ਕੋਵਿਡ-19: ਕੀ ਤੁਸੀਂ ਕਰ ਰਹੇ ਹੋ ਨਿਯਮਾਂ ਦੀ ਪਾਲਣਾ?

TeamGlobalPunjab
5 Min Read

-ਅਵਤਾਰ ਸਿੰਘ

ਕੋਰੋਨਾਵਾਇਰਸ ਦੇ ਦੁਨੀਆਂ ਭਰ ਵਿੱਚ ਮਾਮਲੇ 1.45 ਕਰੋੜ ਤੋਂ ਟੱਪ ਗਏ ਹਨ। ਭਾਰਤ ਵਿੱਚ ਕੁੱਲ ਮਾਮਲੇ 11 ਲੱਖ ਤੋਂ ਵੱਧ ਹੋ ਗਏ ਹਨ। ਰਾਜਧਾਨੀ ਦਿੱਲੀ ਵਿੱਚ ਸੇਰੋ-ਸਰਵੀਲੈਂਸ ਸਰਵੇਖਣ ਕਰਵਾਇਆ ਗਿਆ ਜਿਸ ਦੇ ਨਤੀਜੇ ਵੀ ਸਾਹਮਣੇ ਆਏ ਹਨ। ਭਾਰਤ ਦੇ ਸਿਹਤ ਮੰਤਰਾਲੇ ਵੱਲੋਂ ਕਰਵਾਏ ਗਏ ਸਰਵੇਖਣ ਵਿਚ ਸਾਹਮਣੇ ਆਇਆ ਹੈ ਕਿ ਦਿੱਲੀ ਦੇ ਲੋਕਾਂ ਵਿਚ ਔਸਤਨ IgG ਐਂਟੀਬਾਡੀਜ਼ ਪਾਏ ਗਏ ਹਨ। ਇਸ ਸਰਵੇਖਣ ਨੇ ਇਹ ਵੀ ਦਰਸਾਇਆ ਹੈ ਕਿ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਕੋਰੋਨਾਵਾਇਰਸ ਦੀ ਲਾਗ ਦੇ ਵਧੇਰੇ ਲੋਕਾਂ ਵਿੱਚ ਲੱਛਣ ਨਹੀਂ ਵੇਖੇ ਗਏ ਹਨ।

21 ਜੁਲਾਈ (ਮੰਗਲਵਾਰ) ਦੀ ਸਵੇਰ ਤੱਕ ਦਿੱਲੀ ਵਿੱਚ ਕੋਵਿਡ-19 ਨਾਲ ਸੰਕਰਮਿਤ ਲੋਕਾਂ ਦੀ ਗਿਣਤੀ 1,23,747 ਹੋ ਗਈ ਹੈ। ਇਸ ਵਾਇਰਸ ਦੇ ਕਾਰਨ ਹੁਣ ਤੱਕ 3663 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਪਰ ਇਕ ਲੱਖ ਤੋਂ ਵੱਧ ਲੋਕ ਤੰਦਰੁਸਤ ਵੀ ਹੋ ਚੁੱਕੇ ਹਨ।

ਰਿਪੋਰਟਾਂ ਮੁਤਾਬਿਕ ਪੰਜਾਬ ਵਿੱਚ ਕੋਰੋਨਾਵਾਇਰਸ ਦੇ 10,510 ਕੇਸ ਹਨ ਅਤੇ ਮ੍ਰਿਤਕਾਂ ਦੀ ਗਿਣਤੀ 262 ਹੋ ਗਈ ਹੈ। 7118 ਲੋਕ ਠੀਕ ਹੋ ਕੇ ਆਪਣੇ ਘਰਾਂ ਨੂੰ ਵੀ ਪਰਤ ਗਏ ਹਨ।

- Advertisement -

ਬ੍ਰਾਜ਼ੀਲ ’ਚ ਇਸ ਮਹਾਮਾਰੀ ਕਾਰਨ ਹੁਣ ਤੱਕ 80 ਹਜ਼ਾਰ ਤੋਂ ਵੱਧ ਮੌਤਾਂ ਹੋਈਆਂ ਹਨ। ਅਮਰੀਕਾ ਤੋਂ ਬਾਅਦ ਬ੍ਰਾਜ਼ੀਲ ਇਸ ਬਿਮਾਰੀ ਦੀ ਲਾਗ ਤੋਂ ਪ੍ਰਭਾਵਿਤ ਹੋਣ ਵਾਲਾ ਦੂਜਾ ਮੁਲਕ ਹੈ। ਜੌਨਸ ਹੌਪਕਿਨਸ ਯੂਨੀਵਰਸਿਟੀ ਵੱਲੋਂ ਸਾਂਝੇ ਕੀਤੇ ਗਏ ਅੰਕੜਿਆਂ ਅਨੁਸਾਰ ਬ੍ਰਾਜ਼ੀਲ ਵਿੱਚ ਇਸ ਬਿਮਾਰੀ ਦੀ ਲਾਗ ਤੋਂ ਪੀੜਤ ਲੋਕਾਂ ਦੀ ਗਿਣਤੀ 21 ਲੱਖ 18 ਹਜ਼ਾਰ ਤੋਂ ਵਧੇਰੇ ਹੈ ਅਤੇ ਮੌਤਾਂ ਦੀ ਗਿਣਤੀ 80 ਹਜ਼ਾਰ ਨੂੰ ਟੱਪ ਗਈ ਹੈ।

