ਜਗਤਾਰ ਸਿੰਘ ਸਿੱਧੂ;
ਪੰਜਾਬ ਦੀਆਂ ਚਾਰ ਜ਼ਿਮਨੀ ਚੋਣਾਂ ਦੇ ਨਤੀਜੇ ਰਾਜਸੀ ਧਿਰਾਂ ਲਈ ਭਵਿੱਖ ਦੀ ਰਾਜਨੀਤੀ ਲਈ ਦਿਸ਼ਾ ਅਤੇ ਦਸ਼ਾ ਤੈਅ ਕਰਨਗੇ। ਸੂਬੇ ਦੀਆਂ ਇਹ ਜ਼ਿਮਨੀ ਚੋਣਾਂ ਇਸ ਲਈ ਵੀ ਮਹੱਤਵਪੂਰਨ ਹਨ ਕਿਉਂਕਿ ਇਹ ਸੂਬੇ ਦੇ ਸਾਰੇ ਖ਼ਿੱਤਿਆਂ ਦੀ ਪ੍ਰਤੀਨਿਧਤਾ ਕਰਨਗੀਆਂ। ਡੇਰਾ ਬਾਬਾ ਨਾਨਕ ਦੀ ਚੋਣ ਮਾਝੇ ਦੀ ਨਬਜ਼ ਦੱਸੇਗੀ। ਚੱਬੇਵਾਲ ਪੂਰੀ ਤਰ੍ਹਾਂ ਦੁਆਬੇ ਦੀ ਪ੍ਰਤੀਨਿਧਤਾ ਕਰਦਾ ਹੈ। ਬਰਨਾਲਾ ਅਤੇ ਗਿੱਦੜਬਾਹਾ ਇਹ ਦੱਸਣਗੀਆਂ ਕਿ ਮਾਲਵਾ ਕਿਵੇਂ ਸੋਚਦਾ ਹੈ । ਇਸ ਬਾਰੇ ਕੋਈ ਦੋ ਰਾਏ ਨਹੀਂ ਹੈ ਕਿ ਬੇਸ਼ੱਕ ਕਿਸੇ ਇਕ ਸੀਟ ਲਈ ਵੀ ਚੋਣ ਹੋ ਰਹੀ ਹੋਵੇ ਤਾਂ ਵੀ ਉਸੇ ਤਾਕਤ ਨਾਲ ਲੜੀ ਜਾਂਦੀ ਹੈ ਜਿਵੇਂ ਕਿ ਪੂਰੀ ਵਿਧਾਨ ਸਭਾ ਲਈ ਵੋਟਾਂ ਪੈ ਰਹੀਆਂ ਹੋਣ। ਇਸ ਵਾਰ ਤਾਂ ਚਾਰ ਹਲਕੇ ਪੂਰੇ ਪੰਜਾਬ ਦੇ ਖੇਤਰ ਦੀ ਪ੍ਰਤੀਨਿਧਤਾ ਕਰ ਰਹੇ ਹਨ। ਸਵਾਲ ਇਹ ਵੀ ਨਹੀਂ ਹੈ ਕਿ ਇਹ ਚੋਣ ਮੌਜੂਦਾ ਸਰਕਾਰ ਲਈ ਕੋਈ ਵੱਡੀ ਚੁਣੌਤੀ ਖੜ੍ਹੀ ਕਰ ਸਕਦੀ ਹੈ ਪਰ ਇਹ ਚੋਣਾਂ ਦੇ ਨਤੀਜੇ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਲਈ ਸ਼ੀਸ਼ਾ ਦਿਖਾਉਣ ਦਾ ਕੰਮ ਜਰੂਰ ਕਰਨਗੇ।
ਜੇਕਰ ਆਪ ਦੀ ਗੱਲ ਕੀਤੀ ਜਾਵੇ ਤਾਂ ਮੌਜੂਦਾ ਵਿਧਾਨ ਸਭਾ ਵਿੱਚ ਭਾਰੀ ਬਹੁਮਤ ਹਾਸਲ ਹਾਸਲ ਹੈ। ਪਿਛਲੀ ਪਾਰਲੀਮੈਂਟ ਦੀ ਚੋਣ ਵੇਲੇ ਕਾਂਗਰਸ ਨਾਲੋਂ ਬਹੁਤ ਪਿੱਛੇ ਆਪ ਰਹਿ ਗਈ ਸੀ। ਹੁਣ ਮਾਨ ਸਰਕਾਰ ਦੇ ਅੱਧ ਵਿੱਚ ਜਾਕੇ ਚੋਣਾਂ ਹੋਈਆਂ ਹਨ ਤਾਂ ਇਸ ਦੇ ਨਤੀਜੇ ਸਰਕਾਰ ਦੀ ਕਾਰਗੁਜ਼ਾਰੀ ਦੀ ਤਸਵੀਰ ਵੀ ਪੇਸ਼ ਕਰਨਗੇ। ਜੇਕਰ ਨਤੀਜੇ ਹੱਕ ਵਿੱਚ ਆਉਂਦੇ ਹਨ ਤਾਂ ਪੰਜਾਬੀਆਂ ਦਾ ਫਤਵਾ ਆਪ ਦੇ ਹਕ ਵਿੱਚ ਮੰਨਿਆ ਜਾਵੇਗਾ। ਜੇਕਰ ਸਥਿਤੀ ਠੀਕ ਨਾ ਰਹੀ ਤਾਂ ਆਪ ਨੂੰ ਮੰਥਨ ਕਰਨਾ ਹੋਵੇਗਾ ਕਿ ਵਿਰੋਧੀ ਪਾਰਟੀਆਂ ਦਾ ਟਾਕਰਾ ਕਰਨ ਵਿੱਚ ਕਿਥੇ ਕਸਰ ਰਹਿ ਗਈ। ਕਾਂਗਰਸ ਪਾਰਲੀਮੈਂਟ ਚੋਣਾਂ ਵਿੱਚ ਪਹਿਲੇ ਥਾਂ ਉੱਤੇ ਰਹੀ ਸੀ। ਕੀ ਵਿਧਾਨ ਸਭਾ ਦੀ ਜਿਮਨੀ ਚੋਣ ਵਿੱਚ ਕਾਂਗਰਸ ਆਪਣੀ ਚੜਤ ਕਾਇਮ ਰੱਖ ਸਕੇਗੀ? ਤਿੰਨ ਸੀਟਾਂ ਤਾਂ ਪਹਿਲਾਂ ਵੀ ਕਾਂਗਰਸ ਕੋਲ ਹੀ ਸਨ। ਇਸ ਦੇ ਇਲਾਵਾ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਲਈ ਵੀ ਇਹ ਚੋਣ ਪਾਰਟੀ ਦੇ ਨਾਲ ਨਾਲ ਜਾਤੀ ਤੌਰ ਤੇ ਵੀ ਅਹਿਮ ਹੈ ਕਿਉਂਕਿ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਗਿੱਦੜਬਾਹਾ ਤੋਂ ਚੋਣ ਲੜ ਰਹੀ ਹੈ। ਕਾਂਗਰਸ ਦੇ ਸੀਨੀਅਰ ਆਗੂ ਸੁਖਜਿੰਦਰ ਰੰਧਾਵਾ ਦੀ ਪਤਨੀ ਡੇਰਾ ਬਾਬਾ ਨਾਨਕ ਤੋਂ ਚੋਣ ਲੜ ਰਹੀ ਹੈ। ਜੇਕਰ ਕਾਂਗਰਸ ਨੂੰ ਚੰਗਾ ਹੁੰਗਾਰਾ ਮਿਲਦਾ ਹੈ ਤਾਂ ਪਾਰਟੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਵੱਡੀ ਦਾਅਵੇਦਾਰ ਬਣਕੇ ਉਭਰੇਗੀ।
ਭਾਜਪਾ ਲਈ ਬੇਸ਼ੱਕ ਪੰਜਾਬ ਵਿੱਚ ਵੱਡੀਆਂ ਚੁਣੌਤੀਆਂ ਹਨ ਪਰ ਪਾਰਟੀ ਨੇ ਪੂਰੇ ਬਲ ਨਾਲ ਚੋਣਾਂ ਲੜੀਆਂ ਹਨ ਪਾਰਲੀਮੈਂਟ ਚੋਣ ਵੇਲੇ ਭਾਜਪਾ ਨੂੰ ਕੋਈ ਸੀਟ ਤਾਂ ਨਹੀਂ ਮਿਲੀ ਪਰ ਵੋਟਾਂ ਵਿੱਚ ਪਾਰਟੀ ਨੂੰ ਚੰਗਾ ਹੁੰਗਾਰਾ ਮਿਲਿਆ ।ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਭਾਜਪਾ ਲਈ ਪਰਖ ਦੀ ਘੜੀ ਹਨ ਕਿ ਪੰਜਾਬੀ ਭਾਜਪਾ ਦੀਆਂ ਨੀਤੀਆਂ ਨੂੰ ਕਿਵੇਂ ਲੈੰਦੇ ਹਨ। ਭਾਜਪਾ ਇਸ ਮੁਤਾਬਿਕ ਆਪਣੀਆਂ ਨੀਤੀਆਂ ਵਿੱਚ ਤਬਦੀਲੀ ਕਰੇਗੀ ਜਾਂ ਪੰਜਾਬ ਭਾਜਪਾ ਲਈ ਕੇਵਲ ਰਾਜਨੀਤੀ ਦਾ ਅਖਾੜਾ ਰਹੇਗਾ। ਅਕਾਲੀ ਦਲ ਤਾਂ ਚੋਣ ਦੀ ਚੁਣੌਤੀ ਨਾਲੋਂ ਅੰਦਰੂਨੀ ਸੰਕਟ ਦੀ ਵੱਡੀ ਚੁਣੌਤੀ ਦਾ ਸਾਹਮਣਾ ਕਰ ਰਿਹਾ ਹੈ।
ਸੰਪਰਕ/ 9814002186