ਨਿਊਜ਼ ਡੈਸਕ :- ਬਹੁ-ਪ੍ਰਚੱਲਿਤ ਕਾਲਾ ਹਿਰਣ ਸ਼ਿਕਾਰ ਮਾਮਲੇ ’ਚ ਸੁਣਵਾਈ ਦੌਰਾਨ ਬੌਲੀਵੁੱਡ ਅਦਾਕਾਰ ਸਲਮਾਨ ਖਾਨ ਦੇ ਵਿਅਕਤੀਗਤ ਤੌਰ ’ਤੇ ਹਾਜ਼ਰ ਰਹਿਣ ਦੇ ਮਾਮਲੇ ’ਤੇ ਲਗਾਈ ਗਈ ਪਟੀਸ਼ਨ ’ਚ ਸਲਮਾਨ ਖ਼ਾਨ ਨੂੰ ਹਾਈਕੋਰਟ ਤੋਂ ਰਾਹਤ ਮਿਲੀ ਹੈ।
ਜੋਧਪੁਰ ਸਥਿਤ ਰਾਜਸਥਾਨ ਹਾਈ ਕੋਰਟ ਦੇ ਮੁੱਖ ਬੈਂਚ ਨੇ ਸਲਮਾਨ ਖਾਨ ਦੀ ਸੁਣਵਾਈ ਦੌਰਾਨ ਵਰਚੁਅਲ ਹਾਜ਼ਰ ਰਹਿਣ ਦੀ ਪਟੀਸ਼ਨ ਨੂੰ ਸਵੀਕਾਰ ਕਰਕੇ ਉਨ੍ਹਾਂ ਨੂੰ ਰਾਹਤ ਦਿੱਤੀ ਹੈ। ਸਲਮਾਨ ਵਲੋਂ ਉਨ੍ਹਾਂ ਦੇ ਵਕੀਲ ਹਸਤੀਮਲ ਸਾਰਸਵਤ ਦੁਆਰਾ ਕਾਲਾ ਹਿਰਣ ਸ਼ਿਕਾਰ ਕੇਸ ’ਚ ਉਨ੍ਹਾਂ ਦੀ ਪੰਜ ਸਾਲ ਦੀ ਸਜ਼ਾ ਖ਼ਿਲਾਫ਼ ਜ਼ਿਲ੍ਹਾ ਤੇ ਸੈਸ਼ਨ ਕੋਰਟ (ਜੋਧਪੁਰ ਜ਼ਿਲ੍ਹਾ) ਵਿਚਾਰ ਅਧੀਨ ਅਪੀਲ ’ਚ ਵਿਅਕਤੀਗਤ ਮੌਜੂਦ ਰਹਿਣ ਦੇ ਆਦੇਸ਼ ਨੂੰ ਲੈ ਕੇ ਹਾਈਕੋਰਟ ’ਚ ਪਟੀਸ਼ਨ ਲਗਾਈ ਸੀ। ਹੁਣ ਹਾਈਕੋਰਟ ਤੋਂ ਰਾਹਤ ਮਿਲਣ ਤੋਂ ਬਾਅਦ ਸਲਮਾਨ ਅੱਜ ਜ਼ਿਲ੍ਹਾ ਅਦਾਲਤ ’ਚ ਹੋਣ ਵਾਲੀ ਸੁਣਵਾਈ ਤਹਿਤ ਵਰਚੁਅਲ ਰੂਪ ਨਾਲ ਮੌਜੂਦ ਰਹਿਣਗੇ।
ਚੀਫ ਜਸਟਿਸ ਇੰਦਰਜੀਤ ਮਹਾਂਤੀ ਤੇ ਜੱਜ ਦਿਨੇਸ਼ ਮਹਿਤਾ ਨੇ ਸਲਮਾਨ ਖਾਨ ਦੀ ਪਟੀਸ਼ਨ ਨੂੰ ਮਨਜ਼ੂਰ ਕਰਦੇ ਹੋਏ ਉਨ੍ਹਾਂ ਨੂੰ ਰਾਹਤ ਦਿੱਤੀ ਅਤੇ ਉਨ੍ਹਾਂ ਨੂੰ ਵਰਚੁਅਲ ਰੂਪ ਨਾਲ ਮੌਜੂਦ ਰਹਿਣ ਦੇ ਆਦੇਸ਼ ਦਿੱਤੇ ਹਨ। ਚੀਫ ਜਸਟਿਸ ਇੰਦਰਜੀਤ ਮਹਾਂਤੀ ਤੇ ਜੱਜ ਦਿਨੇਸ਼ ਮਹਿਤਾ ਦੇ ਬੈਂਚ ’ਚ ਸਲਮਾਨ ਦੀ ਪਟੀਸ਼ਨ ’ਤੇ ਇਕ ਦਿਨ ਪਹਿਲਾਂ ਬਹਿਸ ਕਰਦੇ ਹੋਏ ਐਡਵੋਕੇਟ ਹਸਤੀਮਲ ਸਾਰਸਵਤ ਨੇ ਸੀਆਰਪੀਸੀ ਦੀ ਧਾਰਾ 437ਏ ਦੇ ਵਿਅਕਤੀਗਤ ਮੌਜੂਦੀ ਸਬੰਧੀ ਪ੍ਰਬੰਧ ਨੂੰ ਸੰਵਿਧਾਨਿਕ ਅਧਿਕਾਰਾਂ ਦੇ ਪ੍ਰਤੀਕੂਲ ਦੱਸਿਆ ਸੀ।