ਹਾਲਾਂਕਿ ਇਸ ਬਿਮਾਰੀ ਦੀ ਵੈਕਸੀਨ ਦੇ ਵਧੀਆ ਨਤੀਜੇ ਆਉਣ ਤੋਂ ਬਾਅਦ ਡਬਲਿਊ ਐੱਚ ਓ (ਵਿਸ਼ਵ ਸਿਹਤ ਸੰਗਠਨ) ਨੇ ਇਸ ਨੂੰ ਵਧੀਆ ਕਦਮ ਕਿਹਾ ਹੈ ਪਰ ਇਸ ‘ਤੇ ਤਸੱਲੀ ਨਹੀਂ ਪ੍ਰਗਟਾਈ। ਉਨ੍ਹਾਂ ਕਿਹਾ ਕਿ ਕਰੋਨਾ ਵਾਇਰਸ ਨੂੰ ਰੋਕਣ ਹਾਲੇ ਵੀ ਬਹੁਤ ਕੁਝ ਕਰਨਾ ਬਾਕੀ ਹੈ। ਡਾਇਰੈਕਟਰ ਡਾ. ਮਾਈਕ ਰਾਇਨ ਦੀ ਰਾਏ ਹੈ ਕਿ ਅਜੇ ਬਹੁਤ ਕੁਝ ਕਰਨਾ ਬਾਕੀ ਹੈ।

ਬਿਮਾਰੀ ਦੇ ਇਸ ਕਦਰ ਭਿਆਨਕ ਰੂਪ ਧਾਰਨ ਤੋਂ ਬਾਅਦ ਵੀ ਬਹੁਤ ਸਾਰੇ ਲੋਕ ਇਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ। ਲੋਕ ਸਰਕਾਰ ਦੇ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ। ਉਹ ਅਜਿਹਾ ਕੇਵਲ ਪੁਲਿਸ ਦੇ ਆਉਣ ਤੋਂ ਬਾਅਦ ਹੀ ਕਰਦੇ ਹਨ। ਨਿਯਮ ਅਨੁਸਾਰ ਮੂੰਹ ਨੂੰ ਮਾਸਕ ਨਾਲ ਢੱਕਣਾ, ਵਾਰ ਵਾਰ ਹੱਥ ਧੋਣੇ ਅਤੇ ਮਨੁੱਖੀ ਵਿੱਥ ਬਣਾ ਕੇ ਰੱਖਣਾ ਲਾਜ਼ਮੀ ਹੈ। ਪਰ ਇਨ੍ਹਾਂ ਹਦਾਇਤਾਂ ਦਾ ਪਾਲਣ ਨਾ ਕਰਕੇ ਉਹ ਲੋਕ ਖੁਦ ਨੂੰ ਤਾਂ ਖਤਰੇ ਵਿੱਚ ਪਾਉਂਦੇ ਹੀ ਹਨ, ਇਸ ਨਾਲ ਹੋਰਨਾਂ ਲਈ ਵੀ ਮੁਸੀਬਤ ਖੜੀ ਕਰਦੇ ਹਨ। ਲੋਕ ਪਾਰਕਾਂ ਅਤੇ ਹੋਰ ਜਨਤਕ ਥਾਵਾਂ ‘ਤੇ ਇਨ੍ਹਾਂ ਨਿਯਮਾਂ ਦਾ ਪਾਲਣਾ ਕਰਦੇ ਘੱਟ ਹੀ ਦਿਖਾਈ ਦਿੰਦੇ ਹਨ।

