ਓਂਟਾਰੀਓ ‘ਚ ਵਾਵਰੋਲੇ (ਟੋਰਨਾਡੋ) ਨੇ ਮਚਾਈ ਤਬਾਹੀ, ਭਾਰੀ ਨੁਕਸਾਨ

TeamGlobalPunjab
2 Min Read

ਟੋਰਾਂਟੋ : ਕੈਨੇਡਾ ਦੇ ਓਂਟਾਰਿਓ ਸੂਬੇ ਦੇ ਬੈਰੀ ਵਿੱਚ ਆਏ ਤੂਫਾਨ ਕਾਰਨ ਭਾਰੀ ਤਬਾਹੀ ਹੋਈ ਹੈ। ਵੀਰਵਾਰ ਦੁਪਹਿਰ ਨੂੰ ਆਏ ਇਸ ਤੂਫ਼ਾਨ ਕਾਰਨ ਅੱਠ ਵਿਅਕਤੀ ਜ਼ਖ਼ਮੀ ਹੋ ਗਏ ਜਿਨ੍ਹਾਂ ਵਿੱਚੋਂ ਚਾਰ ਦੀ ਹਾਲਤ ਗੰਭੀਰ ਦੱਸੀ ਗਈ ਹੈ। 25 ਤੋਂ ਵੱਧ ਮਕਾਨ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ।

ਵੀਰਵਾਰ ਸ਼ਾਮ ਨੂੰ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਬੈਰੀ ਦੇ ਮੇਅਰ ਜੈੱਫ ਲੇਹਮੈਨ ਨੇ ਆਖਿਆ ਕਿ ਗ਼ਨੀਮਤ ਰਹੀ ਕਿ ਇਸ ਤੂਫ਼ਾਨ ਦੌਰਾਨ ਕਿਸੇ ਦੇ ਮਾਰੇ ਜਾਣ ਦੀ ਖਬਰ ਨਹੀਂ ਹੈ। ਫਾਇਰ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਦਾ ਅਮਲਾ ਘਰ ਘਰ ਜਾ ਕੇ ਇਹ ਪਤਾ ਕਰਨ ਦੀ ਕੋਸਿ਼ਸ਼ ਕਰ ਰਿਹਾ ਹੈ ਕਿ ਕੋਈ ਵੀ ਵਿਅਕਤੀ ਮਲਬੇ ਹੇਠਾਂ ਨਾ ਫਸਿਆ ਹੋਵੇ। ਅਧਿਕਾਰੀਆਂ ਨੇ ਦੱਸਿਆ ਕਿ ਘੱਟੋ ਘੱਟ 25 ਘਰਾਂ ਨੂੰ ਨੁਕਸਾਨ ਪਹੁੰਚਿਆ ਤੇ ਇਨ੍ਹਾਂ ਵਿੱਚੋਂ ਤਿੰਨ ਜਾਂ ਚਾਰ ਤਾਂ ਪੂਰੀ ਤਰ੍ਹਾਂ ਨਾਲ ਤਬਾਹ ਹੋ ਗਏ ਹਨ , ਇਨ੍ਹਾਂ ਨੂੰ ਨਵੇਂ ਸਿਰੇ ਤੋਂ ਬਣਾਉਣਾ ਹੋਵੇਗਾ।

- Advertisement -

ਵੀਰਵਾਰ ਦੁਪਹਿਰ ਨੂੰ ਐਨਵਾਇਰਮੈਂਟ ਕੈਨੇਡਾ ਵੱਲੋਂ ਅਚਾਨਕ ਤੂਫਾਨ ਦੀ ਚੇਤਾਵਨੀ ਜਾਰੀ ਕੀਤੀ ਗਈ ਸੀ।  ਸਿਟੀ ਦੇ ਦੱਖਣੀ ਹਿੱਸੇ ਵਿੱਚ ਅਚਾਨਕ ਘੁੱਪ ਹਨ੍ਹੇਰਾ ਛਾ ਗਿਆ। ਇਸ ਤੋਂ ਥੋੜ੍ਹੀ ਹੀ ਦੇਰ ਵਿੱਚ ਆਏ ਤੂਫਾਨ ਤੇ ਭਾਰੀ ਮੀਂਹ ਨੇ ਖਾਸੀ ਤਬਾਹੀ ਮਚਾ ਦਿੱਤੀ।

ਐਨਵਾਇਰਮੈਂਟ ਕੈਨੇਡਾ ਦੇ ਮੌਸਮ ਵਿਗਿਆਨੀ ਸਟੀਵਨ ਫਲਿਸਫੈਡਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਇਹ ਸਾਰਾ ਨੁਕਸਾਨ ਵਾਵਰੋਲੇ (ਟੋਰਨਾਡੋ) ਕਾਰਨ ਹੀ ਹੋਇਆ। ਇਹ ਤੂਫਾਨ 10 ਤੋਂ 15 ਮਿੰਟ ਤੱਕ ਹੀ ਰਿਹਾ। ਬੈਰੀ ਪੁਲਿਸ ਨੇ ਦੱਸਿਆ ਕਿ ਤਬਾਹੀ ਮਚਣ ਕਾਰਨ ਹਜ਼ਾਰਾਂ ਲੋਕਾਂ ਨੂੰ ਬਿਜਲੀ ਤੋਂ ਬਿਨਾਂ ਗੁਜ਼ਾਰਾ ਕਰਨਾ ਪੈ ਰਿਹਾ ਹੈ ਪਰ ਅਮਲੇ ਵੱਲੋਂ ਹਾਈਡਰੋ ਲਾਈਨਜ਼ ਦੀ ਮੁਰੰਮਤ ਤੇਜ਼ੀ ਨਾਲ ਕੀਤੀ ਜਾ ਰਹੀ ਹੈ।

- Advertisement -

ਕੁਝ ਸਥਾਨਕ ਲੋਕਾਂ ਨੇ ਸੋਸ਼ਲ ਮੀਡੀਆ ਤੇ ਤਬਾਹੀ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

Share this Article
Leave a comment