ਪਾਕਿਸਤਾਨ ‘ਚ ਧਰਮ ਪਰਿਵਰਤਨ ਕਰਾ ਕੇ ਵਿਆਹ ਕਰਵਾਉਣ ਦੀ ਵਾਪਰੀ ਇੱਕ ਹੋਰ ਘਟਨਾ, ਇਸ ਵਾਰ ਹਿੰਦੂ ਲੜਕੀ ਨੂੰ ਬਣਾਇਆ ਨਿਸ਼ਾਨਾਂ, ਭਾਰਤ ‘ਚ ਮੱਚ ਗਈ ਖਲਬਲੀ

TeamGlobalPunjab
3 Min Read

ਇਸਲਾਮਾਬਾਦ : ਗੁਆਂਢੀ ਮੁਲਕ ਪਾਕਿਸਤਾਨ ਅੰਦਰ ਲੜਕੀਆਂ ਨੂੰ ਅਗਵਾਹ ਕਰਕੇ ਜ਼ਬਰੀ ਧਰਮ ਪਰਿਵਰਤਨ ਕਰਵਾਉਣ ਦੀਆਂ ਘਟਨਾਵਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ। ਨਨਕਾਣਾ ਸਾਹਿਬ ਦੇ ਗੁਰਦੁਆਰਾ ਤੰਬੂ ਸਾਹਿਬ ਦੇ ਗ੍ਰੰਥੀ ਸਿੰਘ ਭਗਵਾਨ ਸਿੰਘ ਦੀ ਲੜਕੀ ਜਗਜੀਤ ਕੌਰ ਦਾ ਜ਼ਬਰਨ ਧਰਮ ਪਰਿਵਰਤਨ ਕਰਵਾ ਕੇ ਉਸ ਨਾਲ ਨਿਕਾਹ ਕਰਵਾਉਣ ਦਾ ਮਾਮਲਾ ਅਜੇ ਸ਼ਾਂਤ ਵੀ ਨਹੀਂ ਹੋਇਆ ਸੀ ਕਿ ਹੁਣ ਸਿੰਧ ਸੂਬੇ ਦੇ ਸੁਕੁਰ ਇਲਾਕੇ ਚ ਇੱਕ ਹਿੰਦੂ ਲੜਕੀ ਨੂੰ ਅਗਵਾਹ ਕਰਕੇ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਲੜਕੀ ਨੂੰ ਪਾਕਿਸਤਾਨ ਦੀ ਸੱਤਾਧਾਰੀ ਪਾਰਟੀ ਤਹਿਰੀਕ-ਏ-ਇਨਸਾਫ ਦੇ ਵਰਕਰ ਮਿਰਜਾ ਦਿਲਾਵਰ ਬੇਗ ਦੀ ਸਿਆਲਕੋਟ ਸਥਿਤ ਕੋਠੀ ਵਿੱਚ ਰੱਖਿਆ ਗਿਆ ਹੈ ਤੇ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਨੇ ਇੱਕ ਵਿਅਕਤੀ ਨੂੰ ਹਿਰਾਸਤ ਚ ਲੈ ਕੇ ਪੁੱਛ ਗਿੱਛ ਕਰਨੀ ਸ਼ੁਰੂ ਕੀਤੀ ਹੈ।  

