ਕਿਸਾਨਾਂ ਦੇ ਵਧਾਏ ਆਬਿਆਨੇ ਦੇ ਵਿਰੋਧ ਵਿੱਚ ਕਿਸ ਆਜ਼ਾਦੀ ਘੁਲਾਟੀਏ ਨੇ ਛੇੜਿਆ ਸੀ ਸੰਘਰਸ਼

TeamGlobalPunjab
5 Min Read

ਅਵਤਾਰ ਸਿੰਘ

ਜ਼ਿੰਦਗੀ ਦੇ 38 ਸਾਲ ਜਲਾਵਤਨ ਰਹਿਣ ਵਾਲੇ ਦੇਸ਼ ਭਗਤ ਸਰਦਾਰ ਅਜੀਤ ਸਿੰਘ ਦਾ ਪਰਿਵਾਰ ਦੇਸ਼ ਭਗਤਾਂ ਦਾ ਪਰਿਵਾਰ ਸੀ। ਉਸਦੇ ਪਿਤਾ ਸਰਦਾਰ ਅਰਜਨ ਸਿੰਘ ਮਨੁੱਖੀ ਏਕਤਾ ਤੇ ਬਰਾਬਰੀ ਦੇ ਹਾਮੀ ਸਨ। ਅਜੀਤ ਸਿੰਘ ਦੇ ਵੱਡੇ ਭਰਾ ਕਿਸ਼ਨ ਸਿੰਘ ਅਤੇ ਛੋਟੇ ਭਰਾ ਸਵਰਨ ਸਿੰਘ ਆਜ਼ਾਦੀ ਘੁਲਾਟੀਏ ਸਨ।
ਅਜੀਤ ਸਿੰਘ ਦਾ ਜਨਮ 23 ਫਰਵਰੀ 1881 (2 ਫਰਵਰੀ) ਨੂੰ ਖਟਕੜ ਕਲਾਂ ਵਿਖੇ ਮਾਤਾ ਜੈ ਕੌਰ ਦੀ ਕੁੱਖੋਂ ਪਿਤਾ ਅਰਜਨ ਸਿੰਘ ਦੇ ਘਰ ਹੋਇਆ। ਉਨ੍ਹਾਂ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਦਸਵੀਂ ਪਾਸ ਕਰਨ ਤੋਂ ਬਾਅਦ ਘਰ ਵਾਲਿਆਂ ਕ਼ਾਨੂਨ ਦੀ ਪੜ੍ਹਾਈ ਲਾਅ ਕਰਨ ਲਈ ਬਰੇਲੀ ਭੇਜਿਆ, ਉਥੇ ਸਿਹਤ ਵਿਗੜਨ ਤੇ ਪੜਾਈ ਛੱਡਣ ਉਪਰੰਤ ਵਾਪਸ ਆ ਕੇ ਡੀ ਏ ਵੀ ਕਾਲਜ ਲਾਹੌਰ ਤੋਂ ਐਫ ਏ ਪਾਸ ਕੀਤੀ।


ਕਾਲਜ ਵਿੱਚ ਲਾਲਾ ਲਾਜਪਤ ਰਾਏ ਤੇ ਹੋਰ ਕਰਾਂਤੀਕਾਰੀਆਂ ਦੇ ਪ੍ਰਭਾਵ ਨਾਲ ਸਮਾਜਿਕ ਤੇ ਰਾਜਨਤਕ ਕਾਰਜਾਂ ਵਿੱਚ ਸਰਗਰਮ ਹੋ ਗਏ। 1903 ਵਿਚ ਕਸੂਰ ਦੇ ਵਕੀਲ ਦੀ ਲੜਕੀ ਹਰਨਾਮ ਕੌਰ ਨਾਲ ਸ਼ਾਦੀ ਹੋਈ। ਆਰੀਆ ਸਮਾਜ ਨਾਲ ਜੁੜ ਕੇ ਕਈ ਪੈਂਫਲਿਟ ਕੱਢੇ।

1906 ਨੂੰ ਕਲਕੱਤੇ ਵਿਚ ਕਾਂਗਰਸ ਦੇ ਇਜਲਾਸ ਦੀ ਪ੍ਰਧਾਨਗੀ ਕਰਦੇ ਹੋਏ ਦਾਦਾ ਭਾਈ ਨਾਰੋ ਜੀ ਨੇ ਕਿਹਾ, “ਅਸੀਂ ਕੋਈ ਦਾਨ ਨਹੀਂ ਮੰਗਦੇ, ਅਸੀਂ ਕੇਵਲ ਨਿਆਂ ਚਾਹੁੰਦੇ ਹਾਂ। ਸਾਡੀ ਮੰਗ ਹੈ-ਸਵਰਾਜ।”

