ਸ਼ਹੀਦ ਮਾਸਟਰ ਊਧਮ ਸਿੰਘ ਕਸੇਲ: ਗਦਰ ਪਾਰਟੀ ਵਲੋਂ ਕ੍ਰਾਂਤੀਕਾਰੀਆਂ ਨੂੰ ਫੌਜੀ ਸਿਖਲਾਈ ਦੇਣ ਵਾਲੇ ਜਰਨੈਲ

TeamGlobalPunjab
4 Min Read

-ਅਵਤਾਰ ਸਿੰਘ

ਇਸ ਮਹਾਨ ਗਦਰੀ ਯੋਧੇ ਦਾ ਜਨਮ 15 ਮਾਰਚ 1882 ਨੂੰ ਪਿਤਾ ਮੇਵਾ ਸਿੰਘ ਦੇ ਘਰ ਮਾਤਾ ਹੁਕਮ ਕੌਰ ਦੀ ਕੁੱਖੋਂ ਪਿੰਡ ਕਸੇਲ ਜ਼ਿਲਾ ਤਰਨ ਤਾਰਨ ਵਿੱਚ ਹੋਇਆ ਸੀ। ਪਿੰਡ ਵਿੱਚ ਮੱਝਾਂ ਚਾਰਨ ਤੇ ਖੇਤਾਂ ਵਿਚ ਕੰਮ ਕਰਨ ਤੋਂ ਬਾਅਦ ਵੀਹਵੀਂ ਸਦੀ ਦੇ ਸ਼ੁਰੂ ਵਿਚ ਆਮ ਲੋਕਾਂ ਵਾਂਗ ਰੋਜ਼ਗਾਰ ਦੀ ਭਾਲ ਵਿੱਚ ਪਹਿਲਾਂ ਮਲਾਇਆ ਦੇ ਰਾਜ ਪੀਨਾਂਗ ਤੇ ਫਿਰ ਤੈਪਿੰਗ ਵਿੱਚ ਗਏ। ਉਥੇ ਸਟੇਟਸ ਗਾਈਡਸ ਵਿਚ ਸਿੰਗਨਲਰ ਦੀ ਨੌਕਰੀ ਕੀਤੀ। ਉਥੇ ਮਲਾਈ ਤੇ ਅੰਗਰੇਜ਼ੀ ਭਾਸ਼ਾ ਸਿੱਖੀ, ਫਿਰ ਅਸਤੀਫਾ ਦੇ ਕੇ ਅਮਰੀਕਾ ਪਹੁੰਚ ਗਏ।

ਮਾਸਟਰ ਊਧਮ ਸਿੰਘ ਕਸੇਲ ਅਮਰੀਕਾ ਵਿੱਚ ਬਾਬਾ ਸੋਹਣ ਸਿੰਘ ਭਕਨਾ ਤੇ ਹੋਰ ਗਦਰੀਆਂ ਦੇ ਸੰਪਰਕ ਵਿੱਚ ਆ ਗਏ ਜਿਨ੍ਹਾਂ ਨੇ ਉਨਾਂ ਨੂੰ ਲੱਕੜਾਂ ਚੀਰਨ ਵਾਲੇ ਕਾਰਖਾਨੇ ਵਿੱਚ ਨੌਕਰੀ ਦਿਵਾ ਦਿਤੀ। ਜਿਸ ਸਮੇਂ ਗਦਰ ਪਾਰਟੀ ਹੋਂਦ ਵਿੱਚ ਆਈ ਤਾਂ ਇਹ ਪਾਰਟੀ ਦੇ ਮੋਢੀਆਂ ਵਿੱਚ ਸ਼ਾਮਲ ਸਨ। ਉਨ੍ਹਾਂ ਨੂੰ ਗਦਰ ਪਾਰਟੀ ਵਲੋਂ ਕ੍ਰਾਂਤੀਕਾਰੀਆਂ ਨੂੰ ਫੌਜੀ ਸਿਖਲਾਈ ਦੇਣ ਵਾਲੇ ਜਰਨੈਲਾਂ ਵਿੱਚ ਸ਼ਾਮਲ ਕੀਤਾ ਗਿਆ। ਉਨ੍ਹਾਂ ਵੱਲੋਂ ਹਿੰਦੋਸਤਾਨ ਨੂੰ ਆਉਂਦੇ ਸਮੇਂ ਰਾਹ ਵਿਚ ਪੈਂਦੇ ਸ਼ਹਿਰ ਕੈਨਟੋਨ ਤੇ ਪੀਨਾਂਗ ਤੋਂ ਹਥਿਆਰ ਖਰੀਦ ਕੇ ਲਿਆਂਦੇ ਗਏ। 1914 ਨੂੰ ਦੇਸ਼ ਵਿੱਚ ਪਹੁੰਚੇ ਤੋਸ਼ਾ ਮਾਰੂ ਜਹਾਜ ਵਿੱਚ ਉਤਰਨ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਮੁਲਤਾਨ ਜੇਲ੍ਹ ਵਿੱਚ ਭੇਜ ਦਿਤਾ। ਪਹਿਲੇ ਲਾਹੌਰ ਸ਼ਾਜਿਸ ਕੇਸ ਵਿੱਚ ਉਮਰ ਕੈਦ, ਕਾਲੇ ਪਾਣੀ ਤੇ ਜਾਇਦਾਦ ਜ਼ਬਤ ਦੀ ਸ਼ਜਾ ਹੋਈ।

ਮਾਸਟਰ ਊਧਮ ਸਿੰਘ ਕਸੇਲ ਜਦੋਂ ਕਾਲੇ ਪਾਣੀ (ਅੰਡੇਮਾਨ ਜੇਲ੍ਹ) ਤੋਂ ਸਾਰੇ ਕੈਦੀ ਲਿਆਂਦੇ ਗਏ ਤਾਂ ਉਨ੍ਹਾਂ ਨੂੰ ਕੋਇੰਬਟੂਰ ਤੇ ਫਿਰ ਬੈਲੂਰ ਜੇਲ੍ਹ ਵਿੱਚ ਰੱਖਿਆ ਗਿਆ। 1921 ਵਿੱਚ ਮਾਸਟਰ ਜੀ ਨੇ ਕੁਝ ਚਿਰ ਰਹਿਣ ਪਿੱਛੋਂ ਜੇਲ੍ਹ ਵਿੱਚੋਂ ਭੱਜਣ ਲਈ ਮੋਮ ਲੱਭ ਕੇ ਜਿੰਦਰੇ ਦੇ ਆਕਾਰ ਦੀਆਂ ਚਾਬੀਆਂ ਤਿਆਰ ਕੀਤੀਆਂ। ਉਨ੍ਹਾਂ ਨੂੰ ਜੇਲ੍ਹ ਵਿੱਚ ਵਾਣ ਵੱਟਣ ਦਾ ਕੰਮ ਦਿੱਤਾ ਗਿਆ ਸੀ ਉਨ੍ਹਾਂ ਥੋੜ੍ਹੀ ਥੋੜ੍ਹੀ ਮੁੰਜ ਦੀ ਰੱਸੀ ਇਕੱਠੀ ਕਰਕੇ ਰੱਸਾ ਤਿਆਰ ਕੀਤਾ। 1922 ਦੀ ਇਕ ਰਾਤ ਸਖਤ ਝੱਖੜ ਝੁੱਲ ਰਿਹਾ ਸੀ। ਮੌਕਾ ਵੇਖ ਕੇ ਕੋਠੜੀ ਦਾ ਜਿੰਦਰਾ ਖੋਲ੍ਹਿਆ। ਪਹਿਰੇਦਾਰ ਵੱਲੋਂ ਦੂਜੇ ਪਾਸੇ ਗਸ਼ਤ ਕਰਨ ਜਾਣ ‘ਤੇ ਕੰਧ ਉਪਰ ਰੱਸਾ ਸੁੱਟ ਕੇ ਜੇਲ੍ਹ ਦਾ ਗੰਦਾ ਪਾਣੀ ਬਾਹਰ ਜਾਣ ਵਾਲੀ ਨਾਲੀ ਜਿਸ ‘ਤੇ ਦੋ ਜਿੰਦਰੇ ਮਾਰੇ ਹੋਏ ਸਨ, ਉਹ ਖੋਲ੍ਹ ਕੇ ਤੇ ਉਸ ਦੀਆਂ ਸੀਖਾਂ ਨਾਲ ਰੱਸਾ ਬੰਨ੍ਹ ਕੇ ਕੰਧ ਟੱਪ ਗਏ। ਫਿਰ ਉਨ੍ਹਾਂ ਰੱਸਾ ਤੇ ਖੋਲ੍ਹ ਦਿੱਤਾ ਤੇ ਜਿੰਦਰੇ ਵੀ ਮਾਰ ਦਿੱਤੇ ਤਾਂ ਕਿ ਸ਼ੱਕ ਨਾ ਹੋਵੇ।

- Advertisement -

ਜੇਲ੍ਹ ਵਿਚੋਂ ਫਰਾਰ ਹੋ ਕੇ ਕੁਝ ਰਸਤਾ ਗੱਡੀ ਤੇ ਜ਼ਿਆਦਾ ਪੈਦਲ ਲੱਗਭਗ 600 ਕਿਲੋਮੀਟਰ ਚਲ ਕੇ ਕੀਤਾ ਤੇ ਭਾਈ ਪਿਆਰਾ ਸਿੰਘ ਲੰਗੇਰੀ, ਹੁਸ਼ਿਆਰਪੁਰ ਕੋਲ ਪਹੁੰਚੇ। ਰਾਹ ਦੀ ਥਕਾਵਟ ਵੇਲੇ ਕੁਵੇਲੇ ਦੀ ਭੁੱਖ ਤੇ ਤਕਲੀਫਾਂ ਕਾਰਨ ਪਿੰਡੇ ਤੇ ਸੋਜ ਪੈ ਗਈ। ਕੁਝ ਦਿਨ ਉਥੇ ਰਹਿਣ ਤੋਂ ਬਾਅਦ ਕਾਬਲ ਚਲੇ ਗਏ। ਉਥੋਂ ਦਾ ਅਮਾਨੁਲਾ ਅੰਗਰੇਜ਼ ਸਰਕਾਰ ਵਿਰੁੱਧ ਹੋਣ ਕਰਕੇ ਦੇਸ਼ ਭਗਤਾਂ ਦੀ ਕਦਰ ਕਰਦਾ ਸੀ। 1923 ‘ਚ ਦੀਵਾਨ ਕਰਕੇ ‘ਖਾਲਸਾ ਦੀਵਾਨ ਅਫਗਾਨਿਸਤਾਨ ਜਲਾਲਾਬਾਦ’ ਕਾਇਮ ਕੀਤਾ। ਉਥੇ ਲਾਲਪੁਰਾ ਪਿੰਡ ਵਿੱਚ ਹਿੰਦੂ ਤੇ ਸਿੱਖ ਰਹਿੰਦੇ ਸਨ। ਉਨ੍ਹਾਂ ਦੇ ਬੱਚਿਆਂ ਨੂੰ ਪੜ੍ਹਾਉਣ ਲੱਗ ਪਏ।ਬੱਚਿਆਂ ਨੂੰ ਪੜ੍ਹਾਉਣ ਕਰਕੇ ਉਨ੍ਹਾਂ ਦੇ ਨਾਂ ਨਾਲ ਮਾਸਟਰ ਸ਼ਬਦ ਜੁੜ ਗਿਆ। ਹਰ ਸਾਲ ਅੰਮ੍ਰਿਤਸਰ ਆਉਂਦੇ ਤੇ ਇਥੇ ਆਣ ਕੇ ਲਹਿਰ ਨਾਲ਼ ਸਬੰਧਤ ਲੋਕਾਂ ਨਾਲ ਤਾਲਮੇਲ ਕਰਦੇ। ਉਹ ਆਖਰੀ ਵਾਰ 1925 ਵਿਚ ਅੰਮ੍ਰਿਤਸਰ ਆਏ।

20 ਜਨਵਰੀ 1926 ਨੂੰ ਜਦ ਉਹ ਅੰਮ੍ਰਿਤਸਰ ਤੋਂ ਵਾਪਸ ਕਾਬਲ ਜਾ ਰਹੇ ਸਨ ਤਾਂ ਰਾਹ ਭੁੱਲਣ ਕਾਰਨ ਜੰਗਲੀ ਇਲਾਕੇ ਵਿੱਚ ਚਲੇ ਗਏ ਜਿਥੇ ਦੋ ਪਠਾਨਾਂ ਨੇ ਧਨ ਲੁੱਟਣ ਦੀ ਖਾਤਰ 27 ਜਨਵਰੀ 1926 ਨੂੰ ਗੋਲੀਆਂ ਨਾਲ ਸ਼ਹੀਦ ਕਰ ਦਿੱਤਾ। ਇਸ ਤਰ੍ਹਾਂ ਉਹ ਸ਼ਹਾਦਤ ਦਾ ਜਾਮ ਪੀ ਗਏ। ਜਦੋਂ ਲੋਕਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਗੁੱਸੇ ਵਿਚ ਆ ਕੇ ਗੋਲੀ ਮਾਰਨ ਵਾਲੇ ਪਠਾਨਾਂ ਦੇ ਪਿੰਡ ਨੂੰ ਅੱਗ ਲਾ ਕੇ ਸਾੜ ਦਿੱਤਾ। ਇਹ ਗੱਲ ਵੀ ਪ੍ਰਚਲਿਤ ਹੋ ਗਈ ਸੀ ਕਿ ਊਧਮ ਸਿੰਘ ਕਸੇਲ ਨੂੰ ਸੀ ਆਈ ਡੀ ਦੇ ਆਦਮੀਆਂ ਨੇ ਮਾਰਿਆ ਸੀ। ਅਜਿਹੇ ਗ਼ਦਰੀ ਯੋਧਿਆਂ ਨੂੰ ਸਦਾ ਸਲਾਮ।

Share this Article
Leave a comment