ਜਗਤਾਰ ਸਿੰਘ ਸਿੱਧੂ,
ਹਰਿਆਣਾ ਅਤੇ ਜੰਮੂ ਕਸ਼ਮੀਰ ਵਿਧਾਨ ਸਭਾਵਾਂ ਲਈਆਂ ਵੋਟਾਂ ਦੇ ਅੱਜ ਆਏ ਚੋਣ ਨਤੀਜਿਆਂ ਨੇ ਜਿਥੇ ਹਰਿਆਣਾ ਵਿਚ ਤੀਜੀ ਵਾਰ ਸਰਕਾਰ ਬਨਾਉਣ ਦਾ ਭਾਜਪਾ ਨੂੰ ਇਤਹਾਸਕ ਮੌਕਾ ਦਿਤਾ ਹੈ ਉਥੇ ਜੰਮੂ ਅਤੇ ਕਸ਼ਮੀਰ ਦੇ ਲੋਕਾਂ ਨੇ ਭਾਜਪਾ ਨੂੰ ਮੁਕੰਮਲ ਤੌਰ ਤੇ ਰੱਦ ਕਰ ਦਿਤਾ ਹੈ। ਇਸ ਸੂਬੇ ਦੇ ਲੋਕਾਂ ਨੇ ਕਾਂਗਰਸ ਅਤੇ ਫਾਰੂਕ ਅਬਦੁੱਲਾ ਦੀ ਅਗਵਾਈ ਵਾਲੀ ਪਾਰਟੀ ਨੈਸ਼ਨਲ ਕਾਨਫਰੰਸ ਗਠਜੋੜ ਨੂੰ ਸਪਸ਼ਟ ਬਹੁਮਤ ਨਾਲ ਸਰਕਾਰ ਬਨਾਉਣ ਦਾ ਮੌਕਾ ਦੇ ਦਿੱਤਾ ਹੈ ।ਦੋਹਾਂ ਹੀ ਸੂਬਿਆਂ ਦਾ ਆਏ ਨਤੀਜੇ ਲਾਜ਼ਮੀ ਤੌਰ ਤੇ ਕੌਮੀ ਰਾਜਨੀਤੀ ਨੂੰ ਪ੍ਰਭਾਵਿਤ ਕਰਨਗੇ।
ਜੇਕਰ ਜੰਮੂ ਅਤੇ ਕਸ਼ਮੀਰ ਵਿਧਾਨ ਸਭਾ ਚੋਣ ਦੀ ਗੱਲ ਕੀਤੀ ਜਾਵੇ ਤਾਂ ਕੇਂਦਰ ਵਲੋਂ ਧਾਰਾ 370 ਸਮਾਪਿਤ ਕਰਨ ਬਾਅਦ ਇਸ ਸੂਬੇ ਦੇ ਲੋਕਾਂ ਦੀ ਇਹ ਪਹਿਲੀ ਚੋਣ ਸੀ। ਭਾਜਪਾ ਨੇ ਬਹੁਤ ਜ਼ੋਰ ਨਾਲ ਆਖਿਆ ਸੀ ਕਿ ਅਸਲ ਵਿਚ ਤਾਂ ਆਜ਼ਾਦੀ ਬਾਅਦ ਜੰਮੂ ਅਤੇ ਕਸ਼ਮੀਰ ਦੇ ਲੋਕਾਂ ਨੂੰ ਧਾਰਾ 370 ਸਮਾਪਿਤ ਕਰਨ ਬਾਅਦ ਪਹਿਲੀ ਬਾਰ ਆਜ਼ਾਦੀ ਨਾਲ ਵੋਟ ਪਾਉਣ ਦਾ ਮੌਕਾ ਮਿਲਿਆ ਹੈ। ਪਰ ਨਤੀਜਿਆਂ ਨੇ ਦਸ ਦਿਤਾ ਹੈ ਕਿ ਜੰਮੂ ਅਤੇ ਕਸ਼ਮੀਰ ਦੇ ਲੋਕਾਂ ਨੇ ਕੇਂਦਰ ਦੇ ਫੈਸਲੇ ਵਿਰੁੱਧ ਫਤਵਾ ਦੇ ਦਿਤਾ ਹੈ।
ਹਰਿਆਣਾ ਦੇ ਚੋਣ ਨਤੀਜੇ ਭਾਜਪਾ ਲਈ ਵੱਡੀ ਰਾਹਤ ਦੇਣ ਵਾਲੇ ਹਨ। ਹਾਂਲਾਂ ਕਿ ਚੋਣ ਤੋਂ ਪਹਿਲਾਂ ਮੀਡੀਆ ਅਤੇ ਰਾਜਸੀ ਪੰਡਿਤ ਹਰਿਆਣਾ ਅੰਦਰ ਕਾਂਗਰਸ ਨੂੰ ਸਪਸ਼ਟ ਬਹੁਮਤ ਦੇ ਰਹੇ ਸਨ ਪਰ ਨਤੀਜੇ ਇਹ ਸਾਰੇ ਦਾਅਵਿਆਂ ਨੂੰ ਝੁਠਲਾ ਗਏ ਅਤੇ ਭਾਜਪਾ ਤੀਜੀ ਵਾਰ ਸੱਤਾ ਵਿੱਚ ਆ ਗਈ। ਅਸਲ ਵਿੱਚ ਦੋਹਾਂ ਹੀ ਸੂਬਿਆਂ ਬਾਰੇ ਆਏ ਚੋਣ ਸਰਵੇਖਣਾਂ ਨੂੰ ਚੋਣ ਨਤੀਜਿਆਂ ਨੇ ਮੁਕੰਮਲ ਤੌਰ ਤੇ ਰੱਦ ਕਰ ਦਿਤਾ। ਜੰਮੂ ਕਸ਼ਮੀਰ ਲਈ ਕਿਹਾ ਜਾ ਰਿਹਾ ਸੀ ਕਿ ਕਿਸੇ ਧਿਰ ਨੂੰ ਸਪਸ਼ਟ ਬਹੁਮਤ ਨਹੀ ਮਿਲੇਗੀ ਪਰ ਕਾਂਗਰਸ ਵਾਲਾ ਗਠਜੋੜ ਉੱਤੇ ਰਹੇਗਾ। ਇਥੇ ਭਾਜਪਾ ਸਰਕਾਰ ਤੋ ਬਹੁਤ ਦੂਰ ਰਹਿ ਗਈ ਪਰ ਹਰਿਆਣਾ ਅੰਦਰ ਸਰਵੇਖਣਾਂ ਦੇ ਉਲਟ ਭਾਜਪਾ ਸਪਸ਼ਟ ਬਹੁਮਤ ਵਿਚ ਆ ਗਈ।
- Advertisement -
ਭਾਜਪਾ ਨੇ ਹਰਿਆਣਾ ਲਈ ਅਜਿਹੀ ਰਾਜਨੀਤੀ ਤਿਆਰ ਕੀਤੀ ਕਿ ਵਿਰੋਧੀ ਚਿੱਤ ਕਰ ਦਿੱਤੇ। ਭਾਜਪਾ ਨੇ ਪੂਰੀ ਤਰਾਂ ਨਾਨ ਜਾਟ ਵੋਟਾਂ ਨੂੰ ਲਾਮਵੰਦ ਕੀਤਾ। ਕਿਸਾਨਾਂ ਦੀ ਵੋਟ ਕਈ ਖੇਮਿਆਂ ਵਿਚ ਵੰਡੀ ਗਈ । ਹਰਿਆਣਾ ਦੇ ਪਛੜੀਆਂ ਸ਼੍ਰੈਣੀਆਂ, ਦਲਿਤਾਂ ਅਤੇ ਉਚ ਜਾਤੀਆਂ ਨੂੰ ਕਿਸਾਨ ਅੰਦੋਲਨ ਦਾ ਡਰ ਵਿਖਾਇਆ ਗਿਆ। ਡਬਲ ਇੰਜਣ ਵਿਕਾਸ ਦਾ ਨਮੂਨਾ ਪੇਸ਼ ਕੀਤਾ। ਪ੍ਰਧਾਨ ਮੰਤਰੀ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਯੂ ਪੀ ਦੇ ਮੁੱਖ ਮੰਤਰੀ ਯੋਗੀ ਦੀਆਂ ਰੈਲੀਆਂ ਦਾ ਕਾਂਗਰਸ ਤਿਆਰੀ ਨਾਲ ਟਾਕਰਾ ਨਾ ਕਰ ਸਕੀ। ਵੋਟਾਂ ਵਾਲੇ ਦਿਨ ਵੀ ਮਹਾਂਰਾਸ਼ਟਰ ਲਾਈਵ ਰੈਲ਼ੀ ਕਰਕੇ ਮੋਦੀ ਨੇ ਕਾਂਗਰਸ ਉਪਰ ਤਿੱਖਾ ਹਮਲਾ ਕੀਤਾ ਅਤੇ ਮੀਡੀਆ ਉਸ ਦਾ ਪ੍ਰਚਾਰ ਕਰਦਾ ਰਿਹਾ।
ਇਹ ਸਹੀ ਹੈ ਕਿ ਹਰਿਆਣਾ ਦੀ ਜਿੱਤ ਭਾਜਪਾ ਨੂੰ ਤਕੜਾ ਕਰ ਗਈ ਹੈ ਪਰ ਜੰਮੂ ਅਤੇ ਕਸ਼ਮੀਰ ਦੇ ਫਤਵੇ ਨੇ ਇਹ ਵੀ ਸਾਬਿਤ ਕਰ ਦਿਤਾ ਹੈ ਕਿ ਲੋਕਾਂ ਨੂੰ ਜਬਰਦਸਤੀ ਆਪਣੇ ਹੱਕ ਵਿਚ ਨਹੀਂ ਕੀਤਾ ਜਾ ਸਕਦਾ। ਕਸ਼ਮੀਰ ਖੇਤਰ ਵਿਚ ਭਾਜਪਾ ਇਕ ਵੀ ਸੀਟ ਨਾ ਲੈ ਸਕਣ ਬਾਰੇ ਆਪਣੀ ਨੀਤੀ ਨੂੰ ਕਿਵੇਂ ਸਹੀ ਕਹੇਗੀ?
ਸੰਪਰਕ 9814002186