ਓਟਾਵਾ:ਕੈਨੇਡਾ ‘ਚ ਜੰਗਲੀ ਅੱਗ ‘ਤੇ ਕਾਬੂ ਪਾਉਣ ਲਈ ਦੱਖਣੀ ਅਫਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਸੰਯੁਕਤ ਰਾਜ ਅਮਰੀਕਾ ਤੋਂ ਲਗਭਗ 700 ਫਾਇਰਫਾਈਟਰਜ਼ ਅਗਲੇ ਦੋ ਹਫ਼ਤਿਆਂ ਵਿੱਚ ਕੈਨੇਡਾ ਪਹੁੰਚਣ ਵਾਲੇ ਹਨ। ਅਲਬਰਟਾ ਵਿੱਚ ਪਹਿਲਾਂ ਹੀ 500 ਤੋਂ ਵੱਧ ਅੰਤਰਰਾਸ਼ਟਰੀ ਫਾਇਰਫਾਈਟਰਜ਼,ਕਮਾਂਡਰਜ਼ ਅਤੇ ਹੋਰ ਵਰਕਰਜ਼ ਮੌਜੂਦ ਹਨ।
ਦਸ ਦਈਏ ਕਿ ਅਲਬਰਟਾ ਸੂਬੇ ‘ਚ ਮਈ ‘ਚ ਭਿਆਨਕ ਜੰਗਲੀ ਅੱਗ ਸ਼ੁਰੂ ਹੋਈ ਸੀ। ਪਿਛਲੇ ਵੀਕੈਂਡ ਤੋਂ ਨੋਵਾ ਸਕੋਸ਼ੀਆ ਸੂਬੇ ‘ਚ ਵੀ ਕਈ ਜੰਗਲੀ ਅੱਗਾਂ ਕਾਬੂ ਤੋਂ ਬਾਹਰ ਹੋ ਗਈਆਂ ਹਨ। ਫ਼ੈਡਰਲ ਐਮਰਜੈਂਸੀ ਪ੍ਰੀਪੇਅਰਡਨੈੱਸ ਮਿਨਿਸਟਰ ਬਿਲ ਬਲੇਅਰ ਦਾ ਕਹਿਣਾ ਹੈ ਕਿ ਕੈਨੇਡਾ ਇੰਟਰਏਜੰਸੀ ਫ਼ੌਰੈਸਟ ਫ਼ਾਇਰ ਸੈਂਟਰ ਇਹ ਯਕੀਨੀ ਬਣਾ ਰਿਹਾ ਹੈ ਕਿ ਸਾਰੇ ਸੂਬਿਆਂ ਅਤੇ ਹੋਰ ਦੇਸ਼ਾਂ ਦੇ ਅਮਲੇ ਨੂੰ ਉਨ੍ਹਾਂ ਖੇਤਰਾਂ ‘ਚ ਭੇਜਿਆ ਜਾਵੇ ਜਿਨ੍ਹਾਂ ਨੂੰ ਸਭ ਤੋਂ ਜ਼ਿਆਦਾ ਮਦਦ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮੁਲਕ ‘ਚ ਇਹ ਫ਼ਾਇਰ ਸੀਜ਼ਨ, ਜੰਗਲੀ ਅੱਗਾਂ ਦੀ ਵਿਸ਼ਾਲਤਾ ਅਤੇ ਇੱਕੋ ਸਮੇਂ ‘ਤੇ ਕਈ ਸੂਬਿਆਂ ਦੇ ਅੱਗ ਨਾਲ ਪ੍ਰਭਾਵਿਤ ਹੋਣ ਕਾਰਨ, ਕਾਫ਼ੀ ਅਸਧਾਰਣ ਰਿਹਾ ਹੈ।ਇਸ ਸਮੇਂ 214 ਜੰਗਲੀ ਅੱਗਾਂ ਲੱਗੀਆਂ ਹੋਈਆਂ ਹਨ, ਜਿਨ੍ਹਾਂ ਵਿਚੋਂ 93 ਕਾਬੂ ਤੋਂ ਬਾਹਰ ਹਨ, ਜਦਕਿ ਵੀਰਵਾਰ ਤੱਕ 87 ਅੱਗਾਂ ਕਾਬੂ ਤੋਂ ਬਾਹਰ ਸਨ। ਕੈਨੇਡਾ ਵਿੱਚ ਪਿਛਲੇ ਦੋ ਮਹੀਨਿਆਂ ਵਿੱਚ 27,000 ਵਰਗ ਕਿਲੋਮੀਟਰ ਤੋਂ ਵੱਧ ਜ਼ਮੀਨ ਸੜ ਕੇ ਸਵਾਹ ਹੋ ਗਈ ਹੈ ਜੋ ਕਿ ਪਿਛਲੇ ਦਹਾਕੇ ਦੌਰਾਨ ਅੱਗ ਨਾਲ ਸਵਾਹ ਜ਼ਮੀਨ ਦੀ ਔਸਤ ਮਾਤਰਾ ਨਾਲੋਂ 10 ਗੁਣਾ ਵੱਧ ਹੈ।
ਇਸ ਤਰ੍ਹਾਂ ਹੁਣ ਤੱਕ 96 ਫੀਸਦੀ ਤੋਂ ਵੱਧ ਸੜੀ ਹੋਈ ਜ਼ਮੀਨ ਪੱਛਮੀ ਕੈਨੇਡਾ ਅਤੇ ਨਾਰਥਵੈਸਟ ਟੈਰੀਟਰੀਜ਼ ਵਿੱਚ ਸੀ, ਪਰ ਪਿਛਲੇ ਹਫਤੇ ਦੇ ਅੰਤ ਵਿੱਚ ਨੋਵਾ ਸਕੋਸ਼ੀਆ ਅਤੇ ਨਿਊ ਬਰੰਸਵਿਕ ਵਿੱਚ ਸਥਿਤੀ ਹੋਰ ਗੰਭੀਰ ਹੋ ਗਈ ਸੀ ਅਤੇ ਹੁਣ ਓਨਟਾਰੀਓ ਅਤੇ ਕਿਊਬਿਕ ਦੇ ਕੁਝ ਹਿੱਸੇ ਅੱਗ ਦੀ ਲਪੇਟ ‘ਚ ਆ ਗਏ ਹਨ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.