Home / ਓਪੀਨੀਅਨ / ਨੌਜਵਾਨ ਪੀੜ੍ਹੀ, ਰੁਜ਼ਗਾਰ ਸੰਕਟ ਅਤੇ ਵੱਧ ਰਹੀ ਉਪਰਾਮਤਾ

ਨੌਜਵਾਨ ਪੀੜ੍ਹੀ, ਰੁਜ਼ਗਾਰ ਸੰਕਟ ਅਤੇ ਵੱਧ ਰਹੀ ਉਪਰਾਮਤਾ

-ਗੁਰਮੀਤ ਸਿੰਘ ਪਲਾਹੀ

ਭਾਰਤ ’ਚ ਮੌਜੂਦਾ ਦੌਰ ’ਚ ਨੌਜਵਾਨ ਪੀੜੀ ਰੋਜ਼ਗਾਰ ਪਾਉਣ ’ਚ ਅਸਮਰਥ ਹੈ। ਉਹ ਆਪਣੇ-ਆਪ ਨੂੰ ਅਰਥਹੀਣ ਮੰਨਣ ਲੱਗ ਪਈ ਹੈ। ਉਸਨੂੰ ਮਹਿਸੂਸ ਹੋਣ ਲੱਗ ਪਿਆ ਹੈ ਕਿ ਦੇਸ਼ ਦੇ ਵਿਕਾਸ ਵਿੱਚ ਉਸਦੀ ਕੋਈ ਭਾਗੀਦਾਰੀ ਨਹੀਂ ਹੈ।   ਸਿੱਟੇ ਵਜੋਂ ਨਿਰਾਸ਼ਾ, ਤਨਾਅ ਅਤੇ ਆਤਮ ਹੱਤਿਆ ਵਰਗੇ ਫ਼ੈਸਲੇ ਉਹਦੇ ਪੱਲੇ ਪੈ ਰਹੇ ਹਨ।

ਪੂੰਜੀਵਾਦ ਦੇ ਫੈਲਾਅ ਦੇ ਇਸ ਸਮੇਂ ਵਿੱਚ ਵੈਸੇ ਤਾਂ ਪੂਰਾ ਸਮਾਜ ਹੀ ਡਰ ਅਤੇ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ ਅਤੇ ਇਸ ਡਰ ਵਿੱਚ ਰਹਿਣ ਦੀ ਉਸਦੀ ਆਦਤ ਹੀ ਬਣਦੀ ਜਾ ਰਹੀ ਹੈ ਪਰ ਨੌਜਵਾਨਾਂ ਵਿੱਚ ਇਹ ਡਰ ਵੱਧ ਵੇਖਿਆ ਜਾ ਰਿਹਾ ਹੈ। ਇਹ ਨਿਰਾਸ਼ਾ ਉਸਨੂੰ ਨੌਕਰੀ ਨਾ ਮਿਲਣ ਕਾਰਨ ਹੀ ਨਹੀਂ, ਉਸਨੂੰ ਛੋਟੀ-ਮੋਟੀ ਨੌਕਰੀ ਜਾਂ ਮਿਲੀ ਨੌਕਰੀ ਦੇ ਛੁੱਟਣ ਦੇ ਡਰ ਕਾਰਨ ਵੀ ਹੈ।

ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕੌਨੋਮੀ (ਸੀ.ਐਮ.ਆਈ.ਈ.) ਦੇ ਅਨੁਸਾਰ ਮਾਰਚ 2021 ਵਿੱਚ 7.62 ਕਰੋੜ ਲੋਕ ਨੌਕਰੀ ਕਰਦੇ ਹਨ। ਜਦਕਿ ਪਿਛਲੇ ਸਾਲ ਇਸ ਸਮੇਂ ਦੌਰਾਨ ਇਹ ਗਿਣਤੀ 8.59 ਕਰੋੜ ਸੀ। ਇਸ ਹਿਸਾਬ ਨਾਲ ਪਿਛਲੇ ਇਕ ਸਾਲ ਵਿੱਚ 98 ਲੱਖ ਨੌਕਰੀ ਪੇਸ਼ਾ ਲੋਕ ਰੁਜ਼ਗਾਰ ਤੋਂ ਦੂਰ ਹੋਏ ਹਾਂਲਾਕਿ ਇਹ ਅੰਕੜਾ ਇਸ ਤੋਂ ਵੀ ਜ਼ਿਆਦਾ ਹੈ।

ਅਮਰੀਕੀ ਅਰਥ ਸ਼ਾਸਤਰੀ ਜੇਰੇਮੀ ਰਿਫਕਿਨ ਨੇ 1995 ਵਿੱਚ ਆਪਣੀ ਕਿਤਾਬ “ਦੀ ਇੰਡ ਆਫ ਵਰਕ“ ਵਿੱਚ ਲਿਖਿਆ ਸੀ ਕਿ ਸੂਚਨਾ ਟੈਕੋਨੌਲੋਜੀ ਦੇ ਫੈਲਾਅ ਕਾਰਨ ਦੁਨੀਆ ਵਿੱਚ ਬੇਰੁਜ਼ਗਾਰੀ ਵਧੇਗੀ ਅਤੇ ਇਸ ਨਾਲ ਨਿਰਮਾਣ, ਖੇਤੀ ਅਤੇ ਸੇਵਾ ਖੇਤਰ ਵਿੱਚ ਲੱਖਾਂ ਨੌਕਰੀਆਂ ਖ਼ਤਮ ਹੋ ਜਾਣਗੀਆਂ। ਨਾਲ ਹੀ ਸਰੀਰਕ ਕੰਮ ਨਾਲ ਜੁੜੇ ਰੁਜ਼ਗਾਰ, ਪ੍ਰਚੂਨ ਅਤੇ ਥੋਕ ਖੇਤਰ ਵਿੱਚ ਨੌਕਰੀਆਂ ਉਤੇ ਮਸ਼ੀਨੀਕਰਨ ਅਤੇ ਰੋਬਟ ਇਸਤੇਮਾਲ ਦਾ ਹਥੌੜਾ ਚੱਲੇਗਾ। ਇਹ ਪ੍ਰਭਾਵ ਅੱਜ ਭਾਰਤ ਵਿੱਚ ਵੱਡੀ ਪੱਧਰ ਉੱਤੇ ਵੇਖਿਆਾ ਜਾ ਰਿਹਾ ਹੈ, ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ’ਚ ਪੜ੍ਹੇ ਲਿਖੇ ਨੌਜਵਾਨ ਨੌਕਰੀ ਗੁਆ ਰਹੇ ਹਨ। ਖ਼ਾਸ ਤੌਰ ’ਤੇ ਕਰੋਨਾ ਮਾਂਹਾਮਾਰੀ ਦੇ ਸੰਕਟ ਸਮੇਂ।

ਸੈਂਟਰ ਫਾਰ ਮਨੀਟਰਿੰਗ ਇੰਡੀਅਨ ਅਕੌਨਮੀ ਦੇ ਇੱਕ ਸਰਵੇ ਅਨੁਸਾਰ ਮਹਾਂਮਾਰੀ ਕਰੋਨਾ ਨੇ ਨੌਜਵਾਨਾਂ ਨੂੰ ਜ਼ਿਆਦਾ ਪ੍ਰੇਸ਼ਾਨ ਕੀਤਾ ਹੈ। ਜੁਲਾਈ 2020 ਦਰਮਿਆਨ ਬੇਰੁਜ਼ਗਾਰ ਹੋਏ ਕੁਲ ਲੋਕਾਂ ਵਿੱਚੋਂ ਸਭ ਤੋਂ ਜ਼ਿਆਦਾ ਔਰਤਾਂ ਅਤੇ ਯੁਵਕ ਸਨ। ਇਸ ਨਾਲ ਦੇਸ਼ ਵਿੱਚ ਬੇਰੁਜ਼ਗਾਰੀ ਦਰ 30 ਫ਼ੀਸਦੀ ਤੱਕ ਪੁੱਜੀ। ਜਦੋਂ ਹਾਲਾਤ ਥੋੜ੍ਹੇ ਠੀਕ ਵੀ ਹੋਏ ਹਨ ਤਾਂ 50 ਫ਼ੀਸਦੀ ਨੂੰ ਵਾਪਿਸ ਨੌਕਰੀਆਂ ਨਹੀਂ ਮਿਲੀਆਂ। ਨੌਕਰੀ ਗਵਾਉਣ ਵਾਲੇ ਯੁਵਕਾਂ ਦੀ ਉਮਰ 20 ਤੋਂ 30 ਸਾਲ ਤੱਕ ਸੀ।

ਜੇਕਰ ਪਿੰਡਾਂ ਦੀ ਗੱਲ ਕੀਤੀ ਜਾਵੇ ਤਾ ਮਾਰਚ 2021 ਤੱਕ, 60 ਲੱਖ ਲੋਕਾਂ ਦਾ ਧੰਦਾ ਚੌਪਟ ਹੋ ਗਿਆ। ਪਿੰਡਾਂ ਵਿਚ ਤਾਲਾਬੰਦੀ ਅਤੇ ਕਰਫਿਊ ਵਰਗੇ ਹਾਲਤ ਕਾਰਨ ਬੇਰੁਜ਼ਗਾਰੀ ਦਰ ਵੱਧਕੇ 8 ਫ਼ੀਸਦੀ ਹੋ ਗਈ। ਮਜ਼ੂਦਰਾਂ ਦੀ ਭਾਗੀਦਾਰੀ ਘੱਟ ਕੇ ਚਾਲੀ ਫ਼ੀਸਦੀ ਰਹਿ ਗਈ। ਸਰਕਾਰੀ ਅੰਕੜਿਆਂ ਮੁਤਾਬਿਕ 14 ਅਪ੍ਰੈਲ 2021 ਨੂੰ ਬੇਰੁਜ਼ਗਾਰੀ ਦਰ 7.2 ਫ਼ੀਸਦੀ ਸੀ, ਜਿਸ ਵਿਚ ਸ਼ਹਿਰੀ ਬੇਰੁਜ਼ਗਾਰੀ ਦੀ ਦਰ 8.4 ਫ਼ੀਸਦੀ ਅਤੇ ਪੇਂਡੂ ਬੇਰੁਜ਼ਗਾਰੀ ਦਰ 6.6 ਫ਼ੀਸਦੀ ਸੀ। ਮਾਂਹਾਮਾਰੀ ਦੇ ਇਹਨਾ ਦਿਨਾਂ ਵਿੱਚ ਇਹ ਅੰਕੜੇ ਵਧਣ ਦਾ ਅੰਦਾਜ਼ਾ ਹੈ, ਜਿਸ ਦਾ ਵੱਡਾ ਪ੍ਰਭਾਵ ਅਸੰਗਠਿਤ ਖੇਤਰ ਦੇ 12 ਕਰੋੜ ਦੇ ਲਗਭਗ ਕਾਮਿਆਂ ਉੱਤੇ ਪੈਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਜਿਹਨਾ ਵਿੱਚ ਮਗਨਰੇਗਾ ’ਚ ਕੰਮ ਕਰਨ ਵਾਲੇ ਪੇਂਡੂ ਕਾਮੇ, ਖੇਤੀ ਖੇਤਰ ਨਾਲ ਜੁੜੇ ਖੇਤ ਮਜ਼ਦੂਰ ਅਤੇ ਸ਼ਹਿਰੀ ਖੇਤਰ ਵਿੱਚ ਰੇੜੀਆਂ ਫੜੀਆਂ ਲਗਾਉਣ ਵਾਲੇ, ਰਿਕਸ਼ਾ ਚਾਲਕ ਅਤੇ ਇਸ ਤਰ੍ਹਾ ਦੇ ਹੋਰ ਕੰਮ ਕਰਨ ਵਾਲੇ ਲੋਕ ਸ਼ਾਮਲ ਹਨ।

ਅੱਜ ਦੇ ਹਾਲਾਤ ਕਿਸੇ ਤੋਂ ਲੁਕੇ ਹੋਏ ਨਹੀਂ ਹਨ। ਮਾਂਹਾਮਾਰੀ ਦੇ ਪਿਛਲੇ ਡੇਢ ਸਾਲ ਵਿੱਚ ਸਾਰੀ ਦੁਨੀਆ ਵਿੱਚ ਤਬਾਹੀ ਮਚੀ ਹੋਈ ਹੈ। ਇਸ ਤਬਾਹੀ ਵਿੱਚ ਵਿਕਸਿਤ ਦੇਸ਼ ਵੀ ਲੜਖੜਾ ਗਏ ਹਨ ਤਾਂ ਭਾਰਤ ਜਿਹੇ ਵਿਕਾਸਸ਼ੀਲ ਦੇਸ਼ ਅਤੇ ਹੋਰ ਗਰੀਬ ਦੇਸ਼ਾਂ ਦੀ ਅਰਥ ਵਿਵਸਥਾ ਦੀ ਹਾਲਤ ਦਾ ਅੰਦਾਜ਼ਾ ਲਗਾਉਣਾ ਔਖਾ ਨਹੀਂ ਹੈ। ਭਾਰਤ ’ਚ ਘੱਟ ਆਮਦਨ ਵਰਗ ਅਤੇ ਮੱਧ ਵਰਗ ਦੇ ਲੋਕਾਂ ਦੇ ਜੀਵਨ ਉਤੇ ਵੱਡਾ ਅਸਰ ਪਿਆ ਹੈ। ਇਹ ਦੇਸ਼ ਨੂੰ ਹੋਰ ਗਰੀਬੀ ਵੱਲ ਧੱਕੇਗਾ। ਲੋਕਾਂ ਦੇ ਰੁਜ਼ਗਾਰ ਉਤੇ ਇਸਦਾ ਪ੍ਰਭਾਵ ਸੁਭਾਵਕ ਹੈ, ਕਿਉਂਕਿ ਕੰਮ ਧੰਦੇ ਬੰਦ ਹੋ ਰਹੇ ਹਨ। ਬਜ਼ਾਰ ਵਿੱਚ ਚੀਜ਼ਾਂ ਦੀ ਮੰਗ ਘਟਣ ਨਾਲ ਉਤਪਾਦਨ ’ਚ ਕਮੀ ਆ ਗਈ ਹੈ। ਉਤਪਾਦਕ ਡਿਗਣ ਨਾਲ ਮਜ਼ਦੂਰਾਂ ਦਾ ਪਲਾਇਣ ਵਧਿਆ ਹੈ। ਆਈ ਐਲ ਓ (ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ) ਅਰਥਾਤ ਅੰਤਰਰਾਸ਼ਟਰੀ ਲੇਬਰ ਸੰਗਠਨ ਦਾ ਮੰਨਣਾ ਹੈ ਕਿ ਕਰੋਨਾ ਸਿਰਫ਼ ਸਿਹਤ ਸੰਕਟ ਨਹੀਂ ਰਿਹਾ ਸਗੋਂ, ਲੇਬਰ ਬਜ਼ਾਰ ਨੂੰ ਵੀ ਇਸ ਨੇ ਵੱਡੇ ਸੰਕਟ ‘ਚ ਪਾ ਦਿੱਤਾ ਹੈ।

ਪਿਛਲੀ ਇੱਕ ਸਦੀ ’ਚ ਸ਼ਾਇਦ ਇਹ ਪਹਿਲਾ ਮੌਕਾ ਹੈ ਕਿ ਮਹਾਂਮਾਰੀ ਨੇ ਆਪਣਾ ਵੱਡਾ ਪ੍ਰਭਾਵ ਛੱਡਿਆ ਹੈ, ਭਾਵੇਂ ਕਿ ਇਸ ਸਦੀ ’ਚ ਲੱਗੀਆਂ ਜੰਗਾਂ ਕਾਰਨ ਵੀ ਅਰਥ ਵਿਵਸਥਾ ਪ੍ਰਭਾਵਤ ਹੋਈ। ਪਰ ਭਾਰਤ ਵਿੱਚ ਪਿਛਲੇ ਵਰ੍ਹੇ ਵੀ ਅਤੇ ਹੁਣ ਫਿਰ ਮਹਾਂਮਾਰੀ ਹਮਲੇ ਨੇ ਆਰਥਿਕ ਗਤੀਵਿਧੀਆਂ ਦੇ ਦਰਵਾਜੇ ਬੰਦ ਕਰ ਦਿੱਤੇ। ਉਡਾਣਾਂ, ਆਟੋਮੋਬਾਈਲ, ਆਵਾਜਾਈ, ਮਾਲਜ਼, ਹੋਟਲ, ਰੇਹੜੀ-ਪਟੜੀ ਜਿਹੇ ਛੋਟੇ-ਵੱਡੇ ਖੇਤਰਾਂ ਦੇ ਕਾਰੋਬਾਰ ਹੁਣ ਫਿਰ ਬੰਦ ਹੋਣ ਦੇ ਕਾਗਾਰ ਤੇ ਹਨ। ਕਈ ਕਾਰਖ਼ਾਨਿਆਂ ਵਿੱਚ ਉਤਪਾਦਨ ਇੱਕ ਦਮ ਠਹਿਰ ਗਿਆ ਹੈ। ਮਹਾਂਰਾਸ਼ਟਰ ਵਿੱਚ ਵਾਹਨ ਉਦਯੋਗ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਦੇਸ਼ ਵਿੱਚ ਕੁਲ ਬਨਣ ਵਾਲੇ ਵਾਹਨਾਂ ਦਾ ਚੌਥਾ ਹਿੱਸਾ ਇਕੱਲੇ ਮਹਾਂਰਾਸਟਰ ਵਿੱਚ ਬਣਦਾ ਹੈ।ਲੇਕਿਨ ਪਾਬੰਦੀਆਂ ਕਾਰਨ ਕਾਰਖਾਨੇ ਅੱਧ-ਪਚੱਧੀ ਸਮਰੱਥਾ ਨਾਲ ਚੱਲ ਰਹੇ ਹਨ, ਜਿਸ ਨਾਲ ਦਿਹਾੜੀਦਾਰਾਂ ਮਜ਼ਦੂਰਾਂ ਅਤੇ ਆਰਜ਼ੀ ਕਾਮਿਆਂ ਦਾ ਰੁਜ਼ਗਾਰ ਖੁਸ ਗਿਆ ਹੈ। ਇਸ ਨਾਲ ਵੱਡੀ ਸੰਖਿਆ ਲੋਕਾਂ ਨੂੰ ਜਿਹਨਾ ਵਿੱਚ ਵੱਡੀ ਗਿਣਤੀ ਨੌਜਵਾਨਾਂ ਦੀ ਹੈ, ਬੇਰੁਜ਼ਗਾਰ ਹੋਣ ਦਾ ਖ਼ਤਰਾ ਪੈਦਾ ਹੋ ਗਿਆ ਹੈ।

