ਪੰਜਾਬ ਨਸ਼ਿਆਂ ਦੇ ਕਹਿਰ ਹੇਠ

Prabhjot Kaur
4 Min Read

ਜਗਤਾਰ ਸਿੰਘ ਸਿੱਧੂ;
ਮੈਨੇਜਿੰਗ ਐਡੀਟਰ

ਪੰਜਾਬ ਇਸ ਕਦਰ ਨਸ਼ਿਆਂ ਦੇ ਸੌਦਾਗਰਾਂ ਵੱਲੋਂ ਪੈਰਾਂ ਹੇਠ ਰੌਂਦਿਆ ਜਾ ਰਿਹਾ ਹੈ, ਇਸ ਦੀ ਅੱਜ ਇੱਕ ਦਿਲ ਕੰਬਾਊ ਤਸਵੀਰ ਮਾਝਾ, ਮਾਲਵਾ ਅਤੇ ਦੁਆਬੇ ‘ਚ ਵਾਪਰੀਆਂ ਤਿੰਨ ਮੰਗਭਾਗੀਆਂ ਘਟਨਾਵਾਂ ਹਨ। ਮਿਸਾਲ ਵਜੋਂ ਦੁਆਬੇ ਵਿੱਚ ਨਸ਼ਾ ਛਡਾਊ ਮੁਹਿੰਮ ਦੇ ਆਗੂ ਰਾਮ ਗੋਪਾਲ ਦਾ ਕੁੱਝ ਲੋਕਾਂ ਨੇ ਕਤਲ ਕਰ ਦਿੱਤਾ। ਬੇਸ਼ੱਕ ਰਾਮ ਗੋਪਾਲ ਦੇ ਕਤਲ ਨਾਲ ਸਬੰਧਤ ਦੋ ਵਿਅਕਤੀਆਂ ਨੂੰ ਕਾਬੂ ਵੀ ਕੀਤਾ ਗਿਆ ਹੈ ਪਰ ਇਲਾਕੇ ਦੇ ਲੋਕਾਂ ਵਿੱਚ ਇਸ ਵਾਰਦਾਤ ਵਿਰੁੱਧ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਦੀ ਮੰਗ ਹੈ ਕਿ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਅਤੇ ਮ੍ਰਿਤਕ ਰਾਮ ਗੋਪਾਲ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ। ਇਹ ਵੀ ਮੀਡੀਆ ਵਿੱਚ ਰਿਪੋਰਟ ਹੋਇਆ ਹੈ ਕਿ ਨਸ਼ਾ ਵਿਰੋਧੀ ਫਰੰਟ ਦੇ ਆਗੂ ਰਾਮ ਗੋਪਾਲ ਨੂੰ ਪਹਿਲਾਂ ਵੀ ਕੁਝ ਧਮਕੀਆਂ ਮਿਲ ਚੁੱਕੀਆਂ ਸਨ ਅਤੇ ਉਸ ਨੇ ਇਹ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਸੀ ਪਰ ਇਸ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ। ਹੁਣ ਜਦੋਂ ਵਾਰਦਾਤ ਵਾਪਰ ਗਈ ਹੈ ਤਾਂ ਪੁਲਿਸ ਹਰਕਤ ਵਿੱਚ ਆਈ ਹੈ। ਇਸੇ ਤਰ੍ਹਾਂ ਮਾਝੇ ਦੇ ਮਜੀਠਾ ਹਲਕੇ ਦੀ ਇੱਕ ਮਸਾਲ ਹੈ। ਇਸ ਹਲਕੇ ਵਿੱਚ ਇੱਕ 23 ਸਾਲਾਂ ਨੌਜਵਾਨ ਨਸ਼ੇ ਦੀ ਓਵਰਡੋਜ਼ ਕਾਰਨ ਆਪਣੀ ਜਾਨ ਤੋਂ ਹੱਥ ਧੋ ਬੈਠਾ। ਮਾਲਵੇ ਦੇ ਪਿੰਡ ਟੱਲੇਵਾਲ ਦੀ ਇਕ ਮਾਂ ਆਪਣੇ ਪੁੱਤ ਨੂੰ ਬਚਾਉਣ ਲਈ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਪੈਸੇ ਇਕੱਠੇ ਕਰ ਰਹੀ ਹੈ ਕਿਉਂ ਜੋ ਉਸਦਾ ਪੁੱਤ ਪਿਛਲੇ 6 ਮਹੀਨਿਆਂ ਤੋਂ ਨਸ਼ਾ ਛਡਾਊ ਕੇਂਦਰ ਵਿੱਚ ਇਲਾਜ ਕਰਵਾ ਰਿਹਾ ਹੈ। ਇਹ ਤਿੰਨੇ ਉਦਾਹਰਣਾ ਪੰਜਾਬ ਦੇ ਤਿੰਨ ਵੱਡੇ ਖਿਤਿਆਂ ਦੀ ਤਸਵੀਰ ਪੇਸ਼ ਕਰਦੀਆਂ ਹਨ। ਦੂਜੇ ਪਾਸੇ ਸਰਕਾਰ ਦਾ ਦਾਅਵਾ ਹੈ ਕਿ ਪੰਜਾਬ ਪੁਲਿਸ ਡਰੱਗ ਮਾਫੀਆ ਖਿਲਾਫ਼ ਵੱਡੀ ਕਾਰਵਾਈ ਕਰ ਰਹੀ ਹੈ। ਪਿਛਲੇ ਇੱਕ ਹਫਤੇ ਵਿੱਚ 257 ਨਸ਼ਾ ਤਸਕਰ ਪੁਲਿਸ ਦੀ ਹਿਰਾਸਤ ਵਿੱਚ ਹਨ। 16 ਕਿਲੋ ਤੋਂ ਜ਼ਿਆਦਾ ਡਰੱਗ ਅਤੇ 6 ਕਿਲੋ ਤੋਂ ਜ਼ਿਆਦਾ ਅਫੀਮ ਜਬਤ ਕੀਤੀ ਹੈ। 11 ਲੱਖ ਤੋਂ ਵਧੇਰੇ ਡਰੱਗ ਨਾਲ ਸਬੰਧਤ ਪੈਸਾ ਕਾਬੂ ਕੀਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ ਮੁਤਾਬਕ ਹੀ ਛੇਤੀ ਹੀ ਪੰਜਾਬ ਵਿੱਚ ਨਸ਼ਿਆਂ ਦੀਆਂ ਜੜਾਂ ਪੁੱਟ ਦਿੱਤੀਆਂ ਜਾਣਗੀਆਂ। ਇਹ ਦਾਅਵਾ ਡੀ ਜੀ ਪੀ ਪੁਲਿਸ ਗੌਰਵ ਯਾਦਵ ਵੱਲੋਂ ਕੀਤਾ ਗਿਆ ਹੈ।

