ਵਾਸ਼ਿੰਗਟਨ: ਅਮਰੀਕਾ ਵਿੱਚ ਪੜ੍ਹਾਈ ਕਰਨ ਲਈ F-1 ਵੀਜ਼ਾ ਦਿੱਤਾ ਜਾਂਦਾ ਹੈ, ਜਿਸਨੂੰ ਸਟੂਡੈਂਟ ਵੀਜ਼ਾ ਕਿਹਾ ਜਾਂਦਾ ਹੈ। ਇਹ ਨਾਨ-ਇਮੀਗ੍ਰੈਂਟ ਕੈਟੇਗਰੀ ਵਿੱਚ ਆਉਂਦਾ ਹੈ ਅਤੇ ਇਸ ਰਾਹੀਂ ਸਿਰਫ ਉਹਨਾਂ ਯੂਨੀਵਰਸਿਟੀਆਂ ਵਿੱਚ ਹੀ ਦਾਖਲਾ ਮਿਲਦਾ ਹੈ ਜੋ ‘ਸਟੂਡੈਂਟ ਐਂਡ ਐਕਸਚੇਂਜ ਵਿਜ਼ਟਰ ਪ੍ਰੋਗਰਾਮ’ (SEVP) ਨਾਲ ਮਨਜ਼ੂਰਸ਼ੁਦਾ ਹੁੰਦੀਆਂ ਹਨ। ਇਹ ਉਹ ਸੰਸਥਾਵਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਵਿਦੇਸ਼ੀ ਵਿਦਿਆਰਥੀਆਂ ਨੂੰ ਦਾਖਲਾ ਦੇਣ ਦੀ ਆਗਿਆ ਮਿਲੀ ਹੁੰਦੀ ਹੈ।
ਕੋਈ ਵਿਦਿਆਰਥੀ F-1 ਵੀਜ਼ਾ ‘ਤੇ ਕਿੰਨਾ ਸਮਾਂ ਅਮਰੀਕਾ ਵਿੱਚ ਰਹਿ ਸਕਦਾ ਹੈ, ਇਹ ਉਸਦੇ ਕੋਰਸ ‘ਤੇ ਨਿਰਭਰ ਕਰਦਾ ਹੈ। ਪਰ ਸਟੂਡੈਂਟ ਵੀਜ਼ਾ ਮਿਲ ਜਾਣ ਦਾ ਇਹ ਮਤਲਬ ਨਹੀਂ ਕਿ ਵਿਦਿਆਰਥੀ ਆਪਣੀ ਮਰਜ਼ੀ ਨਾਲ ਜਿੰਨਾ ਚਾਹੇ ਉਥੇ ਰਹਿ ਸਕਦਾ ਹੈ। ਇਸ ਨਾਲ ਕਈ ਨਿਯਮ ਜੁੜੇ ਹੁੰਦੇ ਹਨ, ਜਿਨ੍ਹਾਂ ਦੀ ਪਾਲਣਾ ਕਰਨੀ ਲਾਜ਼ਮੀ ਹੈ। ਨਿਯਮਾਂ ਦੀ ਉਲੰਘਣਾ ਕਰਨ ‘ਤੇ ਡਿਪੋਰਟ ਹੋਣ ਦਾ ਖਤਰਾ ਬਣ ਸਕਦਾ ਹੈ।
ਇਨ੍ਹਾਂ ਨਿਯਮਾਂ ਵਿੱਚ ਇੱਕ ਮਹੱਤਵਪੂਰਨ ਨਿਯਮ ‘Maintain Status’ ਹੈ। ਅਮਰੀਕਾ ਵਿੱਚ ਪੜ੍ਹਾਈ ਜਾਰੀ ਰੱਖਣ ਲਈ ਵਿਦਿਆਰਥੀ ਨੂੰ ਆਪਣਾ F-1 ਸਟੇਟਸ ਬਣਾਈ ਰੱਖਣਾ ਪੈਂਦਾ ਹੈ। ਇਸ ਲਈ ਯੂਨੀਵਰਸਿਟੀ ਦੇ ਨਿਯਮਾਂ ਦੇ ਨਾਲ-ਨਾਲ ਵੀਜ਼ਾ ਦੀਆਂ ਸਾਰੀਆਂ ਸ਼ਰਤਾਂ ਮੰਨਣੀਆਂ ਲਾਜ਼ਮੀ ਹਨ। ਆਮਭਾਸ਼ਾ ਵਿੱਚ, ਵਿਦਿਆਰਥੀ ਨੂੰ ਕੋਈ ਵੀ ਐਸਾ ਕੰਮ ਨਹੀਂ ਕਰਨਾ ਚਾਹੀਦਾ ਜਿਸ ਨਾਲ ਉਸਦੀ ਸਟੂਡੈਂਟ ਹੋਣ ਦੀ ਪਹਿਚਾਣ ‘ਤੇ ਅਸਰ ਪਵੇ।
F-1 ਵੀਜ਼ਾ ਦਾ ਮਤਲਬ ਹੈ ਕਿ ਵਿਦਿਆਰਥੀ ਅਮਰੀਕਾ ਸਿਰਫ ਪੜ੍ਹਾਈ ਲਈ ਆਇਆ ਹੈ। ਉਸ ਨੂੰ ਆਪਣੇ ਮਕਸਦ ਤੋਂ ਨਹੀਂ ਹਟਣਾ ਚਾਹੀਦਾ ਅਤੇ ਨਾ ਹੀ ਐਸਾ ਕੋਈ ਕੰਮ ਕਰਨਾ ਚਾਹੀਦਾ ਹੈ ਜਿਸ ਨਾਲ ਪੜ੍ਹਾਈ ਦੀ ਨੀਅਤ ਬਦਲਦੀ ਲੱਗੇ। ਇਸਦਾ ਸਿੱਧਾ ਅਰਥ ਹੈ ਕਿ ਵਿਦਿਆਰਥੀ ਨੂੰ ਪੜ੍ਹਾਈ ‘ਤੇ ਧਿਆਨ ਦੇਣਾ ਹੈ ਨਾਂ ਕਿ ਕੰਮ ਕਰਨ ‘ਤੇ ਕਿਉਂਕਿ ਇਸਦੀ ਆਗਿਆ ਨਹੀਂ ਹੁੰਦੀ।
ਸਟੇਟਸ ਬਣਾਈ ਰੱਖਣ ਲਈ ਵਿਦਿਆਰਥੀ ਨੂੰ ਕੋਰਸ ਸ਼ੁਰੂ ਹੋਣ ਤੋਂ 30 ਦਿਨ ਪਹਿਲਾਂ ਅਮਰੀਕਾ ਪਹੁੰਚਣਾ ਚਾਹੀਦਾ ਹੈ। ਉੱਥੇ ਜਾ ਕੇ ਉਸ ਨੂੰ ਆਪਣੇ ਕਾਲਜ ਜਾਂ ਯੂਨੀਵਰਸਿਟੀ ਦੇ ਡਿਜ਼ਿਗਨੇਟਡ ਸਕੂਲ ਅਫ਼ਿਸ਼ਲ (DSO) ਨਾਲ ਸੰਪਰਕ ਕਰਨਾ ਲਾਜ਼ਮੀ ਹੈ। ਯੂਨੀਵਰਸਿਟੀ ਵਿੱਚ ਪਹੁੰਚਣ ਤੋਂ ਬਾਅਦ ਵੀ DSO ਨਾਲ ਸੰਪਰਕ ਵਿੱਚ ਰਹਿਣਾ ਹੁੰਦਾ ਹੈ। ਇਸ ਤੋਂ ਇਲਾਵਾ, ਸਾਰੀਆਂ ਕਲਾਸਾਂ ਵਿੱਚ ਹਾਜ਼ਰੀ ਲਗਾਉਣਾ ਵੀ ਜ਼ਰੂਰੀ ਹੈ।
ਜੇ ਕੋਰਸ ਪੂਰਾ ਕਰਨ ਲਈ ਵੱਧ ਸਮਾਂ ਲੱਗਦਾ ਹੈ, ਤਾਂ DSO ਨੂੰ ਦੱਸਣਾ ਪੈਂਦਾ ਹੈ ਤਾਂ ਜੋ ਸਮੇਂ ਵਿੱਚ ਵਾਧਾ ਮਿਲ ਸਕੇ। ਛੁੱਟੀ ‘ਤੇ ਜਾਣ ਦੀ ਇਜਾਜ਼ਤ ਵੀ ਉਦੋਂ ਹੀ ਮਿਲਦੀ ਹੈ ਜਦੋਂ ਘੱਟੋ-ਘੱਟ ਇੱਕ ਸਾਲ ਦੀ ਪੜ੍ਹਾਈ ਪੂਰੀ ਹੋ ਚੁੱਕੀ ਹੋਵੇ।