ਅਰਥ ਵਿਵਸਥਾ ਦੀ ਸਿਹਤ ਨੂੰ ਨਾਪਣ ਦਾ ਸਟੀਕ ਪੈਮਾਨਾ ਬੇਰੁਜ਼ਗਾਰੀ ਦਰ ਹੁੰਦਾ ਹੈ। ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕਾਨਮੀ (ਸੀ ਐਮ ਆਈ ਈ) ਦੇ ਅੰਕੜਿਆਂ ਅਨੁਸਾਰ ਪਿਛਲੇ ਅੱਠ ਮਹੀਨਿਆਂ ’ਚ ਜੋ ਕੁੱਝ ਅਸੀਂ ਹਾਸਲ ਕੀਤਾ ਸੀ, ਉਹ ਇੱਕ ਮਹੀਨੇ ਦੌਰਾਨ ਨਿਕਲ ਚੁੱਕਾ ਹੈ, ਭਾਵ ਬੇਰੁਜ਼ਗਾਰੀ ਉੱਤੇ ਕਾਬੂ ਪਾਉਣ ਲਈ ਜਿਹੜੇ ਛੋਟੇ-ਮੋਟੇ ਉਪਾਅ ਸਰਕਾਰਾਂ ਵਲੋਂ ਕੀਤੇ ਗਏ ਸਨ, ਉਹਨਾ ਉਤੇ ਮੁੜ ਪਾਣੀ ਫਿਰ ਗਿਆ ਜਾਪਣ ਲੱਗਾ ਹੈ, ਅਤੇ ਸਮੱਸਿਆ ਇਹ ਹੈ ਕਿ ਲੋਕਾਂ ਦੀਆਂ ਨੌਕਰੀਆ ਜਾਣ ਦੇ ਡਰ ਦੇ ਨਾਲ-ਨਾਲ ਦੂਜਾ ਡਰ ਇਹ ਹੈ ਕਿ ਬੇਰੁਜ਼ਗਾਰੀ ਘੱਟ ਕਰਨ ਦੇ ਜਾਂ ਦੁਬਾਰਾ ਕੰਮ ਮਿਲਣ ਦੀ ਦੂਰ-ਦੂਰ ਤੱਕ ਵੀ ਆਸਾਰ ਨਹੀਂ ਹਨ।

ਲੇਬਰ ਬਿਊਰੋ ਅੰਕੜਿਆਂ ਅਨੁਸਾਰ ਭਾਰਤ ਦੁਨੀਆਂ ਦਾ ਸਭ ਤੋਂ ਵੱਧ ਬੇਰੁਜ਼ਗਾਰਾਂ ਦਾ ਦੇਸ਼ ਬਣ ਚੁੱਕਿਆ ਹੈ। ਦੇਸ਼ ਵਿੱਚ ਨੌਕਰੀਆਂ ਦਿਨ-ਬ-ਦਿਨ ਘੱਟ ਰਹੀਆਂ ਹਨ, ਸਵੈ-ਰੁਜ਼ਗਾਰ ਦੇ ਮੌਕੇ ਦੇਸ਼ ਦੇ ਨੌਜਵਾਨਾਂ ਨੂੰ ਮਿਲ ਨਹੀਂ ਰਹੇ। ਬਾਵਜੂਦ ਇਸ ਗੱਲ ਦੇ ਕਿ ਭਾਰਤ ਦੁਨੀਆ ਵਿੱਚ ਤੇਜ਼ੀ ਨਾਲ ਵਧ-ਫੁੱਲ ਰਿਹਾ ਅਰਥਚਾਰਾ ਹੈ, ਪਰ ਸਵਾਲ ਪੈਦਾ ਹੋ ਰਿਹਾ ਹੈ ਕਿ ਇਹ ਅਰਥਚਾਰਾ ਰੁਜ਼ਗਾਰ ਕਿਉਂ ਨਹੀਂ ਪੈਦਾ ਕਰ ਰਿਹਾ? ਦੇਸ਼ ਵਿੱਚ ਗਰੀਬ-ਅਮੀਰ ਦਾ ਪਾੜ ਕਿਉਂ ਪੈਦਾ ਕਰ ਰਿਹਾ ਹੈ? ਭਾਰਤ ਦੇ ਅਰਥ ਚਾਰੇ ’ਚ 9.9 ਫ਼ੀਸਦੀ ਸਲਾਨਾ ਵਾਧਾ ਹੋ ਰਿਹਾ ਹੈ, ਜਦਕਿ ਵਿਸ਼ਵ ਔਸਤ 6 ਫ਼ੀਸਦੀ ਹੈ। ਪਰ ਇਸ ਵੱਧ ਰਹੇ ਅਰਥਚਾਰੇ ਦਾ ਲਾਭ ਦੇਸ਼ ਦੇ ਆਮ ਵਰਗ ਦੇ ਲੋਕਾਂ ਨੂੰ ਨਹੀਂ ਮਿਲ ਰਿਹਾ।

