ਅੱਧ ਵਿਚਾਲੇ ਲਟਕ ਸਕਦੀਆਂ ਨੇ ਕੈਨੇਡੀਅਨਜ਼ ਦੀਆਂ ਇਨਕਮ ਟੈਕਸ ਰਿਟਰਨਾਂ!

Prabhjot Kaur
2 Min Read

ਟੋਰਾਂਟੋ: ਕੈਨੇਡਾ ਰੈਵੇਨਿਊ ਏਜੰਸੀ ਦੇ 35 ਹਜ਼ਾਰ ਕਾਮੇ 14 ਅਪ੍ਰੈਲ ਤੋਂ ਹੜਤਾਲ `ਤੇ ਜਾ ਸਕਦੇ ਹਨ ਅਤੇ ਲੋਕਾਂ ਦੀਆਂ ਇਨਕਮ ਟੈਕਸ ਰਿਟਰਨਾਂ ਸਣੇ ਸਰਕਾਰ ਤੋਂ ਮਿਲਦੇ ਆਰਥਿਕ ਲਾਭ ਖਾਤਿਆਂ ‘ਚ ਭੇਜਣ ਦਾ ਕੰਮ ਅੱਧ ਵਿਚਾਲੇ ਲਟਕ ਸਕਦਾ ਹੈ। ਹੜਤਾਲ ਦਾ ਐਲਾਨ ਅਜਿਹੇ ਸਮੇਂ ਹੋਇਆ ਹੈ ਜਦੋਂ 2022 ਦੀਆਂ ਇਨਕਮ ਟੈਕਸ ਰਿਟਰਨਾਂ ਦਾਖਲ ਕਰਨ ਲਈ ਪਹਿਲੀ ਮਈ ਆਖਰੀ ਤਰੀਕ ਹੈ। ਪਬਲਿਕ ਸਰਵਿਸ ਅਲਾਇਸ ਆਫ਼ ਕੈਨੇਡਾ ਅਤੇ ਯੂਨੀਅਨ ਆਫ਼ ਟੈਕਸੇਸ਼ਨ ਇੰਪਲਾਈਜ਼ ਵੱਲੋਂ ਜਾਰੀ ਬਿਆਨ ਮੁਤਾਬਕ ਸੀ.ਆਰ.ਏ. ਦੇ ਮੁਲਾਜ਼ਮਾਂ ਨੇ ਸਖ਼ਤ ਸ਼ਬਦਾਂ ‘ਚ ਸੁਨੇਹਾ ਦਿੱਤਾ ਹੈ ਕਿ ਹੁਣ ਹੋਰ ਉਡੀਕ ਨਹੀਂ ਕੀਤੀ ਜਾ ਸਕਦੀ ਅਤੇ ਅਸੀਂ ਸਰਕਾਰ ਨੂੰ ਦਿਖਾਉਣ ਵਾਸਤੇ ਤਿਆਰ ਬਰ ਤਿਆਰ ਹਾਂ ਕਿ ਕਾਮਿਆਂ ਨੂੰ ਭੁਲਾਇਆ ਨਹੀਂ ਜਾ ਸਕਦਾ।

ਹੜਤਾਲ ਨੂੰ ਰੋਕਣ ਲਈ ਗੱਲਬਾਤ ਦਾ ਅੰਤਮ ਗੇੜ 17 ਅਪ੍ਰੈਲ ਤੋਂ 20 ਅਪ੍ਰੈਲ ਦਰਮਿਆਨ ਹੋ ਸਕਦਾ ਹੈ। ਯੂਨੀਅਨ ਆਫ਼ ਟੈਕਸੇਸ਼ਨ ਇਪਲੌਈਜ਼ ਦੇ ਕੌਮੀ ਪ੍ਰਧਾਨ ਮਾਰਕ ਬ੍ਰਿਏ ਨੇ ਕਿਹਾ ਕਿ ਮਹਿੰਗਾਈ ਲਗਾਤਾਰ ਵਧਦੀ ਜਾ ਰਹੀ ਹੈ ਪਰ ਤਨਖਾਹਾਂ ਵਿੱਚ ਕੋਈ ਵਾਧਾ ਨਹੀਂ ਕੀਤਾ ਜਾ ਰਿਹਾ। ਅਸੀਂ ਗੱਲਬਾਤ ਰਾਹੀਂ ਮਸਲਾ ਸੁਲਝਾਉਣ ਦਾ ਯਤਨ ਕੀਤਾ ਜੋ ਸੰਭਾਵਤ ਤੌਰ ‘ਤੇ ਕਾਰਗਰ ਸਾਬਤ ਨਹੀਂ ਹੋ ਰਿਹਾ।

ਉੱਧਰ ਦੂਜੇ ਪਾਸੇ ਕੈਨੇਡਾ ਰੈਵੇਨਿਊ ਏਜੰਸੀ ਨੇ ਕਿਹਾ ਕਿ ਗੱਲਬਾਤ ਦੀ ਸਾਂਝੀ ਪ੍ਰਕਿਰਿਆ ਦਾ ਉਹ ਸਤਕਾਰ ਕਰਦੇ ਹਨ ਅਤੇ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਹੜਤਾਲ ਕਰਨਾ ਯੂਨੀਅਨ ਮੁਲਾਜ਼ਮਾਂ ਦਾ ਹੱਕ ਹੈ। ਏਜੰਸੀ ਨੇ ਕਿਹਾ ਕਿ ਮੁਲਾਜ਼ਮਾਂ ਨਾਲ ਗੱਲਬਾਤ ਦਾ ਸਿਲਸਿਲਾ ਜਾਰੀ ਰਹੇਗਾ ਅਤੇ ਕੋਸ਼ਿਸ਼ ਕੀਤੀ ਜਾਵੇਗੀ ਕਿ ਹੜਤਾਲ ਦੀ ਨੌਬਤ ਨਾਂ ਆਵੇ। ਕੈਨੇਡਾ ਵਾਸੀਆਂ ਨੂੰ ਸੰਬੋਧਤ ਹੁੰਦਿਆਂ ਸੀ.ਆਰ. ਏ. ਨੇ ਕਿਹਾ ਕਿ ਉਹ ਵੈਬਸਾਈਟ ਦੇ ‘ਕੰਟੈਕਟ ਅਸ’ ਪੇਜ ‘ਤੇ ਜਾ ਕੇ ਮੌਜੂਦਾ ਹਾਲਾਤ ਬਾਰੇ ਹੋਰ ਵੇਰਵੇ ਅਤੇ ਸੇਵਾਵਾਂ ਲਈ ਉਡੀਕ ਸਮੇਂ ਬਾਰੇ ਜਾਣ ਸਕਦੇ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment