ਕੋਵਿਡ-19; ਹੁਣ ਤੱਕ ਲਏ 218 ਸੈਂਪਲਾਂ ‘ਚੋਂ 163 ਨੈਗੇਟਿਵ : ਸਿਵਲ ਸਰਜਨ

TeamGlobalPunjab
1 Min Read

ਹੁਸ਼ਿਆਰਪੁਰ : ਸਿਵਲ ਸਰਜਨ ਡਾ. ਜਸਵੀਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਕੋਵਿਡ-19 ਸਬੰਧੀ ਹੁਣ ਤੱਕ 218 ਸੈਂਪਲ ਲਏ ਗਏ ਹਨ, ਜਿਨਾਂ ਵਿਚੋਂ 163 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ 49 ਸੈਂਪਲਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਉਨਾਂ ਕਿਹਾ ਕਿ 6 ਵਿਅਕਤੀਆਂ ਦੇ ਸੈਂਪਲ ਹੀ ਪੋਜ਼ੀਟਿਵ ਆਏ ਹਨ, ਜਿਨਾਂ ਵਿੱਚੋਂ ਪਿੰਡ ਮੋਰਾਂਵਾਲੀ ਦੇ ਇਕ ਪੋਜ਼ੀਟਿਵ ਮਰੀਜ਼ ਦੀ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਪਿਛਲੇ ਦਿਨੀਂ ਮੌਤ ਹੋ ਚੁੱਕੀ ਹੈ। ਉਨਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਪੋਜ਼ੀਟਿਵ ਆਏ ਮਰੀਜ਼ਾਂ ਦੇ ਸੰਪਰਕ ਵਿੱਚ ਆਉਣ ਵਾਲੇ ਵਿਅਕਤੀਆਂ ਨੂੰ ਇਕਾਂਤਵਾਸ ਵਿੱਚ ਰੱਖਿਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਸਿਵਲ ਹਸਪਤਾਲ ਵਿਖੇ ਆਈਸੋਲੇਸ਼ਨ ਵਾਰਡ ਵਿੱਚ 11 ਮਰੀਜ਼ ਦਾਖਲ ਹਨ।
ਡਾ. ਜਸਵੀਰ ਸਿੰਘ ਨੇ ਅਪੀਲ ਕਰਦਿਆਂ ਕਿਹਾ ਕਿ ਜ਼ਿਲਾ ਵਾਸੀਆਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ, ਕਿਉਂਕਿ 80 ਫੀਸਦੀ ਤੱਕ ਪੋਜ਼ੀਟਿਵ ਕੇਸ ਇਕਾਂਤਵਾਸ ਵਿੱਚ ਰਹਿ ਕੇ ਹੀ ਠੀਕ ਹੋ ਰਹੇ ਹਨ। ਉਨਾਂ ਕਿਹਾ ਕਿ ਖਾਂਸੀ, ਜ਼ੁਕਾਮ ਅਤੇ ਬੁਖਾਰ ਆਦਿ ਲੱਛਣ ਵਾਲੇ ਵਿਅਕਤੀ ਤੁਰੰਤ ਆਪਣੇ ਨੇੜਲੇ ਸਿਹਤ ਕੇਂਦਰ ਸੰਪਰਕ ਕਰਨ। ਉਨਾਂ ਕਿਹਾ ਕਿ ਜਾਗਰੂਕਤਾ ਅਤੇ ਸਾਵਧਾਨੀਆਂ ਵਰਤਕੇ ਇਸ ਵਾਇਰਸ ਤੋਂ ਬਚਿਆ ਜਾ ਸਕਦਾ ਹੈ, ਇਸ ਲਈ ਹੱਥਾਂ ਦੀ ਸਫਾਈ ਅਤੇ ਪੌਸ਼ਟਿਕ ਖੁਰਾਕ ਯਕੀਨੀ ਬਣਾਈ ਜਾਵੇ।

Share this Article
Leave a comment