ਹੁਣ ਸੈਂਕੜੇ ਦੇਸ਼ਾਂ ਦੇ ਕੁੱਤੇ ਕੈਨੇਡਾ ‘ਚ ਨਹੀਂ ਹੋ ਸਕਣਗੇ ਦਾਖਲ, ਜਾਣੋ ਕਾਰਨ

Prabhjot Kaur
2 Min Read

ਓਟਵਾ: ਕੈਨੇਡਾ ਸਰਕਾਰ ਨੇ ਇੱਕ ਹੋਰ ਵੱਡਾ ਫੈਸਲਾ ਲੈਂਦਿਆਂ 100 ਦੇਸ਼ਾਂ ਦੇ ਕੁੱਤਿਆਂ ਲਈ ਆਪਣੀ ਸਰਹੱਦ ਬੰਦ ਕਰ ਦਿੱਤੀ ਹੈ। ਹਲਕਾਅ ਦੀਆਂ ਘਟਨਾਵਾਂ ਵਾਪਰਨ ਕਾਰਨ ਪਾਬੰਦੀਆਂ ਦਾ ਸਾਹਮਣਾ ਕਰ ਰਹੇ ਇਨਾਂ ਮੁਲਕਾਂ ਤੋਂ ਆਉਣ ਵਾਲੇ ਕੁੱਤੇ ਹੁਣ ਕੈਨੇਡਾ ਵਿੱਚ ਦਾਖਲ ਨਹੀਂ ਹੋ ਸਕਦੇ। ਟਰੂਡੋ ਸਰਕਾਰ ਨੇ ਹਲਕਾਅ ਦੀ ਚਿੰਤਾ ਦੇ ਚਲਦਿਆਂ ਇਹ ਕਦਮ ਚੁੱਕਿਆ ਹੈ।

ਅਸਲ ‘ਚ ਕੈਨੇਡੀਅਨ ਇੰਸਪੈਕਸ਼ਨ ਏਜੰਸੀ ਵਲੋਂ ਬੀਤੇ ਜੂਨ ਮਹੀਨੇ ਵਿੱਚ ਐਲਾਨ ਕੀਤਾ ਗਿਆ ਸੀ ਕਿ 28 ਸਤੰਬਰ ਤੋਂ ਕੈਨੇਡਾ ‘ਚ ਉਨਾਂ 100 ਤੋਂ ਵੱਧ ਦੇਸ਼ਾਂ ਤੋਂ ਆਉਣ ਵਾਲੇ ਕੁੱਤਿਆਂ ‘ਤੇ ਪਾਬੰਦੀ ਲਗਾਈ ਜਾਵੇਗੀ, ਜਿਨ੍ਹਾਂ ‘ਚ ਹਲਕਾਅ ਦਾ ਜ਼ਿਆਦਾ ਖਤਰਾ ਹੈ। ਇਹ ਨਿਯਮ ਅੱਜ ਤੋਂ ਲਾਗੂ ਹੋ ਗਏ ਹਨ, ਜਿਸ ਦੇ ਚਲਦਿਆਂ ਇਨ੍ਹਾਂ ਮੁਲਕਾਂ ਤੋਂ ਕੁੱਤੇ ਵੇਚਣ ਜਾਂ ਗੋਦ ਲੈਣ ‘ਤੇ ਪੂਰਨ ਪਾਬੰਦੀ ਰਹੇਗੀ।

ਦੱਸ ਦਈਏ ਕਿ ਹਲਕਾਅ ਇੱਕ ਵਾਇਰਲ ਬਿਮਾਰੀ ਹੈ, ਜਿਹੜੀ ਕਿ ਜਾਨਵਰਾਂ ਅਤੇ ਮਨੁੱਖਾਂ ਦੇ ਸੈਂਟਰਲ ਨਰਵਸ ਸਿਸਟਮ ‘ਤੇ ਹਮਲਾ ਕਰਦੀ ਹੈ। ਇਸ ਕਾਰਨ ਜਾਨਵਰ ਜਾਂ ਮਨੁੱਖ ਬੇਵਸ ਹੋ ਜਾਂਦਾ ਹੈ ਅਤੇ ਉਹ ਦੂਜਿਆਂ ਨੂੰ ਵੱਢਣ ਨੂੰ ਦੌੜਦਾ ਹੈ। ਇਸ ਬਿਮਾਰੀ ਦੀ ਲਪੇਟ ਵਿੱਚ ਆਇਆ ਜਾਨਵਰ ਜਾਂ ਮਨੁੱਖ ਜੇਕਰ ਕਿਸੇ ਨੂੰ ਵੱਢ ਲੈਂਦਾ ਹੈ ਤਾਂ ਅੱਗੇ ਤੋਂ ਅੱਗੇ ਇਹ ਬਿਮਾਰੀ ਫੈਲਦੀ ਚਲੀ ਜਾਂਦੀ ਹੈ। ਇਸ ਬਿਮਾਰੀ ਦੇ ਚਲਦਿਆਂ ਮੌਤ ਤੱਕ ਹੋ ਜਾਂਦੀ ਹੈ।

ਕੈਨੇਡੀਅਨ ਇੰਸਪੈਕਸ਼ਨ ਏਜੰਸੀ ਮੁਤਾਬਕ ਹਲਕੇ ਹੋਏ ਕੁੱਤੇ ਦੇ ਵੱਢਣ ਕਾਰਨ ਦੁਨੀਆ ਭਰ ਵਿੱਚ ਹਰ ਸਾਲ 59 ਹਜ਼ਾਰ ਲੋਕਾਂ ਦੀ ਮੌਤ ਹੋ ਜਾਂਦੀ ਹੈ। ਅਫ਼ਗਾਨਿਸਤਾਨ, ਯੂਕਰੇਨ ਅਤੇ ਮੇਨਲੈਂਡ ਚੀਨ ਸਣੇ ਕਈ ਦੇਸ਼ਾਂ ਵਿੱਚ ਕੁੱਤਿਆਂ ਦੇ ਹਲਕਾਅ ਦੀਆਂ ਜ਼ਿਆਦਾ ਘਟਨਾਵਾਂ ਵਾਪਰਨ ਕਾਰਨ ਇਨਾਂ ਦੇਸ਼ਾਂ ਤੋਂ ਕੁੱਤੇ ਦੂਜੇ ਦੇਸ਼ਾਂ ਵਿੱਚ ਜਾਣ ‘ਤੇ ਪਾਬੰਦੀ ਲਾਈ ਗਈ ਹੈ। ਜਾਨਵਰਾਂ ਦਾ ਪਾਲਣ-ਪੋਸ਼ਣ ਕਰਨ ਵਾਲੇ ਕੁਝ ਸਮੂਹਾਂ ਨੇ ਫੈਡਰਲ ਸਰਕਾਰ ਦੇ ਇਸ ਫ਼ੈਸਲੇ ਦਾ ਵਿਰੋਧ ਕੀਤਾ, ਪਰ ਕੈਨੇਡੀਅਨ ਵੈਟਰਨਰੀ ਮੈਡੀਕਲ ਐਸੋਸੀਏਸ਼ਨ ਨੇ ਕਿਹਾ ਕਿ ਲੋਕਾਂ ਅਤੇ ਕੁੱਤਿਆਂ ਨੂੰ ਹਲਕਾਅ ਦੀ ਬਿਮਾਰੀ ਤੋਂ ਬਚਾਉਣ ਲਈ ਇਹ ਕਦਮ ਚੁੱਕਣੇ ਜ਼ਰੂਰੀ ਸਨ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment