ਟੋਰਾਂਟੋ: ਕੈਨੇਡਾ ਦੇ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਹੜ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਕਿਉਂਕਿ ਸ਼ਕਤੀਸ਼ਾਲੀ ਤੂਫਾਨ ਉੱਤਰੀ ਅਮਰੀਕਾ ਵਿੱਚ ਖਤਰਨਾਕ ਰੂਪ ਧਾਰਨ ਕਰਦਾ ਜਾ ਰਿਹਾ ਹੈ। ਜਾਣਕਾਰੀ ਮੁਤਾਬਿਕ ਇਹ ਚੇਤਾਵਨੀ ਟੋਰਾਂਟੋ ਰੀਜਨ ਕੰਜ਼ਰਵੇਸ਼ਨ ਅਥਾਰਟੀ (ਟੀਆਰਸੀਏ)ਵੱਲੋਂ ਬੀਤੀ ਕੱਲ੍ਹ ਯਾਨੀ ਸ਼ਨੀਵਾਰ ਦੁਪਹਿਰ ਨੂੰ ਜਾਰੀ ਕੀਤੀ ਗਈ ਹੈ।
ਟੀਆਰਸੀਏ ਵੱਲੋਂ ਚੇਤਾਵਨੀ ਜਾਰੀ ਕਰਦਿਆਂ ਵਸਨੀਕਾਂ ਨੂੰ ਜਲ ਸਰੋਤਾਂ ਦੇ ਆਲੇ ਦੁਆਲੇ “ਬਹੁਤ ਜ਼ਿਆਦਾ ਸਾਵਧਾਨੀ” ਵਰਤਣ ਅਤੇ ਨੀਵੇਂ-ਨੀਵੇਂ ਇਲਾਕਿਆਂ ਦੇ ਨਾਲ-ਨਾਲ ਅੰਡਰਪਾਸਾਂ ਵਿਚ ਵਾਹਨ ਚਲਾਉਣ ਤੋਂ ਪਰਹੇਜ਼ ਕਰਨ ਦੀ ਵੀ ਅਪੀਲ ਕੀਤੀ ਹੈ। ਰਿਪੋਰਟਾਂ ਮੁਤਾਬਿਕ ਇਹ ਹੜ੍ਹ ਦੀ ਚੇਤਾਵਨੀ 12 ਜਨਵਰੀ ਤੱਕ ਲਾਗੂ ਹੈ।
ਦੱਸਣਯੋਗ ਹੈ ਕਿ ਸ਼ਕਤੀਸਾਲੀ ਤੂਫਾਨ ਕਾਰਨ ਪਾਣੀ ਦਾ ਪੱਧਰ ਤੇਜੀ ਨਾਲ ਵਧਦਾ ਜਾ ਰਿਹਾ ਹੈ। ਇਕ ਸਥਾਨਕ ਮੀਡੀਆ ਨੇ ਦੱਸਿਆ ਕਿ ਤੇਜ਼ ਰਫਤਾਰ ਨਾਲ ਆਏ ਤੂਫਾਨ ਨੇ ਸ਼ਨੀਵਾਰ ਨੂੰ ਦੱਖਣੀ ਸੰਯੁਕਤ ਰਾਜ ਅਮਰੀਕਾ ਵਿੱਚ ਹੜਕੰਪ ਮਚਾਇਆ, ਜਿਸ ਵਿੱਚ ਘੱਟੋ ਘੱਟ 10 ਵਿਅਕਤੀਆਂ ਦੀ ਮੌਤ ਹੋਈ ਦੱਸੀ ਜਾ ਰਹੀ ਹੈ।