ਕਿਸ ਦੇ ਸਿਰ ‘ਤੇ ਸਜੇਗਾ ਸਿਰਮੌਰ ਸੰਸਥਾ ਦਾ ਤਾਜ !

Global Team
5 Min Read

ਅੰਮ੍ਰਿਤਸਰ : ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁ. ਪ੍ਰ. ਕਮੇਟੀ ਜਿਸ ਦੀ 1920 ‘ਚ ਸ਼ਹੀਦਾਂ ਦੇ ਸਿਰਾਂ ‘ਤੇ ਨੀਂਹ ਰੱਖੀ ਗਈ ਸੀ। ਅੱਜ 102 ਸਾਲ ਦਾ ਸਮਾਂ ਇਸ ਸੰਸਥਾ ਨੂੰ ਬਣਿਆਂ ਹੋ ਗਿਆ ਹੈ। ਲਗਾਤਾਰ ਸਿੱਖ ਮਸਲਿਆਂ ‘ਚ ਸਮੁੱਚੇ ਪੰਥ ਦੀ ਅਗਵਾਈ ਕਰਨ ਵਾਲੀ ਇਸ ਸੰਸਥਾ ਦਾ ਇਤਿਹਾਸ ਬੜਾ ਸ਼ਾਨਾਮੱਤਾ ਹੈ। ਇਹ ਪਹਿਲੀ ਅਜਿਹੀ ਧਾਰਮਿਕ ਸੰਸਥਾ ਹੈ ਜਿਸ ਦੇ ਪੈਰੋਕਾਰ ਖੁਦ ਆਪਣੀ ਵੋਟ ਪਾ ਕੇ ਸੰਸਥਾ ਦੀ ਚੋਣ ਕਰਦੇ ਹਨ। ਅੱਜ ਇਸ ਸ਼ਾਨਾਮੱਤੀ ਸੰਸਥਾ ਦੇ 45 ਵੇਂ ਪ੍ਰਧਾਨ ਦੀ ਚੋਣ ਹੋਣ ਜਾ ਰਹੀ ਹੈ।

ਸਾਕਾ ਨਨਕਾਣਾ ਸਾਹਿਬ, ਸਾਕਾ ਪੰਜਾ ਸਾਹਿਬ, ਗੁ. ਬਾਬੇ ਕੀ ਬੇਰ ਦਾ ਪ੍ਰਬੰਧ, ਗੁ. ਤਰਨ ਤਾਰਨ ਸਾਹਿਬ ਦਾ ਪ੍ਰਬੰਧ, ਮੋਰਚਾ ਗੁਰੂ ਕਾ ਬਾਗ ਇਸ ਸ਼ਾਨਾਮੱਤੀ ਸੰਸਥਾ ਦੇ ਇਤਿਹਾਸ ਦੇ ਉਹ ਪੰਨੇ ਹਨ ਜਿਹੜੇ ਸਿੱਖ ਕੌਮ ਵੱਲੋਂ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਪੰਥਕ ਹੱਥਾਂ ‘ਚ ਲੈਣ ਲਈ ਅਤੇ ਸ਼੍ਰੋਮਣੀ ਗੁ. ਪ੍ਰ. ਕਮੇਟੀ ਨੂੰ ਸੁਰਜੀਤ ਕਰਨ ਲਈ ਹੱਥੀਂ ਲਿਖੇ ਗਏ ਸਨ।