ਰਿਪੋਰਟਾਂ ਮੁਤਾਬਿਕ ਆਦਮੀ ਮਾਸਕ ਪਹਿਨਣ ਤੋਂ ਝਿਜਕਦੇ ਹਨ। ਮਿਡਲਸੇਕਸ ਯੂਨੀਵਰਸਿਟੀ ਦੇ ਇਕ ਅਰਥ ਸ਼ਾਸਤਰੀ ਅਤੇ ਕੈਨੇਡੀਅਨ ਗਣਿਤ ਵਿਗਿਆਨੀ ਹੇਲੇਨ ਬਾਰਸੀਲੋ ਨੇ ਮਰਦ ਵਿਹਾਰ ਦਾ ਤਾਜ਼ਾ ਅਤੇ ਵਿਆਪਕ ਤੌਰ ‘ਤੇ ਸਰਵੇਖਣ ਕੀਤਾ ਹੈ। ਵਿਗਿਆਨੀਆਂ ਨੇ ਅਮਰੀਕਾ ਵਿਚ ਰਹਿੰਦੇ ਤਕਰੀਬਨ 2500 ਲੋਕਾਂ ਦਾ ਸਰਵੇਖਣ ਕੀਤਾ ਜਿਸ ਵਿਚ ਸਾਹਮਣੇ ਆਇਆ ਕਿ ਮਰਦ ਕੇਵਲ ਔਰਤਾਂ ਦੇ ਮੁਕਾਬਲੇ ਘੱਟ ਮਾਸਕ ਪਹਿਨਦੇ ਹਨ। ਉਹ ਸ਼ਰਮ ਅਤੇ ਹੀਣ ਭਾਵਨਾ ਮਹਿਸੂਸ ਕਰਦੇ ਹਨ। ਸਰਵੇਖਣ ਅਨੁਸਾਰ ਔਰਤਾਂ ਆਪਣੇ ਘਰ ਤੋਂ ਬਾਹਰ ਜਾਣ ਸਮੇਂ ਮਾਸਕ ਪਹਿਨਣ ਵਿਚ ਮਰਦਾਂ ਤੋਂ ਦੋ ਕਦਮ ਅੱਗੇ ਹਨ। ਮਰਦ ਚਿਹਰਾ ਢੱਕਣ ਵਿਚ ਘੱਟ ਦਿਲਚਸਪੀ ਰੱਖਦੇ ਹਨ। ਉਹ ਮਹਿਸੂਸ ਕਰਦੇ ਕਿ ਉਹ ਔਰਤਾਂ ਦੇ ਮੁਕਾਬਲੇ ਬਿਮਾਰੀ ਨਾਲ ਲੜਨ ਦੇ ਵੱਧ ਸਮਰਥ ਹਨ। ਪਰ ਇਹ ਗੱਲ ਸਰਾਸਰ ਗਲਤ ਹੈ ਕਿਓਂਕਿ ਕੋਵਿਡ -19 ਬਿਮਾਰੀ ਮਰਦਾਂ ਨੂੰ ਔਰਤਾਂ ਨਾਲੋਂ ਵਧੇਰੇ ਆਪਣੀ ਜਕੜ ਨਾਲ ਪ੍ਰਭਾਵਿਤ ਕਰਦੀ ਹੈ। ਸਰਵੇਖਣ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਆਦਮੀ ਹੱਥ ਧੋਣ ਵਿੱਚ ਵੀ ਘੱਟ ਰੁਚੀ ਰੱਖਦੇ ਹਨ ਜੋ ਕੋਵਿਡ-19 ਨੂੰ ਫੈਲਣ ਤੋਂ ਰੋਕਣ ਵਿੱਚ ਸਹਾਇਤਾ ਕਰਨ ਲਈ ਸਫਾਈ ਦਾ ਮੁਢਲਾ ਨਿਯਮ ਹੈ। ਸਰਵੇਖਣ ਮੁਤਾਬਿਕ 65 ਪ੍ਰਤੀਸ਼ਤ ਔਰਤਾਂ ਅਤੇ 52 ਫੀਸਦੀ ਮਰਦਾਂ ਦਾ ਕਹਿਣਾ ਹੈ ਕਿ ਉਹ ਆਪਣੇ ਹੱਥ ਨਿਯਮਿਤ ਤੌਰ ‘ਤੇ ਧੋ ਰਹੇ ਹਨ।

ਕਰਨਾ ਵਾਇਰਸ ਦੇ ਨਿੱਤ ਦਿਨ ਵੱਧ ਰਹੇ ਅੰਕੜੇ ਚਿੰਤਾ ਦਾ ਵਿਸ਼ਾ ਹੈ। ਇਸ ਦੀ ਲੜੀ ਤਾਂ ਹੀ ਟੁੱਟ ਸਕਦੀ ਜੇ ਸਭ ਇਸ ਨੂੰ ਗੰਭੀਰਤਾ ਨਾਲ ਲੈਣ ਅਤੇ ਨਿਯਮ ਦਾ ਪਾਲਣ ਕਰਨ।

- Advertisement -
Share this Article
Leave a comment