ਭਾਰਤ ਦੁਨੀਆਂ ’ਚ ਅਬਾਦੀ ’ਚ ਦੂਜਾ ਵੱਡਾ ਦੇਸ਼ ਹੈ। ਦੇਸ਼ ਦੀ 65 ਫ਼ੀਸਦੀ ਅਬਾਦੀ ਦੀ ਔਸਤ ਉਮਰ 35 ਸਾਲ ਹੈ। ਭਾਵ ਭਾਰਤ ’ਚ ਨੌਜਵਾਨ ਕਾਮਾ ਸ਼ਕਤੀ, ਦੁਨੀਆ ਦੇ ਕਿਸੇ ਵੀ ਦੇਸ਼ ਨਾਲੋਂ ਵੱਡੀ ਹੈ। ਪਰ ਇਸ ਕਾਮਾ ਸ਼ਕਤੀ ਕੋਲ ਰੁਜ਼ਗਾਰ ਜਾਂ ਇੱਛਤ ਰੁਜ਼ਗਾਰ ਜਾਂ ਸਵੈ ਰੁਜ਼ਗਾਰ ਦੀ ਕਮੀ ਹੈ, ਜੋ ਇਸ ਵਿੱਚ ਵੱਡੀ ਨਿਰਾਸ਼ਾ ਦਾ ਕਾਰਨ ਹੈ ਅਤੇ ਕਈ ਹਾਲਤਾਂ ਵਿੱਚ ਉਸਨੂੰ ਪ੍ਰਵਾਸ ਹੰਢਾਉਣ ਲਈ ਮਜ਼ਬੂਰ ਕਰ ਰਹੀ ਹੈ ਜਾਂ ਫਿਰ ਉਸਨੂੰ ਅੱਤਵਾਦੀ ਸਰਗਰਮੀਆਂ, ਸਮਾਜ ਵਿਰੋਧੀ ਅਨਸਰਾਂ ਵੱਲ ਪ੍ਰੇਰਿਤ ਕਰਦੀ ਹੈ।

ਦੇਸ਼ ‘ਚ ਰੁਜ਼ਗਾਰ ਪੈਦਾ ਕਰਨ ਲਈ ਸਕਿੱਲ ਇੰਡੀਆ, ਪ੍ਰਧਾਨ ਮੰਤਰੀ ਰੁਜ਼ਗਾਰ ਜਨਰੇਸ਼ਨ ਯੋਜਨਾ, ਪ੍ਰਧਾਨ ਮੰਤਰੀ ਰੋਜ਼ਗਾਰ ਪ੍ਰੋਤਸਾਹਨ ਯੋਜਨਾ, ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ, ਮਗਨਰੇਗਾ ਸਮੇਂ-ਸਮੇਂ ਤੇ ਲੋਕਾਂ ਖ਼ਾਸ ਕਰਕੇ ਨੌਜਵਾਨਾਂ ਨੂੰ ਰੁਜ਼ਗਾਰ, ਸਵੈ-ਰੁਜ਼ਗਾਰਤ ਕਰਨ ਲਈ ਚਲਾਈਆਂ ਗਈਆਂ, ਪਰ ਇਹ ਯੋਜਨਾਵਾਂ ਕੋਈ ਬਹੁਤੇ ਸਾਰਥਿਕ ਸਿੱਟੇ ਨਹੀਂ ਕੱਢ ਸਕੀਆਂ।