ਹੁਣ ਜੇਕਰ ਇਸ ਸੰਸਥਾ ਦੇ ਪ੍ਰਧਾਨ ਦੀ ਚੋਣ ਦੀ ਗੱਲ ਕਰ ਲਈਏ ਤਾਂ ਹਰ ਸਾਲ ਨਵੰਬਰ ਮਹੀਨੇ ‘ਚ ਇਸ ਸੰਸਥਾ ਦੇ ਪ੍ਰਧਾਨ ਦੀ ਚੋਣ ਹੁੰਦੀ ਹੈ। ਜਿਸ ‘ਚ ਸਮੁੱਚੇ ਮੈਂਬਰ ਪਹੁੰਚਦੇ ਹਨ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਟਿਕਟ ‘ਤੇ ਮੈਂਬਰ ਚੋਣ ਜਿੱਤੇ ਹੋਏ ਹਨ ਇਸ ਲਈ ਅਕਾਲੀ ਦਲ ਵੱਲੋਂ ਪ੍ਰਧਾਨ ਦੇ ਚੋਣ ਲਈ ਨਾਮ ਪੇਸ਼ ਕੀਤਾ ਜਾਂਦਾ ਹੈ (ਜਿਸ ਨੂੰ ਲਿਫਾਫਾ ਕਲਚਰ ਵੀ ਕਿਹਾ ਜਾਂਦਾ ਹੈ। । ਇਸ ‘ਤੇ ਜੇਕਰ ਮੈਂਬਰ ਸਹਿਮਤੀ ਪ੍ਰਗਟਾਉਂਦੇ ਹਨ ਤਾਂ ਪ੍ਰਧਾਨ ਚੁਣ ਲਿਆ ਜਾਂਦਾ ਹੈ। ਪਰ ਜੇਕਰ ਮੈਂਬਰਾਂ ਦੀ ਸਹਿਮਤੀ ਨਹੀਂ ਹੁੰਦੀ ਤਾਂ ਮੈਂਬਰ ਆਪਣੇ ਵਿੱਚੋਂ ਵੀ ਨਾਮ ਪੇਸ਼ ਕਰਦੇ ਹਨ। ਜਿਸ ਤੋਂ ਬਾਅਦ ਉਮੀਦਵਾਰਾਂ ਵਿਚਕਾਰ ਚੋਣ ਹੁੰਦੀ ਹੈ। ਮੈਂਬਰ ਆਪੋ ਆਪਣੇ ਉਮੀਦਵਾਰ ਨੂੰ ਵੋਟ ਪਾਉਂਦੇ ਹਨ। ਹਾਲ ਹੀ ‘ਚ ਜੇਕਰ ਪਿਛਲੀਆਂ ਚੋਣਾਂ ਦੀ ਕਰ ਲਈਏ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਹੋਏ ਇਜਲਾਸ ਦੌਰਾਨ ਸ. ਸੁਰਜੀਤ ਸਿੰਘ ਭਿੱਟੇਵੱਡ ਨੇ ਐਡਵੋਕੇਟ ਹਰਜਿੰਦਰ ਸਿੰਘ ਦਾ ਨਾਂ ਪ੍ਰਧਾਨਗੀ ਲਈ ਪੇਸ਼ ਕੀਤਾ, ਜਿਸ ਦੀ ਤਾਈਦ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਅਤੇ ਮਜੀਦ ਸ. ਰਵਿੰਦਰ ਸਿੰਘ ਖਾਲਸਾ ਨੇ ਕੀਤੀ। ਇਸੇ ਦੌਰਾਨ ਸ. ਅਮਰੀਕ ਸਿੰਘ ਸ਼ਾਹਪੁਰ ਨੇ ਸ. ਮਿੱਠੂ ਸਿੰਘ ਕਾਹਨੇਕੇ ਦਾ ਨਾਂ ਪ੍ਰਧਾਨਗੀ ਪਦ ਲਈ ਪੇਸ਼ ਕੀਤਾ, ਜਿਸ ’ਤੇ ਹੋਈਆਂ ਵੋਟਾਂ ਮਗਰੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੇਤੂ ਰਹੇ। ਕੁਲ ਪੋਲ ਹੋਈਆਂ 142 ਵੋਟਾਂ ਵਿੱਚੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ 122 ਅਤੇ ਸ. ਮਿੱਠੂ ਸਿੰਘ ਕਾਹਨੇਕੇ ਨੂੰ 19 ਵੋਟਾਂ ਪ੍ਰਾਪਤ ਹੋਈਆਂ, ਜਦਕਿ 1 ਵੋਟ ਰੱਦ ਹੋਈ।