- Advertisement -

ਅਜੀਤ ਸਿੰਘ ਕਾਫੀ ਪ੍ਰਭਾਵਤ ਹੋਏ ਤਾਂ ਉਥੋਂ ਪੰਜਾਬ ਆਣ ਕੇ ਵੱਡੇ ਭਰਾ ਕਿਸ਼ਨ ਸਿੰਘ ਨਾਲ ਰਲ ਕੇ ਭਾਰਤ ਮਾਤਾ ਸੁਸਾਇਟੀ ਤੇ ਕਿਰਤੀਆਂ ਦਾ ਸੰਗਠਨ ਅੰਜੁਮਨ-ਏ-ਮੋਹਬਿਨ-ਏ ਵਤਨ ਬਣਾਇਆ।

1905 ਵਿਚ ਬੰਗਾਲ ਦੀ ਵੰਡ ਦੇ ਵਿਰੋਧ ਵਿੱਚ ਉਨ੍ਹਾਂ ਰਾਸ਼ਟਰੀ ਸੋਗ ਦਿਵਸ ਮਨਾਇਆ। ਪੰਜਾਬ ਸਰਕਾਰ ਨੇ 1906 ਵਿਚ ਲੈਂਡ ਏਲੀਏਸ਼ਨ ਐਕਟ ਦੀ ਸੋਧ ਤੇ ਬਾਰੀ ਦੋਆਬਾ ਐਕਟ ਪਾਸ ਕਰਕੇ ਕਿਸਾਨਾਂ ਦੇ ਵਧਾਏ ਆਬਿਆਨੇ ਦੇ ਵਿਰੋਧ ਵਿੱਚ ਕਿਸਾਨਾਂ ਵਿੱਚ ਰੋਸ ਪੈਦਾ ਹੋ ਗਿਆ। 27-1-1907 ਨੂੰ ਪਾਕਿਸਤਾਨ ਦੇ ਸਾਂਗਲਾ ਕਸਬੇ ਵਿਚ ਅਜੀਤ ਸਿੰਘ ਨੇ ਲਾਲਾ ਬਾਂਕੇ ਦਿਆਲ, ਸੂਫੀ ਅੰਬਾ ਪ੍ਰਸ਼ਾਦਿ ਤੇ ਸਰ ਸ਼ਹਾਬੁਦੀਨ ਨਾਲ ਮਿਲ ਕੇ ਕਿਸਾਨਾਂ ਦਾ ਪਹਿਲਾ ਵੱਡਾ ਇਕੱਠ ਕਰਕੇ ਅੰਦੋਲਨ ਸ਼ੁਰੂ ਕੀਤਾ।

3 ਮਾਰਚ 1907 ਨੂੰ ਲਾਇਲਪੁਰ ਵਿਖੇ ਵਿਸ਼ਾਲ ਕਾਨਫਰੰਸ ਕੀਤੀ ਗਈ। ਇਸ ਵਿੱਚ ਝੰਗ ਸਿਆਲ ਦੇ ਐਡੀਟਰ ਬਾਂਕੇ ਦਿਆਲ ਦੀ ਕਵਿਤਾ ਪਗੜੀ ਸੰਭਾਲ ਜੱਟਾ, ਪਗੜੀ ਸੰਭਾਲ ਉਏ ਸਟੇਜਾਂ ਤੇ ਆਮ ਪੜੀ ਜਾਂਦੀ ਜਿਸ ਨੇ ਲੋਕਾਂ ਦੇ ਦਿਲ ਜਿਤ ਲਏ। ਇਸੇ ਕਰਕੇ ਕਿਸਾਨਾਂ ਦੀ ਇਸ ਲਹਿਰ ਦਾ ਨਾਂ ਪਗੜੀ ਸੰਭਾਲ ਲਹਿਰ ਪੈ ਗਿਆ।

