ਨਿਊਜ਼ ਡੈਸਕ: ਦੱਖਣੀ ਫਰਾਂਸ ‘ਚ ਆਪਣੀ ਪਤਨੀ ਨੂੰ ਨਸ਼ੀਲਾ ਪਦਾਰਥ ਪਿਲਾਉਣ ਅਤੇ ਦਰਜਨਾਂ ਮਰਦਾਂ ਨੂੰ ਬੁਲਾ ਕੇ ਉਸ ਦਾ ਇਕ ਦਹਾਕੇ ਤੱਕ ਬਲਾਤਕਾਰ ਕਰਵਾਉਣ ਦੇ ਸਨਸਨੀਖੇਜ਼ ਮਾਮਲੇ ਵਿੱਚ ਮੁਲਜ਼ਮ ਵਿਰੁੱਧ ਅਦਾਲਤ ‘ਚ ਸੁਣਵਾਈ ਸ਼ੁਰੂ ਹੋ ਗਈ ਹੈ। ਇਸ ਮਾਮਲੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਮੁਲਜ਼ਮ ਡੋਮਿਨਿਕ ਪੇਲੀਕੋਟ (71) ਨੂੰ ਦੋਸ਼ੀ ਪਾਏ ਜਾਣ ‘ਤੇ 20 ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ। ਅਦਾਲਤ ‘ਚ ਉਸ ਦੇ ਨਾਲ ਖੜ੍ਹੇ ਲਗਭਗ 50 ਹੋਰ ਲੋਕਾਂ ਲਈ ਉਸ ਦੀ ਗਵਾਹੀ ਅਹਿਮ ਹੋਵੇਗੀ, ਜਿਨ੍ਹਾਂ ‘ਤੇ ਉਸਦੀ ਦੀ ਪਤਨੀ ਗਿਜ਼ੇਲ ਪੇਲੀਕੋਟ ਨਾਲ ਬਲਾਤਕਾਰ ਕਰਨ ਦਾ ਦੋਸ਼ ਹੈ।
ਫਰਾਂਸ ਵਿੱਚ ਜਿਨਸੀ ਹਿੰਸਾ ਵਿਰੁੱਧ ਲੜਾਈ ਦੀ ਪ੍ਰਤੀਕ ਬਣ ਚੁੱਕੀ ਪੀੜਤਾ ਗਿਜ਼ੇਲ ਪੇਲੀਕੋਟ ਨੇ ਇਸ ਮਾਮਲੇ ਵਿੱਚ ਆਪਣੀ ਪਛਾਣ ਜ਼ਾਹਰ ਕਰਨ ਲਈ ਸਹਿਮਤੀ ਪ੍ਰਗਟਾਈ ਹੈ ਅਤੇ ਇਸ ਮਾਮਲੇ ਦੀ ਖੁੱਲ੍ਹੀ ਅਦਾਲਤ ‘ਚ ਸੁਣਵਾਈ ਕਰਨ ਲਈ ਸਹਿਮਤ ਹੋ ਗਈ ਹੈ। ਉਹ ਆਪਣੇ ਸਾਬਕਾ ਪਤੀ ਦੀ ਗਵਾਹੀ ਤੋਂ ਬਾਅਦ ਅਦਾਲਤ ਵਿੱਚ ਆਪਣਾ ਬਿਆਨ ਦਰਜ ਕਰਵਾ ਸਕਦੀ ਹੈ।
69 ਸਾਲਾ ਬਰਨਾਡੇਟ ਟੈਸਨੀਅਰ, ਜੋ ਕਿ ਮੁਕੱਦਮੇ ਦੀ ਸੁਣਵਾਈ ਦੇਖਣ ਲਈ ਅਦਾਲਤ ਵਿੱਚ ਪਹੁੰਚੀ ਸੀ, ਨੇ ਕਿਹਾ, “ਪਰਿਵਾਰਕ ਜੀਵਨ ਦੇ 50 ਸਾਲਾਂ ਵਿੱਚ ਇੱਕ ਅਜਿਹੇ ਵਿਅਕਤੀ ਦੇ ਨਾਲ ਰਹਿਣਾ ਕਿਵੇਂ ਸੰਭਵ ਹੈ ਜੋ ਆਪਣੀ ਜ਼ਿੰਦਗੀ ਨੂੰ ਇੰਨੀ ਚੰਗੀ ਤਰ੍ਹਾਂ ਲੁਕਾਉਂਦਾ ਹੈ।” ਇਹ ਡਰਾਉਣਾ ਹੈ।”
ਇੰਝ ਹੋਇਆ ਖੁਲਾਸਾ
- Advertisement -
ਅਦਾਲਤੀ ਦਸਤਾਵੇਜ਼ਾਂ ਦੇ ਅਨੁਸਾਰ, ਹੈਰਾਨ ਕਰਨ ਵਾਲੀ ਘਟਨਾ 2020 ਵਿੱਚ ਸਾਹਮਣੇ ਆਈ ਸੀ ਜਦੋਂ ਇੱਕ ਸੁਰੱਖਿਆ ਏਜੰਟ ਨੇ ਇੱਕ ਸੁਪਰਮਾਰਕਿਟ ਵਿੱਚ ਪੇਲੀਕੋਟ ਨੂੰ ਔਰਤਾਂ ਦੀ ਵੀਡੀਓ ਬਣਾਉਂਦੇ ਹੋਏ ਫੜਿਆ ਸੀ। ਪੁਲਿਸ ਨੇ ਫਿਰ ਪੇਲੀਕੋਟ ਦੇ ਘਰ ਅਤੇ ਇਲੈਕਟ੍ਰਾਨਿਕ ਉਪਕਰਨਾਂ ਦੀ ਤਲਾਸ਼ੀ ਲਈ ਅਤੇ ਗਿਸੇਲ ਪੇਲੀਕੋਟ ਨਾਲ ਜਿਨਸੀ ਸਬੰਧਾਂ ਵਿੱਚ ਲੱਗੇ ਮਰਦਾਂ ਦੀਆਂ ਹਜ਼ਾਰਾਂ ਤਸਵੀਰਾਂ ਅਤੇ ਵੀਡੀਓ ਬਰਾਮਦ ਕੀਤੇ। ਦਸਤਾਵੇਜ਼ਾਂ ਦੇ ਅਨੁਸਾਰ, ਜਦੋਂ ਪੁਲਿਸ ਪੇਲੀਕੋਟ ਦੇ ਘਰ ਪਹੁੰਚੀ ਤਾਂ ਗਿਜ਼ੇਲ ਆਪਣੇ ਬਿਸਤਰੇ ‘ਤੇ ਬੇਹੋਸ਼ੀ ਦੀ ਹਾਲਤ ਵਿੱਚ ਮਿਲੀ। ਜਾਂਚ ਦੌਰਾਨ ਪੁਲਿਸ ਨੇ 72 ਸ਼ੱਕੀਆਂ ਵਿੱਚੋਂ ਜ਼ਿਆਦਾਤਰ ਨੂੰ ਟਰੇਸ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਗੀਸੇਲ ਅਤੇ ਪੇਲੀਕੋਟ ਦੇ ਤਿੰਨ ਬੱਚੇ ਹਨ।