ਇਸ ਤਰ੍ਹਾਂ ਹਰਜਿੰਦਰ ਸਿੰਘ ਧਾਮੀ 44ਵੇਂ ਪ੍ਰਧਾਨ ਬਣੇ ਸਨ। ਹੁਣ ਗੱਲ ਇਸ ਵਾਰ ਦੀਆਂ ਚੋਣਾਂ ਦੀ ਕਰ ਲਈਏ ਤਾਂ ਇਸ ਵਾਰ ਇਹ ਚੋਣ ਹੋਰ ਵੀ ਮਹੱਤਵਪੂਰਨ ਹੋਣ ਜਾ ਰਹੀ ਹੈ। ਸ਼ਾਇਦ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਜਲਾਸ ਤੋਂ ਪਹਿਲਾਂ ਹੀ ਆਪਣਾ ਉਮੀਦਵਾਰ ਐਲਾਨਿਆ ਗਿਆ ਹੈ। ਜੀ ਹਾਂ ਇਸ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰਜਿੰਦਰ ਸਿੰਘ ਧਾਮੀ ‘ਤੇ ਭਰੋਸਾ  ਜਿਤਾਇਆ ਗਿਆ ਹੈ। ਉੱਧਰ ਦੂਜੇ ਪਾਸੇ ਪਾਰਟੀ ਤੋਂ ਹੀ ਬਾਗੀ ਹੋ ਚੁਕੇ ਬੀਬੀ ਜਗੀਰ ਕੌਰ ਵੀ ਇਸ ਵਾਰ ਚੋਣ ਮੈਦਾਨ ‘ਚ ਹਨ। ਉਨ੍ਹਾਂ ਵੱਲੋਂ ਵੀ ਚੋਣਾਂ ਲੜਨ ਦਾ ਐਲਾਨ ਕੀਤਾ ਗਿਆ ਹੈ। ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਵਿਰੋਧੀ ਗਤੀਵਿਧੀਆਂ ਦਾ ਦੋਸ਼ ਲਗਾ ਕੇ ਬੀਬੀ ਜਗੀਰ ਕੌਰ ਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ ਹੈ ਪਰ ਫਿਰ ਵੀ ਉਹ ਚੋਣ ਲੜਨ ਲਈ ਬਜ਼ਿੱਦ ਹਨ। ਅਜਿਹੇ ਵਿੱਚ ਇਹ ਚੋਣ ਇਸ ਕਰਕੇ ਵੀ ਵਧੇਰੇ ਮਹੱਤਵਪੂਰਨ ਜਾਪਦੀ ਹੈ।

- Advertisement -

ਹੁਣ ਦੂਜੇ ਪਾਸੇ ਜੇਕਰ ਗੱਲ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਕਰ ਲਈਏ ਤਾਂ ਬੀਤੇ ਕੱਲ੍ਹ ਬਾਦਲ ਵੱਲੋਂ ਸ੍ਰੋਮਣੀ ਕਮੇਟੀ ਪ੍ਰਧਾਨ ਅਤੇ ਸਮੁੱਚੇ ਮੈਂਬਰ ਸਾਹਿਬਾਨ ਨਾਲ ਇਕੱਤਰਤਾ ਕਰਕੇ ਸ. ਧਾਮੀ ਦੀ ਜਿੱਤ ਦਾ ਦਾਅਵਾ ਕੀਤਾ ਹੈ। ਇੱਥੇ ਹੀ ਜੇਕਰ ਸੂਤਰਾਂ ਦੀ ਮੰਨ ਲਈਏ ਤਾਂ ਕਿਹਾ ਜਾ ਰਿਹਾ ਹੈ ਕਿ 90 ਤੋਂ ਵਧੇਰੇ ਮੈਂਬਰ ਸ. ਹਰਜਿੰਦਰ ਸਿੰਘ ਧਾਮੀ ਦੇ ਹੱਕ ‘ਚ ਭੁਗਤ ਰਹੇ ਹਨ। ਉੱਧਰ ਦੂਜੇ ਪਾਸੇ ਬੀਬੀ ਜਗੀਰ ਕੌਰ ਵੱਲੋਂ ਵੀ ਪ੍ਰਧਾਨਗੀ ਦੀ ਚੋਣ ਜਿੱਤਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਹੁਣ ਅਜਿਹੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਦਾ ਸਿਹਰਾ ਕਿਸੇ ਦੇ ਸਿਰ ‘ਤੇ ਸਜਦਾ ਹੈ ਅਤੇ ਸਿਆਸੀ ਸਮੀਕਰਨ ਕੀ ਰਹਿੰਦੇ ਹਨ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।

ਰਜਿੰਦਰ ਸਿੰਘ

 

 

Share this Article
Leave a comment