ਸ਼ੰਭੂ ਅਤੇ ਖਨੌਰੀ ਮੋਰਚੇ ਦੇ ਆਗੂ ਗ੍ਰਿਫ਼ਤਾਰ!

Global Team
4 Min Read

ਜਗਤਾਰ ਸਿੰਘ ਸਿੱਧੂ;

ਅੱਜ ਕੇਂਦਰ ਅਤੇ ਕਿਸਾਨਾਂ ਦੀ ਚੰਡੀਗੜ ਵਿਚ ਹੋਈ ਗੱਲਬਾਤ ਬਾਅਦ ਕਿਸਾਨ ਆਗੂਆਂ ਸਰਵਣ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਇਹ ਜਾਣਕਾਰੀ ਮੀਡੀਆ ਵਿੱਚ ਮੋਰਚੇ ਦੇ ਕਿਸਾਨ ਆਗੂਆਂ ਨੇ ਦਿੱਤੀ ਹੈ । ਇਸ ਨਾਲ ਸ਼ੰਭੂ ਅਤੇ ਖਨੌਰੀ ਬਾਰਡਰ ਉਪਰ ਤਕੜੀ ਹਲਚਲ ਮਚ ਗਈ ਹੈ। ਹੋਰ ਆਗੂ ਵੀ ਗ੍ਰਿਫ਼ਤਾਰ ਹੋ ਰਹੇ ਹਨ। ਇਸ ਨਾਲ ਕਿਹਾ ਜਾ ਸਕਦਾ ਹੈ ਕਿ ਕੇਂਦਰ ਅਤੇ ਸੰਯੁਕਤ ਮੋਰਚੇ ਵਿਚਕਾਰ ਚੱਲ ਰਹੀ ਗੱਲਬਾਤ ਪੂਰੀ ਤਰ੍ਹਾਂ ਟੁੱਟ ਗਈ ਹੈ।

ਕੇਂਦਰ ਅਤੇ ਕਿਸਾਨਾਂ ਵਿਚਾਲੇ ਅੱਜ ਸਤਵੇਂ ਗੇੜ ਦੀ ਗੱਲਬਾਤ ਦਾ ਸਿੱਟਾ ਇਹ ਨਿਕਲਿਆ ਕਿ ਹੁਣ ਅਠਵੇਂ ਗੇੜ ਦੀ ਐਲਾਨੀਗੱਲਬਾਤ ਚਾਰ ਮਈ ਨੂੰ ਹੋਣ ਦੀ ਸੰਭਾਵਨਾ ਨਹੀਂ। ਚੰਡੀਗੜ ਹੋਈ ਮੀਟਿੰਗ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵ ਰਾਜ ਚੌਹਾਨ, ਕੇਂਦਰੀ ਮੰਤਰੀ ਪਿਯੂਸ਼ ਗੋਇਲ ਅਤੇ ਕੇਂਦਰੀ ਮੰਤਰੀ ਜੋਸ਼ੀ ਸ਼ਾਮਲ ਹੋਏ। ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਖੇਤੀਬਾੜੀ ਮੰਤਰੀ ਖੁਡੀਆਂ ਵੀ ਮੀਟਿੰਗ ਵਿੱਚ ਸਨ।ਸੰਯੁਕਤ ਕਿਸਾਨ ਮੋਰਚੇ ਗੈਰ ਰਾਜਨੀਤਕ ਵਲੋਂ ਜਗਜੀਤ ਸਿੰਘ ਡੱਲੇਵਾਲ, ਸਰਵਣ ਸਿੰਘ ਪੰਧੇਰ, ਅਭਿਮੰਨਯੂ ਕੋਹਾੜ, ਕਾਕਾ ਸਿੰਘ ਕੋਟੜਾ, ਮਨਜੀਤ ਸਿੰਘ ਅਤੇ ਹੋਰ ਆਗੂਆਂ ਸਣੇ 28 ਕਿਸਾਨ ਆਗੂਆਂ ਨੇ ਨੁਮਾਇੰਦਗੀ ਕੀਤੀ। ਕਈ ਘੰਟੇ ਚੱਲੀ ਮੀਟਿੰਗ ਵਿੱਚ ਫਸਲਾਂ ਦੀ ਕਾਨੂੰਨੀ ਗਰੰਟੀ ਦੇਣ ਸਮੇਤ ਕਿਸਾਨਾਂ ਦੀਆਂ ਬਾਕੀ ਮੰਗਾਂ ਬਾਰੇ ਵੀ ਗੱਲਬਾਤ ਹੋਈ।