1907 ਨੂੰ ਅੰਮਿ੍ਤਸਰ ਦੇ ਵੰਦੇ ਮਾਤਰਮ ਹਾਲ ਵਿਚ ਅਜੀਤ ਸਿੰਘ ਨੇ ਕਿਹਾ, ਬਾਹਰਲੇ ਦੇਸ਼ਾਂ ਵਿਚ ਭਾਰਤੀਆਂ ਦੀ ਅਵਸਥਾ ਮਨੁੱਖਤਾ ਦੀ ਹੇਠੀ ਬਰਾਬਰ ਹੈ।ਸਾਨੂੰ ਜਾਤ, ਬਰਾਦਰੀ ਅਤੇ ਧਰਮ ਦੇ ਸੌੜੇ ਖਿਆਲਾਂ ਨੂੰ ਛੱਡ ਕੇ ਇਕਮੁਠ ਹੋਣਾ ਚਾਹੀਦਾ ਹੈ। ਤੁਸੀਂ ਇਹ ਆਸ ਨਾ ਰੱਖੋ ਕਿ ਇਕ ਸ਼ਕਤੀਸ਼ਾਲੀ ਸਾਮਰਾਜ ਦੇਸ਼ ਦੀ ਵਾਗਡੋਰ ਆਪਣੇ ਆਪ ਤੁਹਾਡੇ ਹੱਥ ਸੌਂਪ ਦੇਵੇਗਾ।

ਕਿਸਾਨਾਂ ਦੇ ਵਧ ਰਹੇ ਰੋਹ ਨੂੰ ਵੇਖ ਕੇ ਬਰਤਾਨਵੀ ਹਕੂਮਤ ਨੇ ਕਿਸਾਨ ਵਿਰੋਧੀ ਕਾਨੂੰਨ ਵਾਪਸ ਲੈ ਲਏ। ਸਰਕਾਰ ਨੇ ਲਾਹੌਰ ਤੋਂ ਲਾਲਾ ਲਾਜਪਤ ਰਾਏ ਨੂੰ 9 ਮਈ ਤੇ ਅਜੀਤ ਸਿੰਘ ਨੂੰ ਅੰਮਿ੍ਤਸਰ ਤੋਂ 3 ਜੂਨ 1907 ਨੂੰ ਗ੍ਰਿਫ਼ਤਾਰ ਕਰਕੇ ਮਾਂਡਲਾ ਜੇਲ੍ਹ ਵਿੱਚ ਭੇਜ ਦਿਤਾ ਪਰ ਲੋਕ ਵਿਦਰੋਹ ਕਾਰਣ 18-11-1907 ਨੂੰ ਰਿਹਾਅ ਕਰਨਾ ਪਿਆ।

- Advertisement -

ਅਗਸਤ 1909 ਵਿੱਚ ਭੇਸ ਬਦਲ ਕੇ ਪਹਿਲਾਂ ਪੰਜਾਬ ਆਏ, ਇਥੇ ਉਨ੍ਹਾਂ ‘ਪੇਸ਼ਵਾ’ ਰਸਾਲਾ ਸ਼ੁਰੂ ਕੀਤਾ। ਫਿਰ ਉਹ ਈਰਾਨ, ਤੁਰਕੀ ਤੇ ਉਥੋਂ ਸਵਿਜਟਰਲੈਂਡ ਤੇ ਪੈਰਿਸ ਗਏ ਜਿਥੇ ਮੈਡਮ ਕਾਮਾ, ਕਿਰਸ਼ਨ ਵਰਮਾ ਨਾਲ ਸੰਪਰਕ ਹੋਇਆ। 1914 ਵਿੱਚ ਬਰਾਜ਼ੀਲ ਜਾ ਕੇ ਸਕੂਲ ਖੋਲ੍ਹ ਲਿਆ, ਉਥੇ ਤੇਜਾ ਸਿੰਘ ਸੁੰਤਤਰ ਤੇ ਗਦਰੀ ਭਾਈ ਰਤਨ ਸਿੰਘ ਨੂੰ ਮਿਲਦੇ ਰਹੇ। 1930 ਵਿੱਚ ਕਿਸ਼ਨ ਸਿੰਘ ਨੂੰ ਪੱਤਰ ਰਾਂਹੀ ਭਤੀਜੇ ਸ਼ਹੀਦ ਭਗਤ ਸਿੰਘ ਨੂੰ ਬਰਾਜ਼ੀਲ ਭੇਜਣ ਲਈ ਲਿਖਿਆ। ਉਹ 1933 ਵਿਚ ਅਰਜਨਟਾਈਨਾ, ਪੈਰਿਸ ਤੇ ਇਟਲੀ ਵਿੱਚ ਵੀ ਗਏ।ਦੂਜੇ ਯੁੱਧ ਦੌਰਾਨ ਬਰਤਾਨਵੀ ਸਾਮਰਾਜ ਖਿਲਾਫ ਭਾਰਤ ਦੀ ਆਜਾਦੀ ਲਈ ਰੋਮ ਰੇਡੀਓ ਤੋਂ ਪ੍ਰਚਾਰ ਕਰਦੇ ਰਹੇ। 1941ਵਿਚ ਸ਼ੁਭਾਸ ਚੰਦਰ ਬੋਸ ਨਾਲ ਮੁਲਾਕਾਤ ਹੋਈ।

