਨਾਵਾਂ ਨੂੰ ਨੌਜਵਾਨਾਂ ਦੀ ਲੜਾਈ ਜਾਂ ਧੜਿਆਂ ਦੀ ਲੜਾਈ ਨਾਲ ਜੋੜ ਕੇ ਦੇਖਿਆ ਜਾਂਦਾ ਸੀ ਅਤੇ ਕਦੇ ਵੀ ਅਜਿਹੀ ਘਟਨਾਂ ਨੂੰ ਗੈਂਗਸਟਰਾਂ ਵਲੋਂ ਕੀਤੀ ਘਟਨਾ ਦਾ ਸ਼ਬਦੀ ਰੂਪ ਨਹੀਂ ਦਿੱਤਾ ਗਿਆ। ਹਾਲਾਂਕਿ ਇਹ ਵੀ ਸੱਚ ਹੈ ਕਿ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਲੋਕਾਂ ਦਾ ਸਬੰਧ ਕਿਸੇ ਨਾ ਕਿਸੇ ਸਿਆਸੀ ਆਗੂ ਨਾਲ ਹੁੰਦਾ ਸੀ ਜਾਂ ਹੈ।

ਇਸ ਵਿਚ ਕੋਈ ਅਤਿਕਥਨੀ ਨਹੀਂ ਕਿ ਗੈਂਗਸਟਰਾਂ ਨੂੰ ਸਿਆਸੀ ਆਗੂਆਂ ਵਲੋਂ ਸ਼ਹਿ ਦਿੱਤੀ ਜਾਂਦੀ ਹੈ ਜਾਂ ਗੈਂਗਸਟਰ ਸਿਆਸੀ ਆਗੂਆਂ ਨੇ ਹੀ ਪਾਲ ਰੱਖੇ ਹਨ। ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸਿਆਸੀ ਆਗੂਆਂ ਦੇ ਗੈਂਗਸਟਰਾਂ ਨਾਲ ਸਬੰਧ ਹੋਣ ਦੇ ਮਾਮਲਿਆਂ ਦੀ ਪੁਲਿਸ ਤੋਂ ਜਾਂਚ ਕਰਵਾਉਣ ਦੇ ਦਿੱਤੇ ਗਏ ਨਿਰਦੇਸ਼ ਨਾਲ ਮਾਮਲਾ ਫਿਰ ਭਖ਼ ਗਿਆ ਹੈ। ਮੁੱਖ ਮੰਤਰੀ ਵਲੋਂ ਇਹ ਜਾਂਚ ਦੇ ਨਿਰਦੇਸ਼ ਕਿਉਂ ਦਿੱਤੇ ਗਏ? ਇਸ ਪਿੱਛੇ ਕੀ ਕਾਰਨ ਹਨ? ਇਹ ਵੱਡਾ ਸਵਾਲ ਹੈ।

ਅਕਾਲੀ ਦਲ ਦੀ ਸਿਆਸਤ ਵਿਚ ਮਾਝੇ ਦੇ ਜਰਨੈਲ ਵਜੋਂ ਜਾਣੇ ਜਾਂਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆਂ ਵਲੋਂ ਕੈਪਟਨ ਦੇ ਵਜ਼ੀਰ ਸੁਖਜਿੰਦਰ ਸਿੰਘ ਰੰਧਾਵਾਂ ‘ਤੇ ਜੇਲ੍ਹ ਵਿਚ ਬੈਠੇ ਇਕ ਨੌਜਵਾਨ (ਗੈਂਗਸਟਰ) ਨਾਲ ਸਬੰਧਾਂ ਦੇ ਦੋਸ਼ ਲਾਏ ਗਏ, ਫੋਟੋਆਂ ਨਸ਼ਰ ਕੀਤੀਆਂ ਗਈਆਂ। ਮੰਤਰੀ ਨੇ ਇਸ ਦੇ ਜਵਾਬ ਵਿਚ ਉਕਤ ਅਕਾਲੀ ਆਗੂ ਨਾਲ ਗੈਂਗਸਟਰਾਂ ਦੀਆਂ ਫੋਟੋਆਂ ਜਨਤਕ ਕਰ ਦਿੱਤੀਆਂ। ਇਸ ਤੋਂ ਬਾਅਦ ਦੋਵੇ ਪਾਸਿਓ ਗੈਂਗਸਟਰਾਂ ਨਾਲ ਸਬੰਧਾਂ ਵਾਲੀ ਫੋਟੋਆਂ ਜਨਤਕ ਹੋਣ ਲੱਗੀਆਂ ਤੇ ਇਕ ਦੂਜ਼ੇ ਖਿਲਾਫ਼ ਬਿਆਨਬਾਜ਼ੀ ਸ਼ੁਰੂ ਕਰ ਦਿੱਤੀ।

ਇਸ ਸ਼ਬਦੀ ਜੰਗ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਪਿੱਛੇ ਨਾ ਰਹੇ ਤੇ ਉਨ੍ਹਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਤਤਕਾਲੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਸਮੇਤ ਕਈ ਆਗੂਆਂ ਨਾਲ ਖੜ੍ਹੇ ਇਕ ਨੌਜਵਾਨ (ਗੈਂਗਸਟਰ) ਦੀ ਫੋਟੋ ਅਖ਼ਬਾਰਾਂ ਨੂੰ ਨਸ਼ਰ ਕਰ ਦਿੱਤੀ ਇਥੋਂ ਤੱਕ ਕਿ ਉਸ ਖਿਲਾਫ਼ ਵੱਖ-ਵੱਖ ਥਾਣਿਆਂ ਵਿਚ ਦਰਜ ਕੀਤੇ ਗਏ ਕੇਸਾਂ ਦੇ ਮਾਮਲੇ ਵੀ ਉਜਾਗਰ ਕੀਤੇ।

ਮੁੱਖ ਮੰਤਰੀ ਦੇ ਇਸ ਹਮਲੇ ਦਾ ਜਵਾਬ ਦਿੰਦਿਆਂ ਅਕਾਲੀ ਦਲ ਨੇ ਉਸੀ ਨੌਜਵਾਨ (ਗੈਂਗਸਟਰ) ਦੀ ਮੁੱਖ ਮੰਤਰੀ ਨਾਲ ਫੋਟੋ ਜਨਤਕ ਕਰਕੇ ਮੋੜਵਾਂ ਜਵਾਬ ਦੇ ਦਿੱਤਾ। ਅਸਲ ਵਿਚ ਸਿਆਸੀ ਆਗੂ ਸਮੇਂ-ਸਮੇਂ ਨੌਜਵਾਨਾਂ ਨੂੰ ਆਪਣੇ ਨਿੱਜੀ ਹਿਤਾਂ ਲਈ ਵਰਤਦੇ ਹਨ।

ਸਿਆਸੀ ਰੈਲੀਆਂ, ਮੀਟਿੰਗਾਂ ਵਿਚ ਭੀੜ ਇਕੱਤਰ ਕਰਨ ਲਈ ਨੌਜਵਾਨਾਂ ਨੂੰ ਤਰ੍ਹਾਂ-ਤਰ੍ਹਾਂ ਦੇ ਲਾਲਚ ਦੇ ਕੇ ਸ਼ਾਮਲ ਕੀਤਾ ਜਾਂਦਾ ਹੈ। ਜਦੋਂ ਮੁੰਡਿਆਂ ਦੀ ਆਪਸ ਵਿਚ ਲੜਾਈ ਹੁੰਦੀ ਹੈ ਤਾਂ ਇਹ ਸਿਆਸੀ ਆਗੂ ਪੁਲਿਸ ‘ਤੇ ਬਚਾਅ ਲਈ ਦਬਾਅ ਵੀ ਬਣਾਉਂਦੇ ਹਨ। ਜਾਂ ਇਹ ਕਹਿ ਲਓ ਕਿ ਪੁਲਿਸ ਦੀ ਕੁਟਾਈ, ਕੇਸ ਤੋਂ ਬਚਣ ਲਈ ਅਜਿਹੇ ਨੌਜਵਾਨ ਸਿਆਸੀ ਆਗੂਆਂ ਕੋਲ ਆਪਣੀ ਪਹੁੰਚ ਵੀ ਕਰਦੇ ਹਨ। ਇਹੀ ਕਾਰਨ ਹੈ ਕਿ ਪਿਛਲੇ ਸਮੇਂ ਦੌਰਾਨ ਮੁੱਖ ਧਾਰਾ ‘ਚ ਆਏ ਕਈ ਨੌਜਵਾਨਾਂ ਵਲੋਂ ਸ਼ਰੇਆਮ ਸਿਆਸੀ ਆਗੂਆਂ ‘ਤੇ ਉਨ੍ਹਾਂ ਨੂੰ ਇਸ ਪਾਸੇ ਵੱਲ (ਲੜਾਈ ਝਗੜੇ/ ਗੈਂਗਸਟਰ) ਧੱਕਣ ਦੇ ਦੋਸ਼ ਲਾਏ ਗਏ ਹਨ।

ਇਹ ਵੀ ਸੱਚ ਹੈ ਕਿ ਸਿਆਸੀ ਆਗੂਆਂ ਵਲੋਂ ਆਪਣੀ ਪੈਂਠ ਬਣਾਉਣ ਤੇ ਚੋਣਾਂ ਜਿੱਤਣ, ਸਿਆਸੀ ਇਕੱਠ ਕਰਨ ਜਾਂ ਸਿਆਸੀ ਵਿਰੋਧੀਆਂ ਨੂੰ ਨੱਪਣ ਲਈ ਅਜਿਹੇ ਨੌਜਵਾਨਾਂ ਨੂੰ ਸਿਆਸੀ ਸ਼ਹਿ ਦਿੱਤੀ ਜਾਂਦੀ ਹੈ ਜਿਸ ਕਰਕੇ ਅਜਿਹੇ ਨੌਜਵਾਨਾਂ ਦਾ ਅਪਰਾਧ ਕਰਨ ਦਾ ਹੌਂਸਲਾ ਵੱਧ ਜਾਂਦਾ ਹੈ ਤੇ ਹੌਲੀ ਹੌਲੀ ਵੱਡੀਆਂ ਵਾਰਦਾਤਾਂ ਵਿਚ ਸ਼ਾਮਲ ਹੋ ਜਾਂਦੇ ਹਨ।