ਮੀਟਿੰਗ ਵਿੱਚ ਕਿਸਾਨਾਂ ਵਲੋਂ ਫ਼ਸਲਾਂ ਲਈ ਕਾਨੂੰਨੀ ਗਾਰੰਟੀ ਦੇਣ ਦੀ ਮੰਗ ਨੂੰ ਜੋਰ ਨਾਲ ਉਠਾਇਆ ਗਿਆ। ਕਰਜ਼ੇ ਦਾ ਮਾਮਲਾ, ਕਿਸਾਨਾਂ ਸਿਰ ਬਣੇ ਕੇਸਾਂ ਦਾ ਨਿਪਟਾਰਾ, ਅੰਦੋਲਨ ਵਿਚ ਮਾਰੇ ਗਏ ਕਿਸਾਨਾਂ ਦੇ ਪਰਿਵਾਰ ਨੂੰ ਮੁਆਵਜ਼ਾ ਜਾਂ ਰੁਜ਼ਗਾਰ ਦੇਣ ਵਰਗੇ ਅਹਿਮ ਮਾਮਲਿਆਂ ਉੱਪਰ ਚਰਚਾ ਹੋਈ । ਕੇਂਦਰੀ ਟੀਮ ਦਾ ਪੱਖ ਸੀ ਕਿ ਫਸਲਾਂ ਦੇ ਭਾਅ ਦਾ ਮਾਮਲਾ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਲੋਕਾਂ ਨਾਲ ਸਬੰਧਤ ਹੈ ।ਇਸ ਲਈ ਵਪਾਰੀਆਂ, ਕਾਰੋਬਾਰੀਆਂ ਅਤੇ ਕਿਸਾਨਾਂ ਦੀ ਰਾਏ ਲੈਣੀ ਵੀ ਜ਼ਰੂਰੀ ਹੈ। ਇਸ ਮੰਤਵ ਲਈ ਤਾਲਮੇਲ ਵਾਸਤੇ ਇੱਕ ਕੇਂਦਰੀ ਅਧਿਕਾਰੀ ਦੀ ਡਿਊਟੀ ਲਾਈ ਗਈ ਹੈ। ਉਸ ਰਾਇ ਮਸ਼ਵਰੇ ਨੂੰ ਚਾਰ ਮਈ ਦੀ ਮੀਟਿੰਗ ਵਿੱਚ ਰੱਖਿਆ ਜਾਵੇਗਾ ।ਕਿਸਾਨ ਮਾਮਲੇ ਛੇਤੀ ਨਿਬੇੜਨ ਦੇ ਹੱਕ ਵਿੱਚ ਹਨ ਪਰ ਕੇਂਦਰ ਦੀ ਰਾੲ ਹੈ ਕਿ ਸਾਰੇ ਦੇਸ਼ ਦਾ ਮੁੱਦਾ ਹੈ । ਕਿਸਾਨਾਂ ਨੂੰ ਅਸਲ ਵਿੱਚ ਪੰਜਾਬ ਸਰਕਾਰ ਦੀ ਗ੍ਰਿਫਤਾਰੀ ਦੀ ਯੋਜਨਾ ਦਾ ਪਤਾ ਹੀ ਨਾ ਲੱਗਾ ਜਾਂ ਉਹ ਭੁਲੇਖੇ ਵਿੱਚ ਰਹੇ!

ਮੀਟਿੰਗ ਬਾਅਦ ਕੇਂਦਰੀ ਮੰਤਰੀ ਚੌਹਾਨ ਅਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਮੀਟਿੰਗ ਬਾਰੇ ਬਿਆਨ ਇਸ ਤਰ੍ਹਾਂ ਦਾ ਸੀ ਜਿਵੇਂ ਦੋਹਾਂ ਨੂੰ ਇਕੋ ਟਾਈਪ ਕੀਤਾ ਬਿਆਨ ਮਿਲਿਆ ਹੋਵੇ। ਕੇਂਦਰੀ ਮੰਤਰੀ ਚੌਹਾਨ ਨੇ ਮੀਟਿੰਗ ਬਾਅਦ ਮੀਡੀਆ ਨੂੰ ਬਹੁਤ ਸੰਜਮ ਨਾਲ ਕਿਹਾ ਕਿ ਗੱਲਬਾਤ ਬਹੁਤ ਸਦਭਾਵਨਾ ਵਾਲੇ ਮਾਹੌਲ ਵਿੱਚ ਹੋਈ ਹੈ ਅਤੇ ਅਗਲੀ ਮੀਟਿੰਗ ਚਾਰ ਮਈ ਨੂੰ ਹੋਵੇਗੀ ।ਬੱਸ ਐਨੀ ਗੱਲ। ਪੰਜਾਬ ਦੇ ਮੰਤਰੀ ਚੀਮਾ ਨੇ ਮੀਟਿੰਗ ਬਾਅਦ ਕਿਹਾ ਕਿ ਗੱਲਬਾਤ ਬਹੁਤ ਸਦਭਾਵਨਾ ਵਾਲੇ ਮਹੌਲ ਵਿੱਚ ਹੋਈ ਅਤੇ ਅਗਲੀ ਮੀਟਿੰਗ ਚਾਰ ਮਈ ਨੂੰ ਹੈ। ਹਾਂ, ਐਨਾ ਜਰੂਰ ਚੀਮਾ ਨੇ ਇਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਸ਼ੰਭੂ ਜਾਂ ਖਨੌਰੀ ਬਾਰਡਰ ਦੇ ਮੋਰਚੇ ਹਟਾਉਣ ਬਾਰੇ ਸਰਕਾਰ ਦੀ ਕੋਈ ਗੱਲ ਨਹੀਂ ਹੈ ਪਰ ਮੀਟਿੰਗ ਖਤਮ ਹੁੰਦਿਆਂ ਹੀ ਕਿਸਾਨ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਮੀਟਿੰਗ ਦਾ ਅੰਤ ਟਕਰਾਅ ਵਿੱਚ ਬਦਲ ਗਿਆ।

ਖੈਰ, ਕਿਸਾਨ ਆਗੂ ਮੀਟਿੰਗ ਵਿੱਚ ਮੰਗਾਂ ਦੀ ਗੱਲ ਕਰਦੇ ਰਹੇ ਪਰ ਬਾਹਰ ਪੁਲਿਸ ਇੰਤਜਾਰ ਕਰ ਰਹੀ ਸੀ ।ਇਸ ਕਾਰਨ ਸ਼ੰਭੂ ਅਤੇ ਖਨੌਰੀ ਬਾਰਡਰ ਉੱਤੇ ਸਥਿਤੀ ਤਣਾਅਪੂਰਨ ਬਣ ਗਈ ।ਕਿਸਾਨਾਂ ਦੀ ਗਿਣਤੀ ਮੋਰਚੇ ਉੱਪਰ ਘੱਟ ਹੋਣ ਕਾਰਨ ਵੀ ਪੁਲਿਸ ਦਾ ਵਿਰੋਧ ਮੁਸ਼ਕਲ ਹੋ ਰਿਹਾ ਹੈ!

ਸੰਪਰਕ 9814002186

Share This Article
Leave a Comment