ਮਿਲੀ ਜਾਣਕਾਰੀ ਅਨੁਸਾਰ ਅਗਵਾਹ ਕੀਤੀ ਗਈ ਇਸ ਲੜਕੀ ਦਾ ਨਾਮ ਰੇਣੁਕਾ ਕੁਮਾਰੀ ਹੈ ਤੇ ਇਹ ਸੁਕੁਰ ਦੇ ਇੰਸਟੀਚਿਊਟ ਆਫ ਬਿਜ਼ਨਸ ਐਡਮਨਿਸਟ੍ਰੇਸ਼ਨ (ਆਈਬੀਏ) ਚ ਗ੍ਰੈਜੂਏਸ਼ਨ ਦੀ ਵਿਦਿਆਰਥਣ ਹੈ। ਪਾਕਿਸਤਾਨ ਸਥਿਤ ਕੁੱਲ ਪਾਕਿਸਤਾਨ ਹਿੰਦੂ ਪੰਚਾਇਤ ਦੇ ਲੋਕਾਂ ਨੇ ਫੇਸਬੁੱਕ ਤੇ ਇੱਕ ਪੋਸਟ ਪਾ ਕੇ ਇਸ ਸਾਰੀ ਘਟਨਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਰੇਣੂਕਾ ਲੰਘੀ 29 ਅਗਸਤ ਨੂੰ ਆਪਣੇ ਕਾਲਜ਼ ਜਾਣ ਲਈ ਘਰੋਂ ਗਈ ਸੀ ਪਰ ਉਸ ਤੋਂ ਬਾਅਦ ਘਰ ਨਹੀਂ ਪਰਤੀ। ਇੱਧਰ ਦੂਜੇ ਪਾਸੇ ਰੇਣੁਕਾ ਦੇ ਭਰਾ ਦਾ ਕਹਿਣਾ ਹੈ ਕਿ ਰੇਣੁਕਾ ਨੂੰ ਉਸ ਦੇ ਨਾਲ ਪੜ੍ਹਨ ਵਾਲਾ ਬਾਬਰ ਅਮਾਨ ਨਾਮ ਦਾ ਇੱਕ ਸਖ਼ਸ ਬਰਗਲਾ ਕੇ ਲੈ ਗਿਆ ਤੇ ਉਸ ਨੂੰ ਸਿਆਲਕੋਟ ਵਿਖੇ ਰੱਖਿਆ ਗਿਆ ਹੈ। ਕੁਝ ਖ਼ਬਰਾਂ ਅਜਿਹੀਆਂ ਵੀ ਆਈਆਂ ਹਨ ਕਿ ਰੇਣੁਕਾ ਦੇ ਬਾਬਰ ਅਮਾਨ ਦੇ ਨਾਲ ਸਬੰਧ ਸਨ ਤੇ ਉਹ ਇਸ ਚੱਕਰ ਵਿੱਚ ਹੀ ਜਾਂ ਤਾਂ ਘਰੋਂ ਗਾਇਬ ਕੀਤੀ ਗਈ ਹੈ ਤੇ ਜਾਂ ਫਿਰ ਘਰੋਂ ਗਾਇਬ ਹੋ ਗਈ ਹੈ।

ਦੱਸ ਦਈਏ ਕਿ ਗੁਆਂਢੀ ਮੁਲਕ ਅੰਦਰ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਉੱਥੇ ਲਗਾਤਾਰ ਅਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਕੁਝ ਦਿਨ ਪਹਿਲਾਂ ਹੀ ਇੱਥੇ ਗੁਰਦੁਆਰਾ ਤੰਬੂ ਸਾਹਿਬ ਦੇ ਹੈੱਡ ਗ੍ਰੰਥੀ ਭਗਵਾਨ ਸਿੰਘ ਦੀ ਧੀ ਜਗਜੀਤ ਕੌਰ ਨਾਲ ਵੀ ਅਗਵਾਹ ਕਰਕੇ ਇੱਕ ਮੁਸਲਮਾਨ ਲੜਕੇ ਨਾਲ ਜ਼ਬਰਦਸਤੀ ਨਿਕਾਹ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਸੀ। ਪਰ ਇਸ ਤੋਂ ਬਾਅਦ ਖ਼ਬਰਾਂ ਨਿੱਕਲ ਕੇ ਸਾਹਮਣੇ ਆਈਆਂ ਸਨ ਕਿ ਜਗਜੀਤ ਕੌਰ ਨੇ ਉੱਥੋਂ ਦੇ ਗਵਰਨਰ ਨੂੰ ਇਹ ਕਹਿ ਕੇ ਘਰ ਵਾਪਸ ਜਾਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਉਸ ਨੂੰ ਆਪਣੇ ਪਰਿਵਾਰ ਤੋਂ ਜਾਨ ਦਾ ਖ਼ਤਰਾ ਹੈ। ਹੁਣ ਇਨ੍ਹਾਂ ਘਟਨਾਵਾਂ ਵਿੱਚ ਕੀ ਸੱਚਾਈ ਹੈ ਇਹ ਤਾਂ ਲੜਕੀਆਂ ਦੇ ਪਰਿਵਾਰ ਵਿੱਚ ਆਉਣ ਤੇ ਹੀ ਪਤਾ ਲੱਗੇਗਾ ਪਰ ਇੰਨਾ ਜਰੂਰ ਹੈ ਕਿ ਗੁਆਂਢੀ ਮੁਲਕ ਵਿੱਚ ਘਟੀਆਂ ਇਨ੍ਹਾਂ ਘਟਨਾਵਾਂ ਦੇ ਸੇਕ ਨੇ ਭਾਰਤੀ ਪੰਜਾਬ ਅਤੇ ਦਿੱਲੀ ਅੰਦਰ ਸਿਆਸੀ ਰੋਟੀਆਂ ਸੇਕਣ ਦਾ ਇੰਤਜਾਮ ਜਰੂਰ ਕਰ ਦਿੱਤਾ ਹੈ।

Share this Article
Leave a comment