ਸ਼ਿਕਾਗੋ ਦੀ ਰਿਹਾਇਸ਼ੀ ਇਮਾਰਤ ‘ਚ ਧਮਾਕਾ, ਕਈ ਜ਼ਖਮੀ

Prabhjot Kaur
2 Min Read

ਸ਼ਿਕਾਗੋ: ਅਮਰੀਕਾ ਦੇ ਸ਼ਿਕਾਗੋ ‘ਚ ਮੰਗਲਵਾਰ ਨੂੰ ਇੱਕ ਰਿਹਾਇਸ਼ੀ ਇਮਾਰਤ ਦੀ ਉਪਰਲੀ ਮੰਜ਼ਿਲ ‘ਤੇ ਹੋਏ ਧਮਾਕੇ ‘ਚ ਘੱਟੋ-ਘੱਟ 8 ਲੋਕ ਜ਼ਖਮੀ ਹੋ ਗਏ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਸਵੇਰੇ 9.30 ਵਜੇ ਤੋਂ ਕੁਝ ਸਮਾਂ ਪਹਿਲਾਂ ਦੱਖਣੀ ਆਸਟਿਨ ‘ਚ 36 ਯੂਨਿਟ ਵਾਲੇ ਚਾਰ ਮੰਜ਼ਿਲਾ ਅਪਾਰਟਮੈਂਟ ‘ਚ ਵਾਪਰੀ। ਜ਼ਖਮੀਆਂ ‘ਚੋਂ ਕੁਝ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ, ਜਦਕਿ ਧਮਾਕੇ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਹੈ।

ਸ਼ਿਕਾਗੋ ਫਾਇਰ ਡਿਪਾਰਟਮੈਂਟ ਮੁਤਾਬਕ ਘਟਨਾ ਵਾਲੀ ਥਾਂ ‘ਤੇ ਘੱਟੋ-ਘੱਟ 10 ਐਂਬੂਲੈਂਸ ਭੇਜੀਆਂ ਗਈਆਂ ਹਨ। ਅਧਿਕਾਰੀ ਨੇ ਦੱਸਿਆ ਕਿ ਧਮਾਕੇ ‘ਚ ਜ਼ਖਮੀ ਹੋਏ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਅੱਗ ਬੁਝਾਊ ਵਿਭਾਗ ਵੱਲੋਂ ਕੀਤੇ ਗਏ ਟਵੀਟਾਂ ਦੀ ਲੜੀ ‘ਚ ਕਿਹਾ ਗਿਆ ਕਿ ਜ਼ਖਮੀਆਂ ‘ਚੋਂ ਤਿੰਨ ਦੀ ਹਾਲਤ ਗੰਭੀਰ ਹੈ।

- Advertisement -

ਸ਼ਿਕਾਗੋ ਫਾਇਰ ਡਿਪਾਰਟਮੈਂਟ ਦੇ ਡਿਪਟੀ ਚੀਫ਼ ਮਾਰਕ ਫਰਮੈਨ ਨੇ ਹਾਦਸੇ ਦੇ ਕੁਝ ਘੰਟਿਆਂ ਬਾਅਦ ਪੱਤਰਕਾਰਾਂ ਨੂੰ ਦੱਸਿਆ ਕਿ ਸਾਰੇ ਜ਼ਖਮੀਆਂ ਨੂੰ ਬਾਹਰ ਕੱਢ ਲਿਆ ਗਿਆ ਹੈ ਤੇ ਇਮਾਰਤ ਅੰਦਰ ਕੋਈ ਵੀ ਫਸਿਆ ਨਹੀਂ ਹੈ। ਉਪਰਲੀ ਮੰਜ਼ਿਲ ਦਾ ਜ਼ਿਆਦਾਤਰ ਹਿੱਸਾ ਢਹਿ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਤਕਨੀਕੀ ਅਮਲੇ ਨੇ ਅੱਗ ਬੁਝਾਊ ਅਮਲੇ ਨੂੰ ਉਪਰਲੀ ਮੰਜ਼ਿਲ ‘ਤੇ ਭੇਜ ਕੇ ਖੋਜ ਕਰਨ ਦੀ ਇਜਾਜ਼ਤ ਦਿੱਤੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਉੱਥੇ ਮਲਬੇ ਹੇਠ ਫਸਿਆ ਨਾਂ ਰਹਿ ਜਾਵੇ, ਹਾਲਾਂਕਿ