ਮੁੱਖ ਮੰਤਰੀ ਭਗਵੰਤ ਮਾਨ ਦੀ ਪਾਰਟੀ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਪੰਜਾਬੀਆਂ ਨਾਲ ਦਾਅਵਾ ਕੀਤਾ ਸੀ ਕਿ ਸਰਕਾਰ ਵਿੱਚ ਆਉਂਦਿਆਂ ਹੀ ਪੰਜਾਬ ਵਿੱਚ ਨਸ਼ਿਆਂ ਨੂੰ ਠਲ੍ਹ ਪਾ ਦਿੱਤੀ ਜਾਵੇਗੀ। ਹੁਣ 10 ਮਹੀਨੇ ਬੀਤ ਜਾਣ ਬਾਅਦ ਹੀ ਮਾਝਾ, ਦੁਆਬਾ ਅਤੇ ਮਾਲਵਾ ਦੀਆਂ ਤਸਵੀਰਾਂ ਸਰਕਾਰੀ ਦਾਅਵਿਆਂ ਦਾ ਮੂੰਹ ਚੜਾ ਰਹੀਆਂ ਹਨ। ਬੇਸ਼ੱਕ ਸਰਕਾਰ ਲਗਾਤਾਰ ਇਹ ਅੰਕੜੇ ਪੇਸ਼ ਕਰ ਰਹੀ ਹੈ ਕਿ ਨਸ਼ਾ ਤਸਕਰਾਂ ਦਾ ਲੱਕ ਤੋੜਿਆ ਜਾ ਰਿਹਾ ਹੈ ਪਰ ਇਸ ਦੇ ਬਾਵਜੂਦ ਜ਼ਮੀਨੀ ਹਕੀਕਤਾਂ ਕੁੱਝ ਹੋਰ ਬਿਆਨ ਕਰਦੀਆਂ ਹਨ। ਸਰਕਾਰ ਦਾ ਦਾਅਵਾ ਹੈ ਕਿ ਪਿਛਲੀਆਂ ਸਰਕਾਰਾਂ ਸਮੇਂ ਨਸ਼ੇ ਦੇ ਸੌਦਾਗਰਾਂ ਨੇ ਪੰਜਾਬ ਦਾ ਬੇੜਾ ਗਰਕ ਕਰਿਆ ਪਰ ਹੁਣ ਸਰਕਾਰ ਵੱਲੋਂ ਨਸ਼ਾ ਸੌਦਾਗਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ। ਸਵਾਲ ਇਹ ਪੈਦਾ ਹੁੰਦਾ ਹੈ ਕਿ ਪਿਛਲੀਆਂ ਸਰਕਾਰਾਂ ਬਾਰੇ ਦੋਸ਼ ਲਾਉਣ ਨਾਲ ਮੌਜੂਦਾ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਹੋ ਸਕਦੀ। ਆਏ ਦਿਨ ਨਸ਼ੇ ਕਾਰਨ ਪੰਜਾਬ ਵਿੱਚ ਮੰਦਭਾਗੀਆਂ ਘਟਨਾਵਾਂ ਵਾਪਰ ਰਹੀਆਂ ਹਨ। ਇਸ ਲਈ ਹਾਕਮ ਧਿਰ ਨੂੰ ਇਸ ਮਾਮਲੇ ਬਾਰੇ ਰਾਜਸੀ ਦੂਸ਼ਣਬਾਜ਼ੀ ਤੋਂ ਉਪਰ ਉਠ ਕੇ ਸੋਚਣ ਦੀ ਲੋੜ ਹੈ। ਪੰਜਾਬ ਦੇ ਲੋਕਾਂ ਨੇ ਪਹਿਲਾਂ ਅਕਾਲੀ ਸਰਕਾਰ ਅਤੇ ਮੁੜ ਕੇ ਕਾਂਗਰਸ ਸਰਕਾਰ ਨੂੰ ਚਲਦਾ ਕਰਕੇ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਹੈ। ਇਸ ਤਰ੍ਹਾਂ ਪੰਜਾਬੀਆਂ ਵੱਲੋਂ ਮਿਲੇ ਵੱਡੇ ਫ਼ਤਵੇ ਦਾ ਹੁੰਗਾਰਾ ਵੀ ਵੱਡੀ ਜ਼ਿੰਮੇਵਾਰੀ ਨਾਲ ਨਿਭਾਉਣ ਦੀ ਲੋੜ ਹੈ।

Share this Article
Leave a comment