ਕਿਸਾਨਾਂ ਵੱਲੋਂ ਮਨਾਇਆ ਜਾਵੇਗਾ “ਸਦਭਾਵਨਾ ਦਿਵਸ”; ਆਗੂ ਰੱਖਣਗੇ ਭੁੱਖ ਹੜਤਾਲ

TeamGlobalPunjab
2 Min Read

ਨਵੀਂ ਦਿੱਲੀ:- ਸੰਯੁਕਤ ਕਿਸਾਨ ਮੋਰਚੇ ਵੱਲੋਂ ਪ੍ਰਸਤਾਵਿਤ ਮਹਾਤਮਾ ਗਾਂਧੀ ਦੇ ਸ਼ਹੀਦੀ ਦਿਹਾੜੇ ‘ਤੇ ਦਿੱਲੀ ਦੀਆਂ ਸਰਹੱਦਾਂ ‘ਤੇ ਅਤੇ ਭਾਰਤ ਭਰ ਵਿਚ ਚੱਲ ਰਹੇ ਧਰਨਿਆਂ ਤੇ ਇਕ ਰੋਜ਼ਾ ਵਰਤ ਰੱਖ ਕੇ “ਸਦਭਾਵਨਾ ਦਿਵਸ” ਮਨਾਇਆ ਜਾਵੇਗਾ। ਕਿਸਾਨੀ ਅੰਦੋਲਨ ਸ਼ਾਂਤਮਈ ਸੀ ਤੇ ਸ਼ਾਂਤਮਈ ਰਹੇਗੀ। 30 ਜਨਵਰੀ ਨੂੰ ਹੋਣ ਵਾਲੇ ਸਮਾਗਮ ਸੱਚ ਤੇ ਅਹਿੰਸਾ ਦੀਆਂ ਕਦਰਾਂ ਕੀਮਤਾਂ ਨੂੰ ਫੈਲਾਉਣ ਲਈ ਆਯੋਜਿਤ ਕੀਤੇ ਜਾਣਗੇ। ਜਿਸ ਤਰੀਕੇ ਨਾਲ ਸਰਕਾਰ ਯੋਜਨਾਬੱਧ ਝੂਠ ਤੇ ਹਿੰਸਾ ਫੈਲਾ ਰਹੀ ਹੈ, ਉਸਦੀ ਨਿੰਦਾ ਸ਼ਾਂਤਮਈ ਢੰਗ ਨਾਲ ਕੀਤੀ ਜਾਵੇਗੀ।

ਦੱਸ ਦਈਏ ਸੰਯੁਕਤ ਕਿਸਾਨ ਮੋਰਚੇ ਨੇ ਭਾਜਪਾ ਸਰਕਾਰ ‘ਤੇ ਇਲਜ਼ਾਮ ਲਾਇਆ ਹੈ ਕਿ ਉਹ ਹੁਣ ਤਿੰਨ ਕਿਸਾਨ “ਵਿਰੋਧੀ” ਕਾਨੂੰਨਾਂ ਵਿਰੁੱਧ ਚੱਲ ਰਹੇ ਸ਼ਾਂਤਮਈ ਕਿਸਾਨ ਅੰਦੋਲਨ ਨੂੰ “ਸੰਪ੍ਰਦਾਈ” ਰੰਗ ਦੇ ਰਹੀ ਹੈ। ਮੋਰਚੇ ਦੇ ਆਗੂ ਡਾਕਟਰ ਦਰਸ਼ਨਪਾਲ ਨੇ ਇੱਕ ਬਿਆਨ ‘ਚ ਕਿਹਾ ਕਿ “ਪਿਛਲੇ 3 ਦਿਨਾਂ ਤੋਂ ਸਰਕਾਰ ਨੇ ਜਿਸ ਤਰ੍ਹਾਂ ਗਾਜ਼ੀਪੁਰ ਸਰਹੱਦ ਤੇ ਸਿੰਘੂ ਸਰਹੱਦ ‘ਤੇ ਮਾਹੌਲ ਖਰਾਬ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਹੈ, ਉਸ ਤੋਂ ਸਾਬਤ ਹੁੰਦਾ ਹੈ ਕਿ ਪੁਲਿਸ ਤੇ ਭਾਜਪਾ-ਆਰਐਸਐਸ ਦੇ ਲੋਕ ਇਸ ਅੰਦੋਲਨ ਨੂੰ ਖ਼ਤਮ ਕਰਨ ਦੀ ਸਖ਼ਤ ਸਾਜ਼ਿਸ਼ ਰਚ ਰਹੇ ਹਨ। ਇਸ ਤਰ੍ਹਾਂ ਦੀਆਂ ਅਸਫਲ ਕੋਸ਼ਿਸ਼ਾਂ ਟਿਕਰੀ ਬਾਰਡਰ ‘ਤੇ ਵੀ ਕੀਤੀਆਂ ਗਈਆਂ ਸਨ।”

“ਸੰਯੁਕਤ ਕਿਸਾਨ ਮੋਰਚਾ ਗਾਜੀਪੁਰ ਦੀ ਸਰਹੱਦ ‘ਤੇ ਪਹੁੰਚੇ ਕਿਸਾਨਾਂ ਦੇ ਪਿਆਰ ਤੇ ਸਤਿਕਾਰ ਦਾ ਧੰਨਵਾਦੀ ਹੈ। ਸਰਕਾਰ ਤੇ ਕਈ ਸੰਸਥਾਵਾਂ ਦਾਅਵਾ ਕਰ ਰਹੀਆਂ ਸਨ ਕਿ ਕੱਲ੍ਹ ਸ਼ਾਮ ਤੱਕ ਗਾਜੀਪੁਰ ਧਰਨਾ ਬੰਦ ਕਰ ਦਿੱਤਾ ਜਾਵੇਗਾ, ਪਰ ਉੱਤਰ ਪ੍ਰਦੇਸ਼ ਤੇ ਹਰਿਆਣਾ ਦੇ ਕਿਸਾਨਾਂ ਨੇ ਫਿਰ ਇਹ ਸਾਬਤ ਕਰ ਦਿੱਤਾ ਹੈ ਕਿ ਕਿਸਾਨਾਂ ਦੇ ਹੌਂਸਲੇ ਬੁਲੰਦ ਹਨ।”

ਇਸ ਤੋਂ ਇਲਾਵਾ ਸਯੁੰਕਤ ਮੋਰਚੇ ਨੇ ਹਰਿਆਣੇ ਦੀਆਂ ਗ੍ਰਾਮ ਪੰਚਾਇਤਾਂ ਦੀ ਸਰਗਰਮ ਭਾਗੀਦਾਰੀ ਦੀ ਪ੍ਰਸ਼ੰਸ਼ਾ ਕੀਤੀ ਜੋ ਕਿ ਦਿੱਲੀ ਵਿਖੇ ਵਿਰੋਧ ਸਥਾਨਾਂ ‘ਚ ਸ਼ਾਮਲ ਹੋਣ ਲਈ ਮਤੇ ਪਾਸ ਕਰ ਰਹੇ ਹਨ ਤੇ ਹੋਰ ਸਹਾਇਤਾ ਦੇ ਰਹੇ ਹਨ।”

- Advertisement -

Share this Article
Leave a comment