ਨਵੀਂ ਦਿੱਲੀ: ਦਿੱਲੀ ਸਰਕਾਰ ਨੇ ਮੈਟਰੋ ‘ਚ ਸਫਰ ਕਰਨ ਵਾਲੇ ਯਾਤਰੀਆਂ ਨੂੰ ਨਵੇਂ ਸਾਲ ਦਾ ਤੋਹਫਾ ਦਿੱਤਾ ਹੈ। ਦੱਸ ਦਈਏ ਕਿ ਅੱਜ ਤੋਂ ਯਾਤਰੀ ਮੈਟਰੋ ਦੀ ਏਅਰਪੋਰਟ ਐਕਸਪ੍ਰੈਸ ਲਾਈਨ ‘ਤੇ ਵੀ ਵਾਈ-ਫਾਈ ਦੀ ਸਹੂਲਤ ਦਾ ਆਨੰਦ ਮਾਣ ਸਕਣਗੇ। ਹੁਣ ਤੱਕ ਕੁਝ ਮੈਟਰੋ ਸਟੇਸ਼ਨਾਂ ‘ਤੇ ਹੀ ਇਹ ਸਹੂਲਤ ਦਿੱਤੀ ਜਾ ਰਹੀ ਸੀ।
ਡੀਐੱਮਆਰਸੀ (DMRC) ਦੇ ਮੈਨੇਜਿੰਗ ਡਾਇਰੈਕਟਰ ਡਾ. ਮੰਗੂ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਯਾਤਰੀਆਂ ਦੀ ਸਹੂਲਤ ਲਈ ਏਅਰਪੋਰਟ ਐਕਸਪ੍ਰੈਸ ਲਾਇਨ ਨੂੰ ਪੂਰੀ ਤਰ੍ਹਾਂ ਵਾਈ-ਫਾਈ ਨਾਲ ਲੈਸ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਲਾਇਨ ਦੇ ਸਾਰੇ ਛੇ ਮੈਟਰੋ ਸਟੇਸ਼ਨਾਂ ‘ਤੇ ਸਾਲ 2019 ਤੋਂ ਹੀ ਵਾਈ-ਫਾਈ ਦੀ ਸਹੂਲਤ ਉਪਲਬਧ ਕਰਵਾਈ ਗਈ ਹੈ ਤੇ ਨਾਲ ਹੀ ਉਨ੍ਹਾਂ ਕਿਹਾ ਕਿ ਯਾਤਰੀ ਧਰਤੀ ਹੇਠਲੀ ਲਾਈਨ ‘ਤੇ ਵੀ ਵਾਈ-ਫਾਈ ਇਸਤਮਾਲ ਕਰ ਸਕਣਗੇ।
ਏਅਰਪੋਰਟ ਐਕਸਪ੍ਰੈਸ ਲਾਈਨ ‘ਤੇ ਨਵੀਂ ਦਿੱਲੀ, ਸ਼ਿਵਾਜੀ ਸਟੇਡੀਅਮ, ਧੋਲਾ ਕੂਆਂ, ਏਰੋ ਸਿਟੀ, ਆਈਜੀਆਈ ਏਅਰਪੋਰਟ, ਸੈਕਟਰ-21 ਛੇ ਮੈਟਰੋ ਸਟੇਸ਼ਨ ਹਨ। ਡੀਐੱਮਆਰਸੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਲਦ ਹੀ ਦਿੱਲੀ ਮੈਟਰੋ ਦੇ ਬਾਕੀ ਰੂਟਾਂ ‘ਤੇ ਵੀ ਇਹ ਸੇਵਾ ਸ਼ੁਰੂ ਕੀਤਾ ਜਾ ਸਕਦੀ ਹੈ।
ਡੀਐੱਮਆਰਸੀ ਨੇ ਬੀਤੇ ਸੋਮਵਾਰ ਨੂੰ ਫੇਜ਼-4 ‘ਤੇ ਹੈਦਰਪੁਰ-ਬਡਲੀ ਮੋੜ ‘ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਫੇਜ਼-4 ਦੇ 61.67 ਕਿਲੋਮੀਟਰ ਦੀ ਦੂਰੀ ‘ਚ ਤਿੰਨ ਕਾਰੀਡੋਰ ਤਿਆਰ ਕੀਤੇ ਜਾਣਗੇ। ਹੈਦਰਪੁਰ-ਬਡਲੀ ਮੋੜ ‘ਤੇ ਫੇਜ਼-4 ਦਾ ਪਲੇਟਫਾਰਮ ਹੁਣ ਤੱਕ ਦੀ ਦਿਲੀ ਮੈਟਰੋ ਦਾ ਸਭ ਤੋਂ ਉੱਚਾ ਪਲੇਟਫਾਰਮ ਹੋਵੇਗਾ।
ਡਾ. ਮੰਗੂ ਸਿੰਘ ਨੇ ਕਿਹਾ ਕਿ ਪ੍ਰਧਾਨ-ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ‘ਚ ਮੈਟਰੋ ਫੇਜ਼-4 ਦੇ ਤਿੰਨ ਮੈਟਰੋ ਕੋਰੀਡੋਰ ਆਰ.ਕੇ. ਆਸ਼ਰਮ ਜਨਕਪੁਰੀ (ਪੱਛਮੀ), ਮੁਕੰਦਪੁਰ-ਮੌਜਪੁਰ ਤੇ ਏਰੋ ਸਿਟੀ-ਤੁਗਲਕਾਬਾਦ ਨੂੰ ਕੈਬਨਿਟ ਦੀ ਮਨਜ਼ੂਰੀ ਮਿਲ ਗਈ ਹੈ।