ਸੀਰਮ ਇੰਸਟੀਚਿਊਟ ਦੇ ਨਾਂ ‘ਤੇ ਧੋਖਾਧੜੀ,ਅਦਾਰ ਪੂਨਾਵਾਲਾ ਦੇ ਨਾਂ ‘ਤੇ ਕਰਵਾਏ 1 ਕਰੋੜ ਟਰਾਂਸਫਰ

Rajneet Kaur
2 Min Read

ਨਿਊਜ਼ ਡੈਸਕ: ਟੀਕਾ ਬਣਾਉਣ ਵਾਲੀ ਕੰਪਨੀ ਸੀਰਮ ਇੰਸਟੀਚਿਊਟ ਆਫ ਇੰਡੀਆ (SII) ਤੋਂ ਇਕ ਕਰੋੜ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕੰਪਨੀ ਦੇ ਇੱਕ ਸੀਨੀਅਰ ਕਾਰਜਕਾਰੀ ਨੂੰ ਸੀਰਮ ਇੰਸਟੀਚਿਊਟ ਦੇ ਸੀਈਓ ਅਦਾਰ ਪੂਨਾਵਾਲਾ ਦੇ ਨਾਮ ਤੋਂ ਵਟਸਐਪ ‘ਤੇ ਮੈਸਿਜ ਸੰਦੇਸ਼ ਮਿਲੇ ਸਨ। ਉਨ੍ਹਾਂ ਨੂੰ ਵੱਖ-ਵੱਖ ਖਾਤਾ ਨੰਬਰਾਂ ‘ਤੇ ਇਕ ਕਰੋੜ ਰੁਪਏ ਟਰਾਂਸਫਰ ਕਰਨ ਲਈ ਕਿਹਾ ਗਿਆ। ਵਿੱਤ ਅਧਿਕਾਰੀ ਨੇ ਇਹ ਸੋਚ ਕੇ ਪੈਸੇ ਟਰਾਂਸਫਰ ਕਰ ਦਿੱਤੇ ਕਿ ਇਹ ਬੌਸ ਦਾ ਹੁਕਮ ਸੀ। ਪਰ ਜਦੋਂ ਅਦਾਰ ਪੂਨਾਵਾਲਾ ਨਾਲ ਫੋਨ ‘ਤੇ ਗੱਲ ਕੀਤੀ ਗਈ ਅਤੇ ਸਬੰਧਤ ਅਧਿਕਾਰੀ ਨੇ ਉਨ੍ਹਾਂ ਨਾਲ ਇਸ ਦਾ ਜ਼ਿਕਰ ਕੀਤਾ ਤਾਂ ਇਸ ਪੂਰੇ ਘਪਲੇ ਦਾ ਪਰਦਾਫਾਸ਼ ਹੋ ਗਿਆ।

ਅਦਾਰ ਪੂਨਾਵਾਲਾ ਨੇ ਸਬੰਧਤ ਅਧਿਕਾਰੀ ਨੂੰ ਦੱਸਿਆ ਕਿ ਉਨ੍ਹਾਂ ਨੇ ਪੈਸੇ ਟਰਾਂਸਫਰ ਕਰਨ ਲਈ ਕੋਈ ਵਟਸਐਪ ਮੈਸੇਜ ਨਹੀਂ ਭੇਜਿਆ ਹੈ। ਅੱਗੇ ਦੀ ਜਾਂਚ ਤੋਂ ਬਾਅਦ ਪਤਾ ਲੱਗਾ ਕਿ ਅਦਾਰ ਪੂਨਾਵਾਲਾ ਦੇ ਨਾਂ ‘ਤੇ ਫਰਜ਼ੀ ਵਟਸਐਪ ਮੈਸੇਜ ਕੀਤੇ ਗਏ ਸਨ।ਅਦਾਰ ਪੂਨਾਵਾਲਾ ਦੇ ਨਾਂ ‘ਤੇ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਇਹ ਸਾਈਬਰ ਫਰਾਡ ਕੀਤਾ ਗਿਆ ਹੈ। ਕੰਪਨੀ ਦੇ ਖਾਤੇ ਤੋਂ ਦਿੱਤੇ ਖਾਤੇ ਵਿੱਚ 1,01,01,554 ਰੁਪਏ ਟਰਾਂਸਫਰ ਕੀਤੇ ਗਏ ਹਨ। ਕੰਪਨੀ ਦੀ ਤਰਫੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਬੰਡਾਗਾਰਡਨ ਪੁਲਿਸ ਸਟੇਸ਼ਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਧੋਖਾਧੜੀ ਬੁੱਧਵਾਰ ਅਤੇ ਵੀਰਵਾਰ ਦੀ ਦੁਪਹਿਰ ਦਰਮਿਆਨ ਹੋਈ। ਸੀਨੀਅਰ ਇੰਸਪੈਕਟਰ ਪ੍ਰਤਾਪ ਮਾਨਕਰ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਸੂਚਨਾ ਤਕਨਾਲੋਜੀ ਐਕਟ ਤਹਿਤ ਧੋਖਾਧੜੀ ਅਤੇ ਅਪਰਾਧਾਂ ਲਈ ਐਫਆਈਆਰ ਦਰਜ ਕੀਤੀ ਗਈ ਹੈ।

ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਆਈਪੀਸੀ ਦੀ ਧਾਰਾ 419 (ਧੋਖਾਧੜੀ) ਅਤੇ 420 (ਧੋਖਾਧੜੀ ਅਤੇ ਗਲਤ ਤਰੀਕੇ ਨਾਲ ਪੈਸੇ ਦਾ ਟਰਾਂਸਫਰ) ਅਤੇ 34 ਅਤੇ ਸਾਈਬਰ ਕਾਨੂੰਨਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਜਿਨ੍ਹਾਂ ਨੇ ਮੈਸੇਜ ਭੇਜੇ ਸਨ ਅਤੇ ਜਿਨ੍ਹਾਂ ਖਾਤਿਆਂ ‘ਤੇ ਪੈਸੇ ਭੇਜੇ ਗਏ ਸਨ, ਉਨ੍ਹਾਂ ਦੀ ਪਛਾਣ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਦੋਸ਼ੀਆਂ ਨੂੰ ਫੜਨ ਲਈ ਕਾਰਵਾਈ ਕੀਤੀ ਜਾਵੇਗੀ।

- Advertisement -

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment