ਬੱਬਰ ਸ਼ੇਰ ਅੱਜ ਵੀ ਜਿਉਂਦਾ ਹੈ!

TeamGlobalPunjab
16 Min Read

-ਇਕਬਾਲ ਸਿੰਘ ਲਾਲਪੁਰਾ

 

ਮਹਾਰਾਜਾ ਰਣਜੀਤ ਸਿੰਘ ਬਹਾਦਰ ਕਰੀਬ 40 ਸਾਲ ਰਾਜ ਕਰ ਕੇ 27 ਜੂਨ 1839 ਨੂੰ ਇਸ ਨਾਸ਼ਵਾਨ ਸੰਸਾਰ ਨੂੰ ਅਲਵਿਦਾ ਆਖ ਗਿਆ। 2020 ਈ ਵਿੱਚ, ਉਸ ਦੀ ਮੌਤ ਤੋਂ 181 ਸਾਲ ਬਾਦ ਕੀਤੇ ਬੀ.ਬੀ.ਸੀ ਦੇ ਸਰਵੇ ਅਨੁਸਾਰ ਉਹ ਦੁਨੀਆ, ਦਾ ਮਹਾਨਤਮ ਸ਼ਾਸਕ ਚੁਣਿਆ ਗਿਆ। ਉਸ ਤੋਂ ਬਾਦ ਦੂਜੇ ਨੰਬਰ ‘ਤੇ ਅਫਰੀਕੀ ਆਗੂ ਅਮਿਲਕਾਰ ਕੇਬਰਲ, ਤੀਜੇ ਨੰਬਰ ‘ਤੇ ਵਿਨਸਟਨ ਚਰਚਿਲ ਬਰਤਾਨੀਆ, ਚੌਥੇ ਨੰਬਰ ‘ਤੇ ਇਬਰਾਹਿਮ ਲਿੰਕਨ ਦਾ ਨਾਮ ਆਉਂਦਾ ਹੈ। ਦੁਨੀਆ ਦੇ ਇਤਿਹਾਸ ਦੇ ਹੋਰ ਰਾਜਿਆ ਤੇ ਹੋਰ ਆਗੂਆਂ ਦੇ ਸਮਾਜ ਤੇ ਚੰਗੇ ਪ੍ਰਭਾਵ ਬਾਰੇ ਚੋਣ ਸੀ। ਮਾਹਾਰਾਜਾ ਸਾਹਿਬ ਦੇ ਰਾਜ ਵਿੱਚ ਧਾਰਮਿਕ ਕਟੜਵਾਦ ਦੇ ਮੁਕਾਬਲੇ ਸਹਿਣ-ਸ਼ੀਲਤਾ, ਆਜਾਦੀ ਤੇ ਸਹਿਯੋਗ ਦੀ ਨੀਤੀ ਪ੍ਰਧਾਨ ਸੀ। ਉਹ ਲੋਕਾਈ ਨੂੰ ਇੱਕ ਦੂਜੇ ਨਾਲ ਜੋੜਨ ਵਾਲੇ, ਖੁਸ਼ਹਾਲੀ ਤੇ ਸਹਿਣ ਸ਼ੀਲਤਾ ਦੇ ਪ੍ਰਤੀਕ ਹਨ। ੳ੍ਹਨਾਂ ਦਾ ਰਾਜਕਾਲ ਕੇਵਲ ਪੰਜਾਬ ਹੀ ਨਹੀਂ ਉਤੱਰੀ ਪੱਛਮੀ ਭਾਰਤ ਦਾ ਸੁਨਹਿਰੀ ਸਮਾਂ ਸੀ। ਬੀ.ਬੀ.ਸੀ ਦੇ ਅਡੀਟਰ ਮੇਟ ਏਲਟਨ ਅਨੁਸਾਰ ਉਨ੍ਹਾਂ ਦੀਆਂ ਨੀਤੀਆਂ ਦੁਨੀਆਂ ਨੂੰ ਖੁਸ਼ਹਾਲ ਬਣਾਉਣ ਲਈ ਮਾਰਗ ਦਰਸ਼ਕ ਬਣ ਉਤਸਾਹਿਤ ਕਰਦੀਆਂ ਹਨ। ਜਿੱਥੋਂ ਤੱਕ ਇਨ੍ਹਾਂ ਪ੍ਰਾਪਤੀਆਂ ਦਾ ਸਬੰਧ ਹੈ ਫਕੀਰ ਸਯਦ ਵਹੀਦਉੱਦੀਨ ਜੋ ਫਕੀਰ ਅਜੀਜੂ ਦੀਨ ਵਿਦੇਸ਼ ਮੰਤਰੀ, ਸਰਕਾਰ ਖਾਲਸਾ ਦੀ ਅੰਸ਼ ਵਿੱਚੋਂ ਹਨ, ਅਸਲੀ ਰੂਪ ਰਣਜੀਤ ਸਿੰਘ ਵਿੱਚ ਲਿਖਦੇ ਹਨ ਕਿ – ਰਣਜੀਤ ਸਿੰਘ ਇਸ ਪੱਖ ਤੋਂ ਕਿਸੇ ਵੀ ਕਸਵਟੀ ਤੋਂ ਘੱਟ ਨਹੀ ਉਤਰਦਾ। ਉਹ ਇੱਕ ਛੋਟੀ ਜਿਹੀ ਰਿਆਸਤ,ਜੋ ਮੁਗਲ ਰਾਜ ਦੀ ਬਰਬਾਦੀ ਉਪਰੰਤ ਹੋਂਦ ਵਿੱਚ ਆਈ, ਉਸਦਾ ਵਾਰਸ ਸੀ। ਜੋ ਵਧਦਾ ਵਧਦਾ ਇਕ ਤਾਕਤਵਰ ਰਾਜ ਭਾਗ ਦਾ ਮਾਲਕ ਬਣ ਗਿਆ, ਜਿਸ ਦਾ ਇਲਾਕਾ ਤਿੱਬਤ ਤੋਂ ਸਿੰਧ ਤੱਕ ਤੇ ਦੱਰ੍ਹਾ ਖੈਬਰ ਤੋਂ ਸਤਲੁਜ ਤੱਕ ਫੈਲਿਆ ਹੋਇਆ ਸੀ। ਉਹ ਅੰਗਰੇਜ ਜਿਸਦੀ ਤਾਕਤ ਭਾਰਤ ਵਿੱਚ ਫੈਲ ਚੁਕੀ ਸੀ, ਦਾ ਇੱਕ ਮਿੱਤਰ ਵਿਰੋਧੀ ਸਹਾਇਕ ਸਭ ਕੁੱਝ ਸੀ, ਜਿਸ ਤੋਂ ਉਹ ਡਰਦੇ ਤੇ ਉਸ ਦਾ ਸਤਿਕਾਰ ਕਰਦੇ ਸਨ। ਉਸ ਨੇ ਸਦੀਆਂ ਤੋਂ ਅਫਗਾਨਾਂ ਦੇ ਹਥੀਂ ਹਾਰ, ਰਗੜੇ, ਬੇਇੱਜਤੀਆਂ ਤੇ ਲੁੱਟਾਂ ਸਹਾਰੀਆਂ ਸਨ। ਇਨ੍ਹਾਂ ਸਭ ਦਾ ਉਸਨੇ ਬਦਲਾ ਲਿਆ। ਭਾਰਤ ਦਾ ਹਾਰਿਆ ਹੋਇਆ ਹਿੱਸਾ ਵਾਪਸ ਲਿਆ ਤੇ ਉਸ ਤੋਂ ਵੱਖ ਅਫਗਾਨਿਸਤਾਨ ਦੀ ਕਿਸਮਤ ਦੇ ਝਗੜਿਆਂ ਦਾ ਉਹ ਸਾਲਸ ਵੀ ਬਣਿਆ। ਕੇਵਲ ਫਕੀਰ ਖਾਨਦਾਨ ਹੀ ਨਹੀ ਜਿਉਂਦੇ ਜੀ ਉਹ ਜਿਸਦੇ ਵੀ ਸੰਪਰਕ ਵਿੱਚ ਆਇਆ, ਉਹ ਉਸ ਤੋਂ ਪ੍ਰਭਾਵਿਤ ਹੋਏ ਬਿਨਾਂ ਨਾ ਰਹਿ ਸਕਿਆ। ਆਪਣਾ ਸਭ ਨੂੰ ਚੰਗਾ ਲੱਗਦਾ ਹੈ, ਪਰ ਜਦੋਂ ਵਿਰੋਧੀ ਸਿਫਤ ਕਰਨ ਜਾਂ ਵਿਸ਼ਲੇਸ਼ਨ ਕਰਨ ਤਾਂ ਅਸਲੀ ਸੱਚ ਉਜਾਗਰ ਹੁੰਦਾ ਹੈ।

ਉਸ ਸਮੇਂ ਪੰਜਾਬ ਦੀ ਯਾਤਰਾ ਕਰਨ ਆਏ ਵਿਦੇਸ਼ੀ ਉਸਦੀ ਚਮਤਕਾਰੀ ਬੁੱਧੀ ਅਤੇ ਰਾਜ ਪ੍ਰਬੰਧ ਵੇਖ ਕੇ ਵਾਹ ਵਾਹ ਕਰ ਉਠਦੇ ਸਨ। ਮਿਸਟਰ ਮੂਰਕ੍ਰਾਫਟ ਨੇ ਆਪਣੇ ਸਫਰਨਾਮੇ ਵਿੱਚ ਲਿਖਿਆ ਹੈ – “ਮੈਂ ਏਸ਼ੀਆ ਵਿੱਚ ਮਹਾਰਾਜਾ ਰਣਜੀਤ ਸਿੰਘ ਜਿਹਾ ਸਿਆਣਾ ਰਾਜਾ ਅਜੇ ਤੱਕ ਨਹੀਂ ਵੇਖਿਆ”। ਵਿਕਟਰ ਯਾਕਮੋ, ਲੈਟਰ ਫਰਾਮ ਇੰਡਿਆ 1839 ਈ ਵਿੱਚ ਲਿਖਦਾ ਹੈ ਕਿ “ਉਹਦੀ ਗੱਲਬਾਤ ਡਰਾਉਣੇ ਸੁਪਨੇ ਵਾਂਗ ਹੈ।ਉਹ ਪਹਿਲਾ ਇੰਨੀ ਜਗਿਆਸਾ ਵਾਲਾ ਭਾਰਤੀ ਹੈ ਜਿਸਨੂੰ ਮੈਂ ਮਿਲਿਆ ਹਾਂ।ਸਾਡਾ ਸਿਆਣੇ ਤੋਂ ਸਿਆਣਾ ਨੀਤੀਵਾਨ ਉਸ ਦੇ ਮੁਕਾਬਲੇ ਵਿੱਚ ਸਧਾਰਨ ਜਾਪਦਾ ਹੈ”। ਸਰ ਅਲੈਗਜੈਂਡਰ ਬਰਨਜ਼ ਲਿਖਦਾ ਹੈ “ਮੈਂ ਕਦੇ ਵੀ ਹਿੰਦੁਸਤਾਨ ਦੇ ਕਿਸੇ ਪੁਰਸ਼ ਤੋਂ ਮਿਲ ਕੇ ਐਨਾ ਪ੍ਰਭਾਵ ਨਹੀ ਪ੍ਰਾਪਤ ਕੀਤਾ ਜਿਨਾ ਕਿ ਇਸ ਆਦਮੀ ਤੋਂ ਵਿਛੜਨ ਵੇਲੇ, ਬਗੈਰ ਵਿਦਿਆ ਤੇ ਬਗੈਰ ਸਲਾਹਕਾਰ ਦੇ ਉਹ ਆਪਣੇ ਰਾਜ ਭਾਗ ਦੇ ਸਾਰੇ ਕੰਮ ਦੰਗ ਕਰ ਦੇਣ ਵਾਲੀ ਚੁਸਤੀ ਤੇ ਹੁਸ਼ਿਆਰੀ ਨਾਲ ਕਰਦਾ ਹੈ, ਅਤੇ ਫਿਰ ਵੀ ਉਹ ਆਪਣੀ ਤਾਕਤ ਦੀ ਵਰਤੋਂ ਇੰਨੀ ਹਮਦਰਦੀ ਨਾਲ ਕਰਦਾ ਹੈ ਕਿ ਜਿਸਦੀ ਮਿਸਾਲ ਭਾਰਤੀ ਹੁਕਮਰਾਨਾ ਵਿਚ ਮੁਸ਼ਕਲ ਨਾਲ ਮਿਲਦੀ ਹੈ। (“ਈ:1834”) ਡਬਾਲਿਊ ਜੀ ਉਸਬਰਨ( ਕੋਰਟ ਐਂਡ ਕੈਪੰ ਆਫ ਮਹਾਰਾਜਾ ਰਣਜੀਤ ਸਿੰਘ 1840) ਵਿੱਚ ਲਿਖਦਾ ਹੈ,”ਉਹ ਉਨ੍ਹਾ ਮਨੁੱਖਾਂ ਵਿੱਚੋਂ ਸੀ ਜਿ੍ਹਨਾ ਨੂੰ ਕੁਦਰਤ ਵਿਸ਼ੇਸ਼ਤਾ ਤੇ ਵੱਡਪਣ ਦੀ ਪ੍ਰਾਪਤੀ ਲਈ ਪੈਦਾ ਕਰਦੀ ਹੈ। ਇਹ ਠੀਕ ਹੈ ਕਿ ਉਹ ਜੋਰ ਤੇ ਰੋਅਬ ਨਾਲ ਰਾਜ ਕਰਦਾ ਹੈ, ਪਰ ਇਨਸਾਫ ਮੰਗ ਕਰਦਾ ਹੈ ਕਿ ਇਹ ਉਸ ਬਾਰੇ ਆਖਿਆ ਜਾਏ ਕਿ ਸਿਵਾਏ ਖੁਲ੍ਹੀ ਜੰਗ ਦੇ ਸਮੇਂ ਉਸ ਨੇ ਕਦੇ ਵੀ ਕਿਸੇ ਦੀ ਜਾਨ ਨਹੀ ਸੀ ਲਈ। ਉਸਦੀ ਹਕੂਮਤ ਬਹੁਤ ਸਾਰੇ ਤਹਿਜੀਬ-ਯਾਫਤਾ ਹੁਕਮਰਾਨਾ ਦੀ ਤੁਲਨਾ ਵਿਚ ਜੁਲਮ ਤੇ ਅਨਿਆਇ ਦੀਆਂ ਕਾਰਵਾਈਆਂ ਤੋਂ ਵਧੇਰੇ ਮੁਕਤ ਹੈ। ਡਬਲਿਊ ਐਲ ਮੈਕ ਗ੍ਰੇਗਰ, ਹਿਸਟਰੀ ਆਫ ਸਿੱਖ ਸ: 1846,ਵਿਚ ਲਿਖਦਾ ਹੈ,ਇਹ ਸਾਫ ਜਾਹਰ ਹੈ ਕਿ ਉਹ ਕੋਈ ਆਮ ਮਨੁੱਖ ਨਹੀ ਸੀ, ਪਰੰਤੂ ਅਜਿਹੀਆਂ ਮਾਨਸਿਕ ਸ਼ਕਤੀਆਂ ਦਾ ਮਾਲਕ ਸੀ ਜੋ ਪੂਰਬੀ ਤੇ ਪੱਛਮੀ ਦੋਹਾਂ ਦੁਨੀਆਂ ਵਿਚ ਕਦੇ ਕਦਾਂਈ ਹੀ ਵੇਖਣ ਨੂੰ ਮਿਲਦੀਆਂ ਹਨ।ਕੈਪਟਨ ਲਿੳਪੋਲਡ ਫੁਨ ਆਰਲਿਸ਼ ,ਟਰੈਵਲਸ ਇਨ ਇੰਡੀਆ 1845 ਈ ਵਿੱਚ ਲਿਖਦਾ ਹੈ ਕਿ ਜੰਗ ਵਿੱਚ ਸਦਾ ਉਹ ਆਪਣੀਆਂ ਫੌਜਾਂ ਦੇ ਸਿਰ ਤੇ ਸਭ ਤੋਂ ਅੱਗੇ ਹੁੰਦਾ ਸੀ। ਦ੍ਰਿੜ੍ਹ ਇਰਾਦੇ ਤੇ ਬਰਦਾਸ਼ਤ ਸ਼ਕਤੀ ਵਿਚ ਉਸ ਦੀ ਸਾਰੀ ਪਰਜਾ ਵਿੱਚ ਉਸ ਜੈਸਾ ਕੋਈ ਨਹੀ ਸੀ। ਪੜ੍ਹਾਈ ਦੀ ਘਾਟ ਦੀ ਕਸਰ ਉਸ ਦੇ ਕਮਾਲ ਦਰਜੇ ਦੀਆਂ ਮਾਨਸਿਕ ਸ਼ਕਤੀਆਂ ਨਾਲ ਜੋ ਕੁਦਰਤ ਵਲੋਂ ਮਿਲੀਆਂ ਸਨ,ਪੂਰੀ ਹੋ ਗਈ ਸੀ, ਉਸ ਦੀ ਦੂਰ ਅੰਦੇਸ਼ੀ ਤੇ ਮਨੁਖਤਾ ਬਾਰੇ ਤਜਰਬੇ ਦੀਆਂ ਵਿਸ਼ੇਸ਼ਤਾਵਾ ਊਚੀ ਪਦਵੀ ਤੇ ਟਿਕਿਆ ਰਹਿਣ ਵਿਚ ਸਹਇਤਾ ਕਰਦੀਆਂ ਸਨ।ਵਫਾਦਾਰ ਨੋਕਰ ਤੇ ਬਹਾਦੁਰ ਸਿਪਾਹੀ ਉਸ ਦੀ ਪਰਲੇ ਦਰਜੇ ਦੀ ਸੇਵਾ ਵਿਚ ਆ ਗਏ ਸਨ।

- Advertisement -

ਹਿਸਟਰੀ ਆਫ ਪੰਜਾਬ 1846 ਕੈਪਟਨ ਮਰੇ ਲਿਖਦਾ ਹੈ ਕਿ ਰਣਜੀਤ ਸਿੰਘ ਦੀ ਮਹੁੰਮਦ ਅਲੀ ਤੇ ਨਿਪੋਲੀਅਨ ਨਾਲ ਤੁਲਨਾ ਕੀਤੀ ਜਾਂਦੀ ਹੈ ਪਰ ਜੇ ਉਸਦੀ ਸਖਸ਼ੀਅਤ ਨੂੰ ਉਸ ਦੀ ਸਥਿਤੀ ਤੇ ਪਦਵੀ ਦੇ ਪਿਛੋਕੜ ਵਿਚ ਵੇਖਿਆ ਜਾਵੇ ਤਾਂ ਉਹ ਇਨ੍ਹਾਂ ਦੋਹਾਂ ਤੋਂ ਮਹਾਨ ਸੀ। ਉਸਦੇ ਸੁਭਾਉ ਵਿਚ ਨਿਰਦੈਤਾ ਦਾ ਅੰਸ਼ ਬਿਲਕੁਲ ਨਹੀ ਸੀ।ਉਸਦੇ ਕਦੇ ਵੀ ਕਿਸੇ ਦੋਸ਼ੀ ਨੂੰ ਵੱਡੇ ਤੋਂ ਵੱਡੇ ਅਪਰਾਧ ਲਈ ਵੀ ਫਾਂਸੀ ਦੀ ਸਜ਼ਾ ਨਹੀ ਸੀ ਦਿੱਤੀ। ਮਾਨਵਤਾ ਜੀਵਨ ਲਈ ਦਇਆ ਰਣਜੀਤ ਸਿੰਘ ਦਾ ਖਾਸ ਗੁਣ ਸੀ। ਕੋਈ ਵੀ ਐਸੀ ਮਿਸਾਲ ਨਹੀ ਮਿਲਦੀ ਜਿਸ ਵਿਚ ਉਸ ਨੇ ਆਪਣੇ ਹੱਥ ਜਾਣ ਬੁੱਝ ਕਿ ਖੁਨ ਨਾਲ ਰੰਗੇ ਹੋਣ। ਇਤਿਹਾਸ ਦੀਆਂ ਕਿਤਾਬਾਂ ਮਹਾਰਾਜਾ ਰਣਜੀਤ ਸਿੰਘ ਦੀ ਮਹਾਨਤਾ ਤੇ ਕਰਤਾਰੀ ਪ੍ਰਤਿਭਾ ਦੀਆਂ ਕਹਾਣੀਆਂ ਤੇ ਟਿਪਣੀਆਂ ਨਾਲ ਭਰੀਆਂ ਪਈਆਂ ਹਨ। ਕੇਵਲ ਇਹ ਹੀ ਨਹੀ ਮਹਾਰਾਜਾ ਸਾਹਿਬ ਵਲੋਂ ਜਾਰੀ ਹੁਕਮ ਤੇ ਜੀਵਨ ਦੀਆਂ ਘਟਨਾਵਾਂ ਈ ਉਸਦੀ ਬਹਾਦੁਰੀ,ਇਨਸਾਫ ਪਸੰਦੀ, ਧਰਮ ਨਿਰਪਖਤਾ, ਤਰਕੀ ਸਹਿਣਸ਼ੀਲਤਾ ਤੇ ਦਿਆਲੁਪੁਣੇ ਦੀ ਗਵਾਹੀ ਭਰਦੀਆਂ ਹਨ। ਬੁੱਧ ਸਿੰਘ ਵਲੋਂ ਪੈਦਾ ਹੋਇਆ ਰਣਜੀਤ ਸਿੰਘ ਆਪਣੇ ਦੋਵਾਂ ਨਾਵਾਂ ਦੇ ਗੁਣ ਬੁਧੀ ਤੇ ਬਹਾਦੁਰੀ ਨਾਲ ਭਰਪੂਰ ਸਨ।

ਮਹਾਰਾਜਾ ਸਾਹਿਬ ਆਪਣੇ ਆਪ ਨੂੰ ਸ਼੍ਰੀ ਗੁਰੁ ਗੋਬਿੰਦ ਸਾਹਿਬ ਜੀ ਦੇ ਰਣਜੀਤ ਨਗਾਰੇ ਵਾਂਗ ਗੁਰੁ ਦੀ ਵਡਿਆਈ ਦੇ ਨਗਾਰੇ ਦਾ ਹੋਕਾ ਦੇਣ ਵਾਲਾ ਦਸਦੇ ਸਨ। ਰਾਜੇ ਦਾ ਸਭ ਤੋਂ ਵੱਡਾ ਗੁਣ ਉਸਦਾ ਇਨਸਾਫ ਪਸੰਦ ਹੋਣਾ ਹੁੰਦਾ ਹੈ। ਜਿੱਥੇ ਰਾਜ ਇਨਸਾਫ ਪਸੰਦ ਹੁੰਦਾ ਹੋਵੇ ਉਥੇ ਤਰਕੀ ਤੇ ਆਪਸੀ ਭਾਈਚਾਰਾ ਆਪਣੇ ਆਪ ਅਗੇ ਵੱਧਦਾ ਹੈ। ਨਮੂਨੇ ਵਜੋਂ ਮਹਾਰਾਜਾ ਸਾਹਿਬ ਦੇ ਦੋ ਹੇਠ ਲਿਖੇ ਹੁਕਮ ਵਾਚਣ ਤੇ ਸੇਧ ਦੇਣ ਵਾਲੇ ਹਨ। ਹੁਕਮ ਸੱਚੇ ਖੈਰ-ਖਾਹ ਫਕੀਰ ਨੂਰ ਉੱਦਦੀਨ ਜੀ ਦੇ ਨਾਂ: ਸਰਕਾਰ ਦਾ ਇਹ ਹੁਕਮ ਹੈ ਕਿ ਕੋਈ ਆਦਮੀ ਸ਼ਹਿਰ ਵਿਚ ਲੋਕਾਂ ਉੱਪਰ ਵਧੀਕੀ ਜਾਂ ਜਬਰ ਨਾ ਕਰੇ। ਜੇ ਮਹਾਰਾਜ ਆਪ ਲਾਹੌਰ ਦੇ ਕਿਸੇ ਵਸਨੀਕ ਵਿਰੁੱਧ ਨਾ ਮੁਨਾਸਬ ਹੁਕਮ ਦੇਣ ਤਾਂ ਉਹ ਹੁਕਮ ਮਹਾਰਾਜ ਦੇ ਸਾਮਣੇ ਪੇਸ਼ ਕੀਤਾ ਜਾਵੇ ਤਾਂ ਕਿ ਉਸ ਵਿੱਚ ਲੋੜੀਦੀ ਤਰਮੀਮ ਕੀਤੀ ਜਾਵੇ। ਬਹਾਦਰੀ ਦੇ ਰੱਖਿਅਕ ਮਲਾਵਾ ਸਿੰਘ ਨੂੰ ਹਮੇਸ਼ਾ ਸਲਾਹ ਦਿੱਤੀ ਜਾਵੇ ਤਾਂ ਕਿ ਉਹ ਵਾਜਿਬ ਅਧਿਕਾਰਾਂ ਨੰ ਸਦਾ ਧਿਅਨ ਵਿਚ ਰੱਖੇ ਤੇ ਰਤੀ ਮਾਸਾ ਜੁਲਮ ਤੋਂ ਵੀ ਪਰਹੇਜ ਕਰੇ। ਇਸ ਤੋਂ ਇਲਾਵਾ ਉਸਨੂੰ ਇਹ ਵੀ ਦੱਸਿਆ ਜਾਵੇ ਕਿ ਆਪਣੇ ਹੁਕਮ ਸ਼ਹਿਰ ਦੇ ਪੰਚਾਂ ਤੇ ਜੱਜਾਂ ਨਾਲ ਸਲਾਹ ਮਸਵਰਾ ਕਰਕੇ ਦੇਵੇ ਅਤੇ ਉਹ ਹੁਕਮ ਦੋਵਾਂ ਧਿਰਾਂ ਦੇ ਧਰਮਾਂ ਅਨੁਸਾਰ ਸ਼ਾਸਤਰਾ ਜਾਂ ਕੁਰਾਨ ਮੁਤਾਬਕ ਹੋਣ, ਇਹੀ ਸਾਡੀ ਖੁਸ਼ੀ ਹੈ। (ਸਰਕਾਰ ਦੇ ਦਰਬਾਰ ਤੋਂ ਭੇਜੀ ਗਈ ਮਿਤੀ 31 ਭਾਦੋਂ ਸੰਮਤ 1882) ਦੂਜਾ “ਹੁਕਮ ਉਜੈਲ ਦੀਦਾਰ ਨਿਰਮਲ ਬੁੱਧ ਸਰਦਾਰ ਅਮੀਰ ਸਿੰਘ ਜੀ ਸਾਡੇ ਨੇਕ ਖੈਰ-ਖਾਹ ਫਰੀਕ ਨੂਰ ਉਦਦੀਨ ਜੇ-ਜੇ ਮਹਾਰਾਜਾ ਸਾਹਿਬ ਦਾ ਪਿਆਰਾ ਲੜਕਾ ਖੜਕ ਸਿੰਘ (ਯੁਵਰਾਜ) ਕੰਵਰ ਸ਼ੇਰ ਸਿੰਘ ਜੀ ਰਾਜਾ ਕਲਾਨ ਬਹਾਦੁਰ ਸ:ਸ ਚੇਤ ਸਿੰਘ ਜਾਂ ਜਮਾਂਦਾਰ ਜੀ ਵੀ ਕੋਈ ਐਸਾ ਨਾਂ ਗਵਾਰ ਕੰਮ ਕਰਨ, ਤੁਸੀ ਮਹਾਰਾਜਾ ਦੇ ਨੋਟਿਸ ਵਿਚ ਅਜਿਹੀ ਗੱਲ ਲਿਆਉ। ਸਰਦਾਰਾਂ ਦੇ ਵਿਸ਼ਵਾਸਪਾਤਰ ਨੁਮਾਇੰਦਿਆਂ ਨੂੰ ਹਦਾਇਤ ਭੇਜੋ ਕਿ ਉਹ ਕੋਈ ਵੀ ਐਸਾ ਗਲਤ ਕੰਮ ਨਾ ਕਰਨ।ਇਸ ਤੋ ਇਲਾਵਾ ਕਿਸੇ ਨੂੰ ਆਗਿਆ ਨਹੀਂ ਕਿ ਉਹ ਕਿਸੇ ਜਮੀਨ ‘ਤੇ ਕਬਜ਼ਾ ਕਰੇ ਜਾਂ ਕਿਸੇ ਦੇ ਘਰ ਨੂੰ ਢਾਏ। ਨਾ ਹੀ ਤੁਸੀ ਕਿਸੇ ਨੂੰ ਆਗਿਆ ਦੇਣੀ ਕਿ ਕੋਈ ਕਿਸੇ ਲੱਕੜ ਹਾਰੇ,ਚਰੀ ਵੇਚਣ ਵਾਲੇ , ਤੇਲ ਵੇਚਣ ਵਾਲੇ ਘੋੜਿਆਂ ਨੂੰ ਨਾਲ ਲਗਾਉਣ ਵਾਲੇ, ਕਾਰਖਾਨੇਦਾਰ ਨਾਲ ਵਧੀਕੀ ਇਤਿਆਦ ਕਰ ਸਕੇ। ਇਹੋ ਜਿਹੀਆਂ ਸਥਿਤੀਆਂ ਵਿੱਚ ਤੁਹਾਨੂੰ ਚਾਹੀਦਾ ਹੈ ਕਿ ਜਾਲਮ ਨੂੰ ਜ਼ੁਲਮ ਕਰਨ ਤੋਂ ਰੋਕੇ। ਹਰ ਇੱਕ ਨੂੰ ਆਪਣੇ ਹੱਕ ਮਿਲਣ ਤੇ ਕਿਸੇ ਨਾਲ ਕੋਈ ਧੱਕਾ ਨਾ ਹੋਵੇ। (ਲਾਹੌਰ ਦਰਬਾਰ ਮਿਤੀ 19 ਪੋਹ ਸੰਮਤ 1888) ਇਹ ਦਰਬਾਰੀ ਹੁਕਮ ਦੇ ਕੇਵਲ ਸੰਖੇਪ ਨਮੂਨੇ ਹਨ, ਮੁਕੰਮਲ ਰਿਕਾਰਡ ਵਾਚ ਕਿ ਸਾਝਾਂ ਕਰਨ ਦਾ ਉਦਮ ਤਾਂ ਅਜਾਦੀ ਤੋਂ 73 ਸਾਲ ਤੱਕ ਵੀ ਕਿਸੇ ਨੇ ਨਹੀ ਕੀਤਾ। ਇਸ ਤੋਂ ਬਿਨਾਂ ਸਰਕਾਰੀ ਨੌਕਰੀਆਂ ਵਿੱਚ ਵੱਖ ਵੱਖ ਧਰਮਾਂ ਦੇ ਫਿਰਕਿਆਂ ਦੇ ਅਫਸਰ ਲਾਏ ਗਏ ਸਨ ਜੋ ਵਿਸ਼ਵ ਭਰ ਵਿਚੋਂ ਨੌਕਰੀ ਕਰਨ ਲਈ ਪੁਜੇ ਸਨ, ਮੁਸਲਮਾਨ ਹਿੰਦੂ, ਇਸਾਈ, ਸਿੱਖ, ਖੱਤਰੀ , ਬ੍ਰਾਹਮਣ ਡੋਗਰੇ, ਰਾਜਪੂਤ, ਪਠਾਨ ਇਤਾਲਵੀ, ਫਰਾਂਸੀਸੀ, ਅੰਗਰੇਜ, ਅਮਰੀਕੀ, ਸਪੇਨਿਸ਼ ਰੂਸੀ ਆਦਿ ਸਰਕਾਰੀ ਰਿਕਾਰਡ ਦਰਬਾਰ ਖਾਲਸਾ ਅਨੂਸਾਰ 54 ਵਿਦੇਸ਼ੀ ਅਫਸਰਾਂ ਦਾ ਰਿਕਾਰਡ ਮੌਜੂਦ ਹੈ। ਇਹ ਵਿਦੇਸ਼ੀ ਅਫਸਰ ਵਕਤ ਦੀ ਅੰਗਰੇਜੀ ਸਰਕਾਰ ਤੋਂ ਚੰਗੀ ਫੌਜ ਤੇ ਸਾਜੋ ਸਮਾਨ ਬਣਾਉਣ ਵਿੱਚ ਸਹਾਇਕ ਹੁੰਦੇ ਸਨ। 92000 ਪੈਦਲ 31800 ਘੁੜ੍ਹਚੜੇ ਅਤੇ 784 ਵੱਡੀਆਂ ਛੋਟੀਆਂ ਤੋਪਾਂ ਸਰਕਾਰ ਖਾਲਸਾ ਕੋਲ ਸਨ।

ਆਰਥਿਕ ਰੂਪ ਵਿੱਚ ਖੁਸ਼ਹਾਲੀ ਵਿਦੇਸ਼ੀਆਂ ਦਾ ਉਸ ਸਮੇਂ ਲਾਹੌਰ ਦਰਾਬਾਰ ਵੱਲੋਂ ਨੌਕਰੀ ਲਈ ਭਜਣ ਤੋਂ ਹੀ ਸਪਸ਼ਟ ਹੋ ਜਾਂਦੀ ਹੈ। ਸਲਾਨਾ ਆਮਦਨ 3,24,75000/- ਰੁਪਏ ਸੀ। ਲੈਫਟੀਨੈਂਟ ਕਰਨਲ ਸਟਾਇ ਬੈਕ ਅਨੁਸਾਰ ਰਣਜੀਤ ਸਿੰਘ ਦੇ ਖਜਾਨੇ ਵਿੱਚ ਉਸ ਦੀ ਮੌਤ ਸਮੇਂ ਅਠ ਕਰੋੜ ਨਕਦੀ ਅਤੇ ਉਸ ਦੇ ਬਰਾਬਰ ਦੇ ਵਿਦੇਸ਼ੀ ਪੌਂਡ ਸਨ। ਇਸ ਤੋਂ ਇਲਾਵਾ ਹੀਰੇ ਜਵਾਹਰਾਤ, ਸ਼ਾਲਾ ਘੋੜੇ ਹਾਥੀ ਆਦਿ ਕਈ ਲੱਖ ਹੋਰ। ਸ਼ਾਇਦ ਯੂਰਪ ਦੇ ਕਿਸੇ ਬਾਦਸ਼ਾਹ ਪਾਸ ਇੰਨੇ ਕੀਮਤੀ ਹੀਰੇ ਨਹੀਂ ਹੋਏ ਜਿੰਨੇ ਕਿ ਲਾਹੌਰ ਦੇ ਦਰਬਾਰ ਪਾਸ ਸਨ।।(ਦੀ ਪੰਜਾਬ 1846 ਈ) ਸਮਾਜਿਕ ਰੂਪ ਵਿੱਚ ਆਪਣੇ ਖੁਲ੍ਹੇ ਦਿਲ ਸੁਬਾਓ ਕਰਕੇ ਮਹਾਰਾਜਾ ਸਾਹਿਬ ਆਪ ਦੇ ਸ਼ਾਹੀ ਟਬੱਰ ਹਿੰਦੂ ਸਿੱਖਾਂ ਤੇ ਮੁਸਲਮਾਨਾਂ ਦੇ ਧਾਰਮਿਕ ਤਿਉਹਾਰਾਂ ਨੂ ਮਨਾਉਣ ਵਿਚ ਇਕੋ ਜਿਹਾ ਹਿਸਾ ਲੈਂਦੇ ਸਨ।ਮਹਾਰਾਜਾ ਦੇ ਪਿਆਰ ਕਰਕੇ ਹਿੰਦੂ, ਮੁਸਲਮਾਨ ਤੇ ਸਿੱਖ ਪੂਜਾ ਪਾਠ ਦੇ ਮੌਕਿਆਂ ਤੇ ਯਾਦ ਕਰਦੇ ਸਨ ਤੇ ਉਨ੍ਹਾਂ ਦੀ ਜਿੱਤ ਤੇ ਸਿਹਤਯਾਬੀ ਦੀਆਂ ਅਰਦਾਸਾਂ ਕਰਦੇ ਸੀ। ਮਹਾਰਾਜਾ ਸਾਹਿਬ ਦਾ ਦਿਨ ਰੋਜ ਸਵੇਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੁਣਨ ਤੇ ਗੁਰਮਿਤ ਅਨੁਸਾਰ ਪੂਜਾ ਪਾਠ ਨਾਲ ਸ਼ੁਰੂ ਹੁੰਦੀ ਸੀ ਪਰ ਸ਼੍ਰੀ ਗੁਰੁ ਗੋਬਿੰਦ ਸਹਿਬ ਦਾ ਹੁਕਮ ਸਦਾ ਬੋਲਦੇ ਸਨ ‘ਦੇਹਰਾ ਮਸੀਤ ਸੋਈ,ਪੂਜਾ ੳ ਨਿਵਾਜ਼ ੳਈ। ਮਾਨ ਸ ਸਬੈ ਏਕ ਪੈ ਅਨੇਕ ਕੋ ਭ੍ਰਮਾਉ ਹੈ॥

