BIG NEWS : ਰੂਸ ਦੇ ਇੱਕ ਸਕੂਲ ਵਿੱਚ ਫਾਇਰਿੰਗ, 8 ਵਿਦਿਆਰਥੀਆਂ ਸਣੇ 13 ਹਲਾਕ

TeamGlobalPunjab
2 Min Read

ਮਾਸਕੋ :  ਰੂਸ ਦੇ ਕਾਜ਼ਾਨ ਸ਼ਹਿਰ ਦੇ ਇੱਕ ਸਕੂਲ ਵਿੱਚ ਫਾਇਰਿੰਗ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਮਲੇ ਵਿੱਚ ਹੁਣ ਤੱਕ 13 ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿਚ 8 ਬੱਚੇ ਅਤੇ ਇੱਕ ਅਧਿਆਪਕ ਸ਼ਾਮਲ ਹੈ । ਐਮਰਜੈਂਸੀ ਸੇਵਾ ਦੇ ਇੱਕ ਬੁਲਾਰੇ ਦੇ ਅਨੁਸਾਰ, ਜਦੋਂ ਹਮਲਾ ਹੋਇਆ ਤਾਂ ਦੋ ਬੱਚੇ ਤੀਸਰੀ ਮੰਜ਼ਿਲ ਦੀ ਖਿੜਕੀ ਤੋਂ ਕੁੱਦ ਪਏ। ਉਚਾਈ ਤੋਂ ਡਿੱਗਣ ਕਾਰਨ ਇਨ੍ਹਾਂ ਦੀ ਮੌਤ ਹੋ ਗਈ।

ਰੂਸ ਦੇ ਅਖ਼ਬਾਰ ‘ਦਿ ਮਾਸਕੋ ਟਾਈਮਜ਼’ ਨੇ ਰਿਪੋਰਟ ਦਿੱਤੀ ਹੈ ਕਿ ਸਕੂਲ ਦੀ ਚੌਥੀ ਮੰਜ਼ਲ ‘ਤੇ ਹਮਲਾ ਕਰਨ ਵਾਲੇ ਨੇ ਕੁਝ ਲੋਕਾਂ ਨੂੰ ਬੰਧਕ ਵੀ ਬਣਾਇਆ ਹੋਇਆ ਹੈ। 12 ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ।

ਉਧਰ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਸਕੂਲ ਦੇ ਅੰਦਰ ਇੱਕ ਧਮਾਕਾ ਵੀ ਹੋਇਆ ਹੈ। ਹਮਲੇ ਦੀ ਸੂਚਨਾ ‘ਤੇ ਪਹੁੰਚੇ ਸੁਰੱਖਿਆ ਬਲਾਂ ਨੇ ਦੋ ਹਮਲਾਵਰਾਂ ਨੂੰ ਮਾਰ ਦਿੱਤਾ ਹੈ। ਅਧਿਕਾਰੀਆਂ ਅਨੁਸਾਰ ਮਾਰੇ ਗਏ ਇੱਕ ਸ਼ੂਟਰ ਦੀ ਉਮਰ 19 ਸਾਲ ਹੈ। ਉਸ ਕੋਲ ਰਜਿਸਟਰਡ ਬੰਦੂਕ ਸੀ। ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਨੇ ਇੱਕ 17 ਸਾਲਾ ਸ਼ੱਕੀ ਵਿਅਕਤੀ ਨੂੰ ਵੀ ਗ੍ਰਿਫਤਾਰ ਕੀਤਾ ਹੈ। ਉਸ ਦੇ ਹਮਲੇ ਵਿਚ ਸ਼ਾਮਲ ਹੋਣ ਦਾ ਸ਼ੱਕ ਹੈ।

 

ਸੁਰੱਖਿਆ ਬਲਾਂ ਨੇ ਤੀਜੀ ਮੰਜ਼ਿਲ ਤੇ ਫਸੇ ਹੋਏ ਵਿਦਿਆਰਥੀਆਂ ਅਤੇ ਸਟਾਫ਼ ਨੂੰ ਪੌੜੀ ਲਗਾ ਕੇ ਸੁਰੱਖਿਤ ਬਾਹਰ ਕੱਢਿਆ ।

- Advertisement -

ਕਾਜ਼ਾਨ, ਰੂਸ ਦੇ ਟਾਟਰਸਤਾਨ ਗਣਰਾਜ ਦੀ ਰਾਜਧਾਨੀ ਹੈ, ਇਸ ਦੇ ਰਾਜਪਾਲ ਰੁਸਤਮ ਮਿਨੀਖਾਨੋਵ, ਨੇ ਕਿਹਾ ਕਿ ਚਾਰ ਮੁੰਡਿਆਂ ਅਤੇ ਤਿੰਨ ਲੜਕੀਆਂ, ਸਾਰੇ ਅੱਠਵੀਂ ਜਮਾਤ ਦੇ  ਵਿਦਿਆਰਥੀ, ਗੋਲੀਬਾਰੀ ਵਿੱਚ ਮਾਰੇ ਗਏ। ਮਿਨੀਖਾਨੋਵ ਦੀ ਪ੍ਰੈਸ ਸਰਵਿਸ ਨੇ ਬਾਅਦ ਵਿੱਚ ਕਿਹਾ ਕਿ ਇੱਕ ਅਧਿਆਪਕ ਦੀ ਵੀ ਮੌਤ ਹੋਈ ਹੈ।

 ਪੁਲਿਸ ਨੇ ਕਿਹਾ ਕਿ ਹਮਲੇ ਦਾ ਮਨੋਰਥ ਅਜੇ ਸਪੱਸ਼ਟ ਨਹੀਂ ਹੈ, ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ।

Share this Article
Leave a comment