ਦੇਸ਼ ਦਾ ਨੌਜਵਾਨ ਇਸ ਸਮੇਂ ਉਪਰਾਮ ਹੈ। ਇਸ ਉਪਰਾਮਤਾ ਕਾਰਨ ਉਹ ਆਪਣੇ ਸਰਵਜਨਕ ਜੀਵਨ ਵਿੱਚ ਸੁਤੰਤਰ ਫ਼ੈਸਲੇ ਨਹੀਂ ਲੈ ਪਾ ਰਿਹਾ । ਉਸਦੇ ਜੀਵਨ ਵਿੱਚ ਭਟਕਾਅ ਅਤੇ ਅਸੰਤੁਲਿਨ ਵੇਖਿਆ ਜਾਣ ਲੱਗਾ ਹੈ। ਉਸਦੇ ਮਨ ‘ਚ ਪੈਦਾ ਹੋ ਰਹੇ ਨਾਕਾਰਤਮਕ ਵਿਚਾਰ, ਕ੍ਰੋਧ ਅਤੇ ਤਨਾਅ ਉਸਦੇ ਵਿਅਕਤੀਤਵ ਉਤੇ ਬੁਰਾ ਪ੍ਰਭਾਵ ਛੱਡ ਰਹੇ ਹਨ ਅਤੇ ਉਹ ਆਪਣੇ ਸਭਿਆਚਾਰ, ਸਮਾਜਿਕ ਮੁਲਾਂ ਅਤੇ ਪ੍ਰੰਪਰਾਵਾਂ ਤੋਂ ਦੂਰ ਹੁੰਦਾ ਜਾ ਰਿਹਾ ਹੈ।

ਇਸ ਸਮੇਂ ਲੋੜ ਮਹਾਂਮਾਰੀ ਵਲੋਂ ਵਿਗੜੀ ਅਰਥ ਵਿਵਸਥਾ ਨੂੰ ਥਾਂ-ਸਿਰ ਲਿਆਉਣ ਲਈ ਵੱਡੇ ਕਦਮ ਪੁੱਟਣ ਦੀ ਹੈ, ਪਰ ਇਸ ਤੋਂ ਵੀ ਵੱਡੀ ਲੋੜ ਸਥਾਨਕ ਪੱਧਰ ‘ਤੇ ਅਸਥਾਈ ਰੁਜ਼ਗਾਰ ਸਿਰਜਨ ਦੀ ਹੈ। ਇਸ ਵਾਸਤੇ ਭਾਰਤ ਨੂੰ ਆਪਣੀਆਂ ਨੀਤੀਆਂ ਵਿੱਚ ਵੱਡਾ ਬਦਲਾਅ ਕਰਨਾ ਹੋਏਗਾ ਅਤੇ ਨਾ-ਬਰਾਬਰੀ ਵਾਲੇ, ਲੋਕਾਂ ਦੀ ਲੁੱਟ-ਖਸੁੱਟ ਵਾਲੇ ਅਰਥਚਾਰੇ ਨੂੰ ਕਾਬੂ ਕਰਨਾ ਹੋਵੇਗਾ।

Check Also

‘ਸੁੰਦਰ ਮੁੰਦਰੀਏ ਹੋ’

ਗੁਰਪ੍ਰੀਤ ਡਿੰਪੀ; ਭਾਰਤ ਦੀ ਧਰਤੀ ਤਿਉਹਾਰਾਂ ਦੀ ਧਰਤੀ ਹੈ। ਇੱਥੇ ਹਰ ਸਾਲ ਤਿਉਹਾਰਾਂ ਦੇ ਮੇਲੇ …

Leave a Reply

Your email address will not be published. Required fields are marked *