ਮਹਾਰਾਜਾ ਰਣਜੀਤ ਸਿੰਘ ਨੇ ਬਹਾਦੁਰੀ ਤੇ ਹਿੰਮਤ ਨਾਲ ਇੱਕ ਵਡੇ ਰਾਜ ਦੀ ਸਥਾਪਨਾ ਕੀਤੀ ਸੀ। ਜਿਸਦਾ ਬਿਰਤਾਂਤ ਬਹੁਤ ਲੰਬਾ ਹੈ। ਪਰ ਅਸਲੀ ਰਣਜੀਤ ਸਿੰਘ ਦਾ ਪ੍ਰਭਾਵ ਤੇ ਅਕਸ ਇਕ ਰਹਿਮ ਦਿਲ ਬਾਦਸ਼ਾਹ ਦਾ ਸੀ ਤੇ ਹੈ, ਜੋ ਪਿਤਾ ਵਾਂਗ ਦਿਆਲੂ ਹੁੰਦਾ ਹੈ, ਨਾ ਕਿ ਇਕ ਮਹਾਨ ਜੇਤੂ ਬਾਦਸ਼ਾਹ ਦਾ ਪੁਰਨ ਮਨੁਖ ਦਿਆਲੂ ਤੇ ਮਹਾਨ ਜੇਤੂ ਤਿਨਾਂ ਗੁਣਾਂ ਦਾ ਸਮੁੇਲ ਸੀ ਮਹਾਰਾਜਾ ਰਣਜੀਤ ਸਿੰਘ ਦਾ ਜੀਵਨ। ਲੋਕਤੰਤਰ ਵਿੱਚ ਵੀ ਅਜਿਹੇ ਆਗੂ ਘੱਟ ਹੀ ਮਿਲਦੇ ਹਨ। ਬਚਿਆਂ ਨਾਲ ਪਿਆਰ, ਉਨ੍ਹਾਂ ਦੀ ਵਿਦਿਆ ਤੇ ਪ੍ਰਤਿਭਾ ਅਨੁਸਾਰ ਉਨ੍ਹਾਂ ਨੂੰ ਤਿਆਰ ਕਰਨਾ ਉਨਾਂ ਦਾ ਪਸੰਦੀਦਾ ਕੰਮ ਸੀ। ਬੱਚੇ ਕੀ ਜਾਨਵਰਾਂ ਨਾਲ ਵੀ ਉਹ ਪਿਆਰ ਕਰਦੇ ਸਨ। ਗੋਲੀ ਨਾਲ ਸ਼ੇਰ ਮਾਰਨ ਦੀ ਥਾਂ ਉਹ ਤਲਵਾਰ ਨਾਲ ਮੁਕਾਬਲਾ ਕਰਨ ਵਾਲੇ ਨੂੰ ਬਹਾਦੁਰ ਮੰਨਦੇ ਸਨ।

ਸ਼ੇਰੇ-ਏ-ਪੰਜਾਬ ਦਾ ਲਕਬ ਵੀ ਅੰਗਰੇਜਾਂ ਨੇ ਉਹਨਾਂ ਲਈ ਵਰਤਨਾ ਸ਼ੁਰੂ ਕੀਤਾ ਸੀ। ਆਪਣੀ ਸੰਸਾਰਕ ਯਾਤਰਾ 27 ਜੂਨ 1839 ਈ ਨੂੰ ਪੂਰੀ ਕਰਨ ਤੋਂ ਚਾਰ ਦਿਨ ਪਹਿਲਾਂ ਉਹਨਾਂ ਨੇ ਆਪਣੇ ਰਿਸ਼ਤੇਦਾਰਾਂ ਤੇ ਦਰਬਾਰੀਆਂ ਨੂੰ ਸੰਬੋਧਨ ਕਰਦਿਆਂ ਆਪਣੀ ਅੰਤਿਮ ਇੱਛਾ ਪ੍ਰਗਟ ਕੀਤੀ ਸੀ। ਬਹਾਦੁਰ ਖਾਲਸਾ ਜੀ, ਆਪ ਨੇ ਖਾਲਸਾ ਰਾਜ ਦੀ ਸਥਾਪਨਾ ਲਈ ਜੋ ਅਣਥੱਕ ਘਾਲਣਾਵਾਂ ਘਾਲੀਆਂ ਹਨ ਅਤੇ ਆਪਣੇ ਲਹੂ ਦੀਆਂ ਜੋ ਨਦੀਆਂ ਵਹਾਈਆਂ ਹਨ,ਉਹ ਨਿਸਫਲ ਨਹੀ ਗਈਆਂ। ਇਸ ਸਮੇ ਆਪਣੇ ਆਲੇ ਦੁਆਲੇ ਜੋ ਕੁਝ ਦੇਖ ਰਹੇ ਹੋ, ਸਭ ਆਪ ਕੁਰਬਾਨੀਆਂ ਅਤੇ ਘਾਲਣਾਵਾਂ ਦਾ ਫਲ ਹੈ। ਮੈਂ ਗੁਰੁ ਤੇ ਆਪ ਦੇ ਭਰੋਸੇ ਇੱਕ ਸਧਾਰਨ ਪਿੰਡ ਤੋਂ ਉਠ ਕੇ ਲਗਭਗ ਸਾਰੇ ਪੰਜਾਬ ਤੇ ਇਸ ਤੋਂ ਬਾਹਰ ਅਫਗਾਨੀਸਤਾਨ, ਕਸ਼ਮੀਰ, ਤਿੱਬਤ, ਸਿੰਧ ਦੀਆਂ ਕੰਧਾਂ ਤਕ ਖਾਲਸੇ ਦਾ ਰਾਜ ਸਥਾਪਿਤ ਕਰ ਦਿੱਤਾ ਹੈ। ਹੁਣ ਕੁਝ ਦਿਨਾਂ ਦਾ ਮੇਲਾ ਹੈ, ਥੋੜੇ ਸਮੇਂ ਤਕ ਮੈ ਆਪ ਤੋਂ ਸਦਾ ਵਾਸਤੇ ਵਿਦਾ ਹੋ ਜਾਵਾਂਗਾ, ਮੈਥੋਂ ਜੋ ਕੁਝ ਸਰਆਈ ਤੁਹਾਡੀ ਸੇਵਾ ਕਰ ਚਲਿਆਂ ਹਾਂ, ਹੰਨੇ ਹੰਨੇ ਦੀ ਸਰਦਾਰੀ ਦੇ ਮਣਕੇ ਭਰ ਕਿ ਇੱਕ ਕੈਠਾਂ ਬਣਾ ਦਿੱਤਾ ਹੈ। ਇਕ ਲੜੀ ਵਿੱਚ ਪਰੂਚੇ ਰਹੋਗੇ ਤਾਂ ਬਾਦਸ਼ਾਹ ਬਣੇ ਰਹੋਗੇ, ਨਿਖੜ ਜਾੳਗੇ ਤਾਂ ਮਾਰੇ ਜਾਓਗੇ। ਪਿਆਰੇ ਖਾਲਸਾ ਜੀ ਤੁਹਾਡੇ ਤੇਗ ਦੀ ਧਾਂਕ ਸੰਸਾਰ ਵਿੱਚ ਪਈ ਹੋਈ ਹੈ। ਡਰ ਹੈ ਤਾ ਇਸ ਗੱਲ ਦਾ ਕਿ ਕਿਤੇ ਇਹ ਤੇਗ ਤੁਹਾਡੇ ਆਪਣੇ ਘਰ ਨਾ ਖੜ੍ਹਕਣ ਲੱਗ ਪਵੇ, ਤੁਸੀ ਗੁਰੂ ਕਲਗੀਧਾਰ ਪਾਤਿਸ਼ਾਹ ਜੀ ਦੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਹੈ, ਜਿਸ ਵਿਚ ਜਮਾਨੇ ਦੀ ਨੀਤੀ ਛੂਪੀ ਹੈ, ਸਦਾ ਪਤਾਸਿਆਂ ਵਾਂਗ ਘੁਲ ਮਿਲ ਕੇ ਰਹਿਣਾ, ਜੇ ਸਮਾਂ ਬਣੇ ਤਾਂ ਖੰਡੇ ਵਾਂਗ ਸਖਤ ਤੇ ਤੇਜ਼ ਵੀ ਹੋ ਜਾਇਓ, ਗਰੀਬ ਦੁਖੀਏ ਦੀ ਢਾਲ ਤੇ ਜਾਲਮ ਦੇ ਸਿਰ ਤੇ ਤਲਵਾਰ ਬਣ ਕੇ ਚਮਕਿਓ। ਦੁਸ਼ਮਣ ਦੀਆਂ ਚਾਲਾਂ ਤੋਂ ਸਾਵਧਾਨ ਰਹਿਣਾ, ਅਜਾਦੀ ਮੈਨੂੰ ਜਾਨ ਨਾਲੋਂ ਪਿਆਰੀ ਹੈ, ਸਿੰਘਾਂ ਦੇ ਝੰਡੇ ਸਦਾ ਉਚੇ ਰਹਿਣ, ਮੇਰੀ ਅੰਤਿਮ ਇੱਛਾ ਹੈ। ਓਪਰੇ ਜੇ ਪੰਜਾਬ ਦੀ ਧਰਤੀ ‘ਤੇ ਪੈਰ ਧਰਨਗੇ ਤਾਂ ਮੇਰੀ ਛਾਤੀ ਉਤੇ ਧਰਨਗੇ। ਗੈਰਾਂ ਦੇ ਝੰਡੇ ਅੱਗੇ ਝੁਕਣਾ ਮੇਰੀ ਅਣਖ ਨੂੰ ਵੇਚਣਾ ਹੋਵੇਗਾ। ਤੁਸੀ ਕਿਸੇ ਦੇ ਗੁਲਾਮ ਬਣ ਜਾਓਗੇ ਤਾਂ ਮੇਰੀ ਰੂਹ ਕਲਪੇਗੀ, ਹੋਰ ਵਧੇਰੇ ਕਹਿਣ ਦਾ ਸਮਾਂ ਨਹੀ ਹੈ”, ਮਹਾਰਾਜਾ ਰਣਜੀਤ ਸਿੰਘ ਹਾਲੇ ਵੀ ਜਿਉਂਦਾ ਹੈ ਆਪਣੇ ਲੋਕਾਂ ਦੇ ਦਿਲਾਂ ‘ਤੇ ਕਲਪਨਾ ਵਿੱਚ। ਉਹ ਸਿਰਫ ਸਿੱਖਾਂ ਵਿੱਚ ਹੀ ਨਹੀ ਜਿੱਥੇ ਹੁਣ ਸਿੱਖ ਵਸਦੇ ਹਨ, ਬਲਕਿ ਜਿੱਥੇ ਪਹਿਲਾਂ ਸਿੱਖ ਵਸਦੇ ਸਨ ਤੇ ਖਾਲਸਾ ਰਾਜ ਦੇ ਹਰ ਪਿੰਡ ਤੇ ਕਸਬੇ ਵਿੱਚ ਉਹ ਲੋਕਾਂ ਨੂੰ ਨੇਕ ਕੰਮ ਕਰਨ ਤੇ ਭਾਈ ਚਾਰੇ ਲਈ ਪ੍ਰੇਰਿਤ ਕਰਦਾ ਹੈ। ਭਲਾ ਹੋਵੇ ਵਿਦੇਸ਼ੀ ਵਿਧਵਾਨਾਂ ਦਾ ਜਿਨ੍ਹਾਂ 181 ਸਾਲ ਬਾਦ ਵੀ ਮਹਾਰਾਜਾ ਰਣਜੀਤ ਸਿੰਘ ਨੂੰ ਦੁਨੀਆਂ ਦਾ ਮਹਾਨਤਮ ਬਾਦਸ਼ਾਹ ਚੁਣਿਆ ਹੈ। ਪਰ ਅਫਸੋਸ ਹੈ ਕਿ ਉਸਦੀ ਧਰਤੀ ‘ਤੇ ਵਿਰਾਸਤ ਦੇ ਮਾਲਕ ਉਸਦੀ ਰਾਜਨੀਤੀ ਤੇ ਰਣਨੀਤੀ ਨੂੰ ਅਗੇ ਨਹੀ ਤੋਰ ਸਕੇ।

- Advertisement -

ਸੰਪਰਕ: 9780003333

Share this Article
Leave a comment