ਪਹਿਲੀ ਮਹਾਪੰਚਾਇਤ ‘ਚ ਕਿਸਾਨ ਆਗੂਆਂ ਦੀ ਕੇਂਦਰ ਨੂੰ ਲਲਕਾਰ, ਪੜ੍ਹੋ ਕੀ ਬੋਲੇ ਰਾਜੇਵਾਲ ਤੇ ਧਨੇਰ

TeamGlobalPunjab
3 Min Read

ਜਗਰਾਉਂ: ਖੇਤੀ ਕਾਨੂੰਨ ਦੇ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚਾ ਵੱਲੋਂ ਪੰਜਾਬ ਦੀ ਪਹਿਲੀ ਮਹਾਪੰਚਾਇਤ ਜਗਾਰਉਂ ‘ਚ ਸੱਦੀ ਗਈ। ਲੁਧਿਆਣਾ ਦੀ ਜਗਰਾਉਂ ਮੰਡੀ ਵਿੱਚ ਕਿਸਾਨਾਂ ਦਾ ਵੱਡਾ ਇੱਕਠ ਦੇਖਣ ਨੂੰ ਮਿਲਿਆ। ਇਸ ਦੌਰਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਅੱਜ ਸਾਨੂੰ ਇਕੱਠੇ ਹੋ ਕੇ ਲੜਨਾ ਚਾਹੀਦਾ ਹੈ ਬਰਬਾਦੀ ਤੋਂ ਬਾਅਦ ਕੋਈ ਫਾਇਦਾ ਨਹੀਂ। ਜੇਕਰ ਅਸੀਂ ਹੁਣ ਪਿੱਛੇ ਹੱਟ ਗਏ ਤਾਂ ਮੁੜ ਕੇ ਅਜਿਹਾ ਮੌਕਾ ਨਹੀਂ ਮਿਲੇਗਾ। ਰਾਜੇਵਾਲ ਨੇ ਕਿਹਾ ਕਿ ਪੰਜਾਬ ਕਿਸਾਨੀ ਮੋਰਚੇ ਦਾ ਮੋਢੀ ਰਿਹਾ ਜਿਸ ਤੋਂ ਬਾਅਦ ਬਾਕੀ ਸੂਬੇ ਵੀ ਨਾਲ ਜੁੜੇ। ਇਸ ਦੌਰਾਨ ਰਾਜੇਵਾਲ ਨੇ ਕਿਹਾ ਕਿ ਦੁਨੀਆਂ ਦਾ ਫੇਲ੍ਹ ਹੋਇਆ ਮਾਡਲ ਭਾਰਤ ਸਰਕਾਰ ਕਿਸਾਨਾਂ ‘ਤੇ ਲਾਗੂਕਰਨ ਜਾ ਰਹੀ ਹੈ। ਖੇਤੀ ਕਾਨੂੰਨ ਦਾ ਇੱਕ ਇੱਕ ਦਾਣਾ ਕਾਲਾ ਹੈ ਮੋਦੀ ਸਰਕਾਰ ਨੂੰ ਵੀ ਇਸ ਬਾਰੇ ਪਤਾ ਹੈ ਕਿ ਇਹ ਕਾਨੂੰਨ ਕਿਸਾਨਾਂ ਲਈ ਨਹੀਂ ਕਾਰਪੋਰੇਟ ਲਈ ਬਣਾਏ ਗਏ ਹਨ।

