ਨਵੀਂ ਦਿੱਲੀ: ਪੂਰਬੀ ਯੂਪੀ ਸਮੇਤ ਦੇਸ਼ ਦੇ ਕਈ ਰਾਜਾਂ ਵਿੱਚ ਹਲਕੀ ਠੰਢ ਸ਼ੁਰੂ ਹੋ ਗਈ ਹੈ। ਇਸ ਦੇ ਨਾਲ ਹੀ ਦੱਖਣੀ ਭਾਰਤ ਦੇ ਕੁਝ ਰਾਜਾਂ ਵਿੱਚ ਭਾਰੀ ਬਾਰਿਸ਼ ਹੋ ਰਹੀ ਹੈ। ਮੌਸਮ ਵਿਭਾਗ ਮੁਤਾਬਕ ਅਗਲੇ 24 ਘੰਟਿਆਂ ਦੌਰਾਨ ਤਾਮਿਲਨਾਡੂ, ਪੁਡੂਚੇਰੀ, ਕਰਾਈਕਲ, ਲਕਸ਼ਦੀਪ, ਕੇਰਲ ਅਤੇ ਮਹੇ ‘ਚ ਭਾਰੀ ਬਾਰਿਸ਼ ਹੋ ਸਕਦੀ ਹੈ। 31 ਅਕਤੂਬਰ ਅਤੇ 01 ਨਵੰਬਰ ਨੂੰ ਤੱਟਵਰਤੀ ਕਰਨਾਟਕ, ਦੱਖਣੀ ਅੰਦਰੂਨੀ ਕਰਨਾਟਕ, ਤਾਮਿਲਨਾਡੂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ 1 ਨਵੰਬਰ ਨੂੰ ਪੁਡੂਚੇਰੀ, ਕਰਾਈਕਲ, ਕੇਰਲ ਅਤੇ ਮਾਹੇ ‘ਚ ਭਾਰੀ ਬਾਰਿਸ਼ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।
ਮੌਸਮ ਵਿਭਾਗ ਵੱਲੋਂ ਦੱਸਿਆ ਗਿਆ ਹੈ ਕਿ ਅਗਲੇ 24 ਘੰਟਿਆਂ ਦੌਰਾਨ ਦਿੱਲੀ, ਯੂਪੀ, ਬਿਹਾਰ, ਰਾਜਸਥਾਨ ਸਮੇਤ ਕਈ ਰਾਜਾਂ ਵਿੱਚ ਮੌਸਮ ਖੁਸ਼ਕ ਰਹੇਗਾ। ਦਿੱਲੀ ‘ਚ ਜਿੱਥੇ ਪਿਛਲੇ ਹਫਤੇ ਗੁਲਾਬੀ ਠੰਡ ਦਾ ਅਸਰ ਦਿਖਾਈ ਦੇਣਾ ਸ਼ੁਰੂ ਹੋ ਗਿਆ ਸੀ, ਉਥੇ ਹੀ ਹੁਣ ਗਰਮੀ ਦਾ ਅਸਰ ਫਿਰ ਦਿਖਾਈ ਦੇਣ ਲੱਗਾ ਹੈ। ਦਿੱਲੀ ਵਿੱਚ ਅੱਜ ਅਤੇ ਕੱਲ੍ਹ ਧੁੱਪ ਵਾਲਾ ਦਿਨ ਰਹੇਗਾ। ਮੌਸਮ ਵਿਭਾਗ ਅਨੁਸਾਰ ਪੂਰੇ ਅਕਤੂਬਰ ਮਹੀਨੇ ਦਿੱਲੀ ਵਿੱਚ ਠੰਢ ਨਹੀਂ ਰਹੇਗੀ। ਵਿਭਾਗ ਅਨੁਸਾਰ ਨਵੰਬਰ ਦੇ ਪਹਿਲੇ ਹਫ਼ਤੇ ਤੋਂ ਠੰਢ ਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ।
ਰਾਜਸਥਾਨ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਦਿਨ ਵੇਲੇ ਹੀਟ ਵੇਵ ਜਾਰੀ ਹੈ ਜਿੱਥੇ ਵੱਧ ਤੋਂ ਵੱਧ ਤਾਪਮਾਨ 35 ਤੋਂ 40.5 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿੰਦਾ ਹੈ। ਅਕਤੂਬਰ ਦਾ ਮਹੀਨਾ ਖਤਮ ਹੋਣ ਵਾਲਾ ਹੈ ਪਰ ਸੂਬੇ ਦੇ ਕਈ ਸ਼ਹਿਰਾਂ ਵਿੱਚ ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਆਮ ਨਾਲੋਂ 2 ਤੋਂ 7 ਡਿਗਰੀ ਸੈਲਸੀਅਸ ਵੱਧ ਹੈ।
ਆਮ ਤੌਰ ‘ਤੇ 15 ਅਕਤੂਬਰ ਤੋਂ ਬਾਅਦ ਰਾਜਸਥਾਨ ‘ਚ ਹਵਾ ਦਾ ਰੁਖ ਉੱਤਰ-ਪੱਛਮੀ ਹੋ ਜਾਂਦਾ ਹੈ, ਜਿਸ ਕਾਰਨ ਰਾਜਸਥਾਨ, ਪੰਜਾਬ, ਹਰਿਆਣਾ ਅਤੇ ਦਿੱਲੀ ‘ਚ ਹਲਕੀ ਠੰਡ ਸ਼ੁਰੂ ਹੋ ਜਾਂਦੀ ਹੈ। ਮੌਜੂਦਾ ਸਮੇਂ ‘ਚ ਰਾਜਸਥਾਨ ਦੇ ਪੱਛਮੀ ਹਿੱਸਿਆਂ ‘ਚ ਪਾਕਿਸਤਾਨ ਅਤੇ ਬਲੋਚਿਸਤਾਨ ਤੋਂ ਹਵਾਵਾਂ ਆ ਰਹੀਆਂ ਹਨ, ਜੋ ਕਾਫੀ ਗਰਮ ਹਨ। ਇਸ ਲਈ ਇਨ੍ਹਾਂ ਸੂਬਿਆਂ ‘ਚ ਗਰਮੀ ਦਾ ਅਸਰ ਅਜੇ ਵੀ ਦੇਖਣ ਨੂੰ ਮਿਲ ਰਿਹਾ ਹੈ।