ਉੱਧਰ ਸਿਆਸੀ ਪਾਰਟੀਆਂ ਤੇ ਲੀਡਰਾਂ ਵੱਲੋਂ ਕਥਿਤ ਤੌਰ ‘ਤੇ ਨਿੱਜੀ ਸਵਾਰਥਾਂ ਲਈ ਕਿਸੇ ਸਮੇਂ ਵਰਤੇ ਗਏ ਇਹ ਨੌਜਵਾਨ (ਗੈਂਗਸਟਰ ) ਵੀ ਹੁਣ ਅੱਕ ਗਏ ਹਨ ਤੇ ਆਪਣੇ ਤੇ ਲੱਗੇ ਬਦਨੁਮਾ ਦਾਗ ਨੂੰ ਧੋਅ ਮੁੱਖ ਧਾਰਾ ‘ਚ ਜੁੜ ਕੇ ਸਮਾਜ ‘ਚ ਵਿਚਰਨਾ ਚਾਹੁੰਦੇ ਹਨ। ਇਸ ਲੜੀ ਵਿੱਚ ਲੱਖਾ ਸਿਧਾਨਾ ਦਾ ਜ਼ਿਕਰ ਕਰਨਾ ਬਣਦਾ ਹੈ। ਇਸੀ ਲੜੀ ਵਿੱਚ ਤਾਜ਼ਾ ਤਰੀਨ ਮਾਮਲੇ ‘ਚ ਹਰਜਿੰਦਰ ਸਿੰਘ ਬਿੱਟੂ ਨੇ ਦੋਹਾਂ ਪਾਰਟੀਆਂ ਦੇ ਆਗੂਆਂ ਵੱਲੋਂ ਉਨ੍ਹਾਂ ‘ਤੇ ਝੂਠੇ ਦੋਸ਼ ਲਾਉਣ ਦੀ ਗੱਲ ਕਹਿੰਦੇ ਹੋਏ ਇਥੋਂ ਤੱਕ ਕਹਿ ਦਿੱਤਾ ਕਿ ਉਹ ਸਾਰੇ ਕੇਸਾਂ ‘ਚ ਬਰੀ ਹੋ ਚੁਕਿਆ ਹੈ। ਉਸਨੇ ਇਹ ਵੀ ਸਵਾਲ ਉਠਾਇਆ ਕਿ ਸਿਆਸੀ ਆਗੂ ਅਦਾਲਤਾਂ ਦੇ ਫੈਸਲੇ ਤੋਂ ਵੱਖ ਕਿਵੇਂ ਹੋ ਸਕਦੇ ਹਨ ।

ਕਈ ਸਮਾਜ ਸ਼ਾਸਤਰੀਆਂ ਦਾ ਮੰਨਣਾ ਹੈ ਕਿ ਪੰਜਾਬ ਵਿਚ ਗੈਂਗਸਟਰ ਸ਼ਬਦ ਪੁਲਿਸ ਦੀ ਉਪਜ ਹੈ। ਖਾੜਕੂਵਾਦ ਦੇ ਦੌਰ ਤੋਂ ਬਾਅਦ ਲੋਕ ਮਨਾਂ ਵਿਚ ਡਰ ਭੈਅ ਦਾ ਮਾਹੌਲ ਪੈਦਾ ਕਰਨ ਲਈ ਗੈਂਗਸਟਰ ਸ਼ਬਦ ਦਾ ਨਾਮ ਰਟਿਆ ਗਿਆ ਅਤੇ ਹੁਣ ਹਰ ਪਾਸੇ ਗੈਂਗਸਟਰ ਦੀ ਗੱਲ ਹੁੰਦੀ ਹੈ। ਸੋ, ਸਿਆਸੀ ਆਗੂਆਂ ਨੂੰ ਗੈਂਗਸਟਰ ਦੇ ਨਾਂਅ ‘ਤੇ ਰਾਜਨੀਤੀ ਕਰਨ ਦੀ ਬਜਾਏ ਨੌਜਵਾਨ ਪੀੜ੍ਹੀ ਨੂੰ ਚੰਗਾ ਰਾਹ ਦਿਖਾਉਣ ਲਈ ਯਤਨ ਕਰਨ ਦੀ ਜ਼ਰੂਰਤ ਹੈ ਕਿਉਂਕਿ ਪੰਜਾਬ ਨੇ ਕਾਲੇ ਦੌਰ ਦੌਰਾਨ ਲੰਬਾਂ ਸੰਤਾਪ ਝੱਲਿਆ ਹੈ। ਜੇਕਰ ਨੌਜਵਾਨ ਪੀੜ੍ਹੀ ਨੂੰ ਨਾ ਸਾਂਭਿਆ ਤਾ ਪੰਜਾਬ ਆਰਥਿਕ ਕੰਗਾਲੀ ਦੇ ਨਾਲ-ਨਾਲ ਸਮਾਜਿਕ ਕੰਗਾਲੀ ਦਾ ਵੀ ਸ਼ਿਕਾਰ ਹੋ ਜਾਵੇਗਾ।

Share This Article
Leave a Comment