ਇਸ ਤੋਂ ਇਲਾਵਾ ਕਿਸਾਨ ਲੀਡਰ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਇਹ ਘੋਲ ਸਿਰਫ਼ ਕਿਸਾਨੀ ਦਾ ਨਹੀਂ ਦੁਨੀਆ ਦਾ ਵੀ ਹੈ। ਸਰਕਾਰਾਂ ਨੇ ਹਮੇਸ਼ਾ ਹੀ ਰਾਜ ਕਰੋ ਦੀ ਨੀਤੀ ‘ਤੇ ਕੰਮ ਕੀਤਾ। ਧਨੇਰ ਨੇ ਕਿਹਾ ਕਿ 26 ਜਨਵਰੀ ਨੂੰ ਹੋਈ ਹਿੰਸਾ ਨੂੰ ਕਿਸਾਨ ਲੀਡਰਸ਼ਿਪ ਨੇ ’84 ਬਣਨ ਤੋਂ ਰੋਕਿਆ। ਧਨੇਰ ਨੇ ਕਿਹਾ ਕਿ ਰਾਕੇਸ਼ ਟਿਕੈਤ ਦੇ ਹੰਝੂਆਂ ਨੇ ਕਿਸਾਨ ਮੋਰਚੇ ਨੂੰ ਇੱਕ ਵਾਰ ਮੁੜ ਤੋਂ ਖੜ੍ਹਾ ਕੀਤਾ। ਇਹਨਾਂ ਕਿਸਾਨ ਲੀਡਰਾਂ ਤੋਂ ਇਲਾਵਾ ਜੋਗਿੰਦਰ ਸਿੰਘ ਉਗਰਾਹਾਂ ਵੀ ਮਹਾਪੰਚਾਇਤ ਵਿਚ ਪਹੁੰਚ ਗਏ ਹਨ। ਪਹਿਲਾਂ ਕਿਆਸ ਲਗਾਏ ਜਾ ਰਹੇ ਸਨ ਕਿ ਜੋਗਿੰਦਰ ਸਿੰਘ ਉਗਰਾਹਾਂ ਮਹਾਪੰਚਾਇਤ ਦਾ ਹਿੱਸਾ ਨਹੀਂ ਬਣਨਗੇ ਪਰ ਉਨ੍ਹਾਂ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ ਅਤੇ ਕੇਂਦਰ ਸਰਕਾਰ ਨੂੰ ਇਕਜੁੱਟਤਾ ਦਾ ਸੰਦੇਸ਼ ਦਿੱਤਾ ਹੈ।

ਵੱਡੇ ਇਕੱਠ ਨੂੰ ਦੇਖਦੇ ਹੋਏ ਪੁਲੀਸ ਵੱਲੋਂ ਵੀ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਕਿਸਾਨ ਲੀਡਰਾਂ ਨੇ ਕਿਹਾ ਕਿ ਅਸੀਂ ਸਹੁੰ ਖਾਧੀ ਹੈ ਕਿ ਜਦੋਂ ਤੱਕ ਤਿੰਨ ਕੀਤੀ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ, ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਹੁਣ ਸਿਰਫ਼ ਕਿਸਾਨ ਅੰਦੋਲਨ ਨਹੀਂ ਪੂਰੇ ਦੇਸ਼ ਵਾਸੀਆਂ ਦਾ ਜਨ ਅੰਦੋਲਨ ਬਣ ਚੁੱਕਿਆ ਹੈ ਦੇਸ਼ ਦੀ 99 ਫੀਸਦੀ ਜਨਤਾ ਕਿਸਾਨਾਂ ਦੇ ਨਾਲ ਹੈ ਪਰ ਨਰਿੰਦਰ ਮੋਦੀ ਸਰਕਾਰ ਕਾਰਪੋਰੇਟ ਦੀ ਕਠਪੁਤਲੀ ਬਣੀ ਹੋਈ ਹੈ। ਪੰਜਾਬ ਤੋਂ ਪਹਿਲਾਂ ਉੱਤਰ ਪ੍ਰਦੇਸ਼ ਅਤੇ ਫਿਰ ਹਰਿਆਣਾ ਵਿੱਚ ਵੀ ਮਹਾਪੰਚਾਇਤ ਬੁਲਾਈ ਗਈ। ਹਰਿਆਣਾ ਦੇ ਕੁਰੂਕਸ਼ੇਤਰ ‘ਚ ਮਹਾਪੰਚਾਇਤ ਦੌਰਾਨ ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਦਾਅਵਾ ਕੀਤਾ ਸੀ ਕਿ ਹੁਣ ਪੂਰੇ ਦੇਸ਼ ਵਿੱਚ ਮਹਾਪੰਚਾਇਤਾਂ ਸੱਦੀਆਂ ਜਾਣਗੀਆਂ। ਜਿਸ ਦੇ ਤਹਿਤ ਅੱਜ ਪੰਜਾਬ ‘ਚ ਪਹਿਲੀ ਵਾਰ ਮਹਾਪੰਚਾਇਤ ਬੁਲਾਈ ਗਈ ਹੈ।

Share this Article
Leave a comment