ਅਮਰੀਕਾ ਦੇ ਮਸ਼ਹੂਰ ਜੱਜ ਫਰੈਂਕ ਕੈਪਰੀਓ ਦਾ 88 ਸਾਲ ਦੀ ਉਮਰ ‘ਚ ਦੇਹਾਂਤ

Global Team
2 Min Read

ਜਲੰਧਰ: ਅਮਰੀਕਾ ਦੇ ਪ੍ਰਸਿੱਧ ਜੱਜ ਅਤੇ ਰਿਐਲਿਟੀ ਕੋਰਟ ਸ਼ੋਅ ‘ਕੌਟ ਇਨ ਪ੍ਰੋਵਿਡੈਂਸ’ ਨਾਲ ਦੁਨੀਆ ਭਰ ਵਿੱਚ ਪਛਾਣ ਬਣਾਉਣ ਵਾਲੇ ਫਰੈਂਕ ਕੈਪਰੀਓ ਦਾ 88 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਲੰਬੇ ਸਮੇਂ ਤੋਂ ਪੈਨਕ੍ਰੀਆਟਿਕ ਕੈਂਸਰ ਨਾਲ ਜੂਝ ਰਹੇ ਕੈਪਰੀਓ ਨੇ ਬਹਾਦੁਰੀ ਨਾਲ ਬਿਮਾਰੀ ਦਾ ਸਾਹਮਣਾ ਕੀਤਾ, ਪਰ ਅਖੀਰ ਵਿੱਚ ਜ਼ਿੰਦਗੀ ਦੀ ਜੰਗ ਹਾਰ ਗਏ। ਉਨ੍ਹਾਂ ਦੇ ਦੇਹਾਂਤ ਦੀ ਪੁਸ਼ਟੀ ਉਨ੍ਹਾਂ ਦੇ ਆਧਿਕਾਰਕ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਗਈ ਪੋਸਟ ਰਾਹੀਂ ਹੋਈ।

ਫਰੈਂਕ ਕੈਪਰੀਓ ਨੂੰ ਦੁਨੀਆ ਭਰ ਦੇ ਲੋਕ ਉਨ੍ਹਾਂ ਦੀ ਮਾਨਵੀ ਅਦਾਲਤੀ ਕਾਰਵਾਈ ਲਈ ਯਾਦ ਕਰਦੇ ਹਨ। ਉਨ੍ਹਾਂ ਨੇ ਆਪਣੇ ਕੋਰਟਰੂਮ ਨੂੰ ਨਿਆਂ ਦੇ ਨਾਲ-ਨਾਲ ਮਨੁੱਖਤਾ ਦੀ ਮਿਸਾਲ ਬਣਾਇਆ। ਛੋਟੇ-ਮੋਟੇ ਮਾਮਲਿਆਂ, ਖਾਸ ਕਰਕੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਵਾਲੇ ਮਾਮਲਿਆਂ ਵਿੱਚ, ਉਨ੍ਹਾਂ ਨੇ ਸਜ਼ਾ ਦੇਣ ਦੀ ਬਜਾਏ ਲੋਕਾਂ ਦੀਆਂ ਸਥਿਤੀਆਂ ਨੂੰ ਸਮਝਿਆ ਅਤੇ ਕਈ ਵਾਰ ਜੁਰਮਾਨੇ ਮੁਆਫ ਕਰ ਦਿੱਤੇ। ਉਨ੍ਹਾਂ ਦੇ ਇਹ ਸੰਵੇਦਨਸ਼ੀਲ ਅਤੇ ਮਾਨਵੀ ਫੈਸਲਿਆਂ ਨੇ ਉਨ੍ਹਾਂ ਨੂੰ ‘ਦੁਨੀਆ ਦਾ ਸਭ ਤੋਂ ਦਿਆਲੂ ਜੱਜ’ ਦਾ ਖਿਤਾਬ ਦਿਵਾਇਆ।

ਕੈਪਰੀਓ ਦੇ ਕੋਰਟਰੂਮ ਦੇ ਕਈ ਵੀਡੀਓ ਸੋਸ਼ਲ ਮੀਡੀਆ ‘ਤੇ ਕਰੋੜਾਂ ਵਾਰ ਦੇਖੇ ਗਏ। ਕਦੇ ਕਿਸੇ ਬੱਚੇ ਨਾਲ ਮਜ਼ਾਕੀਆ ਅੰਦਾਜ਼ ਵਿੱਚ ਸਵਾਲ-ਜਵਾਬ, ਤਾਂ ਕਦੇ ਬਜ਼ੁਰਗਾਂ ਨੂੰ ਸਤਿਕਾਰ  ਨਾਲ ਰਾਹਤ ਦੇਣ ਵਾਲੇ ਪਲਾਂ ਨੇ ਦੁਨੀਆ ਭਰ ਦੇ ਦਰਸ਼ਕਾਂ ਦੇ ਦਿਲਾਂ ਨੂੰ ਛੂਹਿਆ। ਉਨ੍ਹਾਂ ਦੇ ਅਦਾਲਤੀ ਵੀਡੀਓਜ਼ ਨੂੰ ਇੱਕ ਅਰਬ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਕਰੀਅਰ ਅਤੇ ਸ਼ੋਅ ਦੀ ਲੋਕਪ੍ਰਿਯਤਾ

1936 ਵਿੱਚ ਰੋਡ ਆਈਲੈਂਡ ਦੇ ਪ੍ਰੋਵਿਡੈਂਸ ਵਿੱਚ ਜਨਮੇ ਕੈਪਰੀਓ ਨੇ ਕਈ ਦਹਾਕਿਆਂ ਤੱਕ ਮਿਊਂਸੀਪਲ ਜੱਜ ਵਜੋਂ ਸੇਵਾਵਾਂ ਨਿਭਾਈਆਂ। ਉਨ੍ਹਾਂ ਨੂੰ ਅਸਲ ਪ੍ਰਸਿੱਧੀ ਉਦੋਂ ਮਿਲੀ ਜਦੋਂ ਉਨ੍ਹਾਂ ਦੀ ਅਦਾਲਤ ਨੂੰ ਟੀਵੀ ਸ਼ੋਅ ‘ਕੌਟ ਇਨ ਪ੍ਰੋਵਿਡੈਂਸ’ ਵਿੱਚ ਪ੍ਰਸਾਰਿਤ ਕੀਤਾ ਗਿਆ। ਇਹ ਸ਼ੋਅ 2018 ਤੋਂ 2020 ਤੱਕ ਰਾਸ਼ਟਰੀ ਪੱਧਰ ‘ਤੇ ਪ੍ਰਸਾਰਿਤ ਹੋਇਆ ਅਤੇ ਕਈ  ਐਮੀ ਅਵਾਰਡਜ਼ ਲਈ ਨਾਮਜ਼ਦ ਵੀ ਹੋਇਆ। ਸ਼ੋਅ ਦਾ ਮੁੱਖ ਸੁਨੇਹਾ ਸੀ ਕਿ ਨਿਆਂ ਸਿਰਫ਼ ਸਜ਼ਾ ਦੇਣ ਤੱਕ ਸੀਮਿਤ ਨਹੀਂ, ਬਲਕਿ ਉਸ ਵਿੱਚ ਸਤਿਕਾਰ ਅਤੇ ਮਾਨਵੀ ਵੀ ਹੋਣਾ ਚਾਹੀਦਾ।

Share This Article
Leave a Comment