ਕਿਸਾਨਾਂ ਵੱਲੋਂ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਵਿਰੋਧ; ਪੁਲਿਸ ਦੀਆਂ  ਰੋਕਾਂ ਤੋੜੀਆਂ

TeamGlobalPunjab
2 Min Read

ਸੰਗਰੂਰ – ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਬੀਤੇ ਐਤਵਾਰ ਸੰਗਰੂਰ ਜ਼ਿਲ੍ਹੇ ਦੇ ਪ੍ਰਧਾਨ ਰਣਦੀਪ ਸਿੰਘ ਦਿਉਲ ਦੇ ਘਰ ਪਾਰਟੀ ਵਰਕਰਾਂ ਦੀ ਮੀਟਿੰਗ ’ਚ ਭਾਗ ਲੈਣ ਲਈ ਪੁੱਜੇ ਸਨ, ਜਿਸ ਦੇ ਚਲਦਿਆਂ ਪਿੰਡ ਬਡਰੁੱਖਾਂ ਤੋਂ ਲੈ ਕੇ ਸ਼ਹਿਰ ’ਚ ਥਾਂ-ਥਾਂ ਪੁਲੀਸ ਤਾਇਨਾਤ ਸੀ। ਜ਼ਿਲ੍ਹਾ ਪ੍ਰਧਾਨ ਦੇ ਘਰ ਨੇੜੇ ਧੂਰੀ-ਪਟਿਆਲਾ ਬਾਈਪਾਸ ਸੜਕ ’ਤੇ ਪੁਲੀਸ ਨੇ ਦੋ ਪੜਾਵਾਂ ’ਚ ਵੱਡੇ-ਵੱਡੇ ਬੈਰੀਕੇਡ ਲਗਾ ਕੇ ਮਿੱਟੀ ਦੇ ਟੈਂਕਰ ਵੀ ਭਰ ਕੇ ਖੜ੍ਹੇ ਕੀਤੇ ਸਨ। ਅਸ਼ਵਨੀ ਸ਼ਰਮਾ ਦੇ ਪੁੱਜਣ ਤੋਂ ਪਹਿਲਾਂ ਹੀ ਵੱਡੀ ਗਿਣਤੀ ’ਚ ਪੁੱਜੇ ਕਿਸਾਨਾਂ ਨੇ ਪੁਲੀਸ ਦੀ ਨਾਕੇਬੰਦੀ ਅੱਗੇ ਧਰਨਾ ਲਗਾਉਂਦਿਆਂ ਅਸ਼ਵਨੀ ਸ਼ਰਮਾ ਤੇ ਭਾਜਪਾ ਪਾਰਟੀ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਸੀ। ਕਿਸਾਨਾਂ ਨੇ ਵੱਡੇ-ਵੱਡੇ ਬੈਰੀਕੇਡ ਉਖਾੜ ਕੇ ਖਤਾਨਾਂ ’ਚ ਸੁੱਟ ਦਿੱਤੇ ਤੇ ਅੱਗੇ ਵਧਣ ਦੇ ਯਤਨ ਕੀਤੇ।

ਇਸ ਮੌਕੇ ਪੁਲੀਸ ਤੇ ਕਿਸਾਨਾਂ ਵਿਚਾਲੇ ਜ਼ੋਰਦਾਰ ਝੜਪ ਹੋਈ। ਝੜਪ ਹੁੰਦੀ ਦੇਖ ਮੌਕੇ ’ਤੇ ਪਹੁੰਚੇ ਨੌਜਵਾਨ ਟਰੈਕਟਰ ਨਾਲ ਪੁਲੀਸ ਨੂੰ ਧੂਹਦਿਆਂ ਦੂਜੇ ਨਾਕੇਬੰਦੀ ਕੋਲ ਪਹੁੰਚ ਗਏ। ਇਸ ਮਗਰੋਂ ਗੁੱਸੇ ’ਚ ਆਈ ਪੁਲੀਸ ਨੇ ਅੱਗੇ ਵਧ ਰਹੇ ਕਿਸਾਨਾਂ ’ਤੇ ਲਾਠੀਚਾਰਜ ਕੀਤਾ ਤੇ ਟਰੈਕਟਰਾਂ ਦੇ ਟਾਇਰਾਂ ਦੀ ਹਵਾ ਕੱਢ ਦਿੱਤੀ। ਲਾਠੀਚਾਰਜ ਦੌਰਾਨ ਕਿਰਤੀ ਕਿਸਾਨ ਯੂਨੀਅਨ ਨਾਲ ਸਬੰਧਤ ਨੌਜਵਾਨ ਕਿਸਾਨ ਤੇ ਟਰੈਕਟਰ ਚਾਲਕ ਗੁਰਪ੍ਰੀਤ ਸਿੰਘ ਬਹਾਦਰਪੁਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਤੇ ਟਰਾਲੀ ’ਚ ਸਵਾਰ ਕੰਵਲਜੀਤ ਸਿੰਘ ਤੇ ਕਿਸਾਨ ਬੀਬੀ ਮਲਕੀਤ ਕੌਰ ਵਾਸੀ ਕਿਲਾਭਰੀਆਂ ਵੀ ਜ਼ਖ਼ਮੀ ਹੋ ਗਏ। ਹੋਰ ਵੀ ਕਈ ਕਿਸਾਨਾਂ ਦੇ ਸੱਟਾਂ ਲੱਗੀਆਂ। ਇਸ ਦੌਰਾਨ ਪੁਲੀਸ ਇੰਸਪੈਕਟਰ ਹਰਵਿੰਦਰ ਸਿੰਘ, ਕਾਂਸਟੇਬਲ ਹਰਪ੍ਰੀਤ ਸਿੰਘ ਅਤੇ ਬੇਅੰਤ ਸਿੰਘ ਵੀ ਜ਼ਖ਼ਮੀ ਹੋਏ ਹਨ। ਕਿਸਾਨਾਂ ਨੇ ਉਥੇ ਹੀ ਰੋਸ ਧਰਨਾ ਦਿੰਦਿਆਂ ਕੇਂਦਰ ਸਰਕਾਰ, ਅਸ਼ਵਨੀ ਸ਼ਰਮਾ ਅਤੇ ਪੰਜਾਬ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਜ਼ਿਲ੍ਹਾ ਪ੍ਰਧਾਨ ਦੇ ਘਰ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਕਤੰਤਰ ’ਚ ਵਿਰੋਧ ਪ੍ਰਦਰਸ਼ਨ ਕਰਨਾ ਸਭ ਦਾ ਹੱਕ ਹੈ ਤੇ ਰਾਜਨੀਤਕ ਦਲਾਂ ਨੂੰ ਵੀ ਮੀਟਿੰਗਾਂ ਕਰਨ ਦਾ ਹੱਕ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅਜਿਹਾ ਨਹੀਂ ਕਰ ਰਹੇ ਪਰ ਕੁੱਝ ਸ਼ਰਾਰਤੀ ਲੋਕ ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਕਿਸਾਨਾਂ ਦੇ ਹੱਕ ’ਚ ਹੈ।

Share this Article
Leave a comment