ਫਾਇਰਿੰਗ ਮਾਮਲੇ ‘ਚ ਸੰਗਰੂਰ ਦੀ ਅਦਾਲਤ ਨੇ ਗਾਇਕ ਸਿੱਧੂ ਮੂਸੇਵਾਲਾ ਨੂੰ ਦਿੱਤੀ ਅਗਾਊਂ ਜ਼ਮਾਨਤ

TeamGlobalPunjab
2 Min Read

ਸੰਗਰੂਰ : ਪੰਜਾਬ ਦੇ ਮਸ਼ਹੂਰ ਗਾਇਕ ਸ਼ੁਬਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਨੂੰ ਬੀਤੇ ਦਿਨ ਸੰਗਰੂਰ ਅਦਾਲਤ ਨੇ ਅਗਾਊਂ ਜ਼ਮਾਨਤ ਦੇ ਦਿੱਤੀ ਹੈ। ਸੋਸ਼ਲ ਮੀਡੀਆ ‘ਤੇ ਫਾਇਰਿੰਗ ਦੀ ਇਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿੱਧੂ ਮੂਸੇਵਾਲਾ, 5 ਪੁਲਸ ਮੁਲਾਜ਼ਮਾਂ ਸਮੇਤ 9 ਦੇ ਖ਼ਿਲਾਫ਼ ਕਰਫ਼ਿਊ ਦੀ ਉਲੰਘਣਾ ਕਰਨ ਦੇ ਦੋਸ਼ਾਂ ਵਿਚ ਧੂਰੀ ਪੁਲਿਸ ਥਾਣੇ ਵਿਚ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਵਿਚ ਬਾਅਦ ਵਿਚ ਆਰਮਜ਼ ਐਕਟ ਦਾ ਵਾਧਾ ਕਰ ਦਿਤਾ ਗਿਆ ਸੀ।

ਹਾਲਾਂਕਿ ਅਦਾਲਤ ਨੇ ਸਿੱਧੂ ਮੂਸੇਵਾਲਾ ਨੂੰ ਕਿਹਾ ਕਿ ਉਹ ਜਾਂਚ ਵਿਚ ਸ਼ਾਮਲ ਹੋਣ ਅਤੇ ਅਦਾਲਤ ਦੀ ਇਜਾਜ਼ਤ ਤੋਂ ਬਿਨਾਂ ਦੇਸ਼ ਨਾ ਛੱਡਣ। ਵਧੀਕ ਸੈਸ਼ਨ ਜੱਜ ਸੰਗਰੂਰ ਗੁਰਪ੍ਰਤਾਪ ਸਿੰਘ ਨੇ ਕਿਹਾ ਕਿ ਗੋਲੀ ਚਲਾਉਣ ਦੀ ਘਟਨਾ ਜਿਸ ‘ਚ ਸਿਧੂ ਮੂਸੇਵਾਲਾ ਦੇ ਖਿਲਾਫ ਧਾਰਾ 188 ਆਈਪੀਸੀ, 1860 ਅਤੇ ਆਪਦਾ ਪ੍ਰਬੰਧਨ ਐਕਟ, 2005 ਦੀ ਧਾਰਾ 51 ਅਤੇ ਆਰਮਜ਼ ਐਕਟ ਦੀ ਧਾਰਾ 25/29/30/54/59 ਦੇ ਅਧੀਨ ਸਦਰ ਧੂਰੀ ਜ਼ਿਲ੍ਹਾ ਸੰਗਰੂਰ ‘ਚ ਮੁਕੱਦਮਾ ਦਰਜ ਕੀਤਾ ਗਿਆ, ਪੁਲਿਸ ਨੇ ਖੁਦ ਇਸ ਦਾ ਇੰਤਜ਼ਾਮ ਕੀਤਾ ਸੀ ਅਤੇ ਮੁਲਜ਼ਮ ਦੀ ਮਦਦ ਕੀਤੀ ਸੀ।

ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਨੂੰ ਅਗਾਊਂ ਜ਼ਮਾਨਤ ਦਿੰਦੇ ਹੋਏ ਅਦਾਲਤ ਨੇ ਉਸਨੂੰ ਸੱਤ ਦਿਨਾਂ ਦੇ ਅੰਦਰ ਸਬੰਧਤ ਆਈਓ/ਐਸਐਚਓ ਸਾਹਮਣੇ ਜਾਂਚ ਵਿੱਚ ਸ਼ਾਮਲ ਹੋਣ ਦਾ ਨਿਰਦੇਸ਼ ਦਿੱਤਾ ਤੇ ਆਖਿਆ ਕਿ ਉਹ ਆਪਣੇ ਆਪ ਨੂੰ ਕੇਸ ਦੀ ਜਾਂਚ ‘ਚ ਸਹਿਯੋਗ ਕਰੇਗਾ, ਸਬੂਤਾਂ ਨਾਲ ਛੇੜਛਾੜ ਨਹੀਂ ਕਰੇਗਾ ਅਤੇ ਅਦਾਲਤ ਦੀ ਅਗਲੇਰੀ ਆਗਿਆ ਤੋਂ ਬਿਨਾਂ ਦੇਸ਼ ਨਹੀਂ ਛੱਡੇਗਾ।

Share this Article
Leave a comment