ਜਰਮਨੀ, ਇਟਲੀ ਦੀ ਹਾਰ ਤੋਂ ਬਾਅਦ ਅਜੀਤ ਸਿੰਘ ਨੂੰ ਮਈ 1945 ਵਿਚ ਗ੍ਰਿਫ਼ਤਾਰ ਕਰਕੇ ਜਰਮਨੀ ਦੇ ਪੈਂਡਲ ਕੈਂਪ ਵਿਚ ਭੇਜ ਦਿੱਤਾ। ਸਿਹਤ ਵਿਗੜਨ ਤੇ ਟੀ ਬੀ ਸੈਨੀਟੋਰੀਅਮ ਵਿੱਚ ਦਾਖਲ ਕਰਵਾਇਆ ਗਿਆ। ਦਸੰਬਰ 1946 ਵਿਚ ਜਰਮਨੀ ਤੋ ਲੰਡਨ ਪਹੁੰਚ ਗਏ।

ਜਵਾਹਰ ਲਾਲ ਨਹਿਰੂ ਦੀਆਂ ਕੋਸ਼ਿਸਾਂ ਨਾਲ 10-4-1947 ਨੂੰ ਲਾਹੌਰ ਆ ਗਏ ਜਿਥੇ ਉਨ੍ਹਾਂ ਦਾ ਭਾਰੀ ਸਵਾਗਤ ਕੀਤਾ ਗਿਆ। 7 ਮਾਰਚ 1947 ਨੂੰ ਦਿੱਲੀ ਆ ਗਏ। ਫਿਰ ਆਪਣੀ ਪਤਨੀ ਸਮੇਤ ਡਾਕਟਰਾਂ ਦੀ ਸਲਾਹ ਨਾਲ ਆਪਣੇ ਮਿੱਤਰ ਹੰਸ ਰਾਜ ਸਿਆਲ ਕੋਲ ਡਲਹੌਜੀ ਚਲੇ ਗਏ। 3-6-1947 ਨੂੰ ਦੇਸ਼ ਦੀ ਵੰਡ ਦੇ ਐਲਾਨ ਤੋਂ ਬਹੁਤ ਦੁਖੀ ਹੋਏ।

14-15 ਅਗਸਤ ਦੀ ਰਾਤ ਨੂੰ ਨਹਿਰੂ ਨੇ ਦੇਸ਼ ਦੀ ਆਜ਼ਾਦੀ ਦਾ ਐਲਾਨ ਕਰ ਦਿੱਤਾ। ਸਵੇਰੇ ਸਾਢੇ ਤਿੰਨ ਵਜੇ ਸਰਦਾਰ ਅਜੀਤ ਸਿੰਘ ਅਲਵਿਦਾ ਕਹਿ ਗਏ। ਉਨਾਂ ਦੀ ਸਮਾਧ ਡਲਹੌਜੀ ਦੇ ਨੇੜੇ ਹੀ ਹੈ। ਉਨ੍ਹਾਂ ਦੇ ਅੰਤਮ ਸ਼ਬਦ ਸਨ, ਸ਼ੁਕਰ ਹੈ ਕਿ ਮੇਰੀ ਅੰਤਮ ਇੱਛਾ ਪੂਰੀ ਹੋ ਗਈ ਹੈ, ਹੁਣ ਮੈਂ ਸਦਾ ਲਈ ਸੰਸਾਰ ਨੂੰ ਅਲਵਿਦਾ ਕਹਿ ਸਕਦਾ ਹਾਂ।

Share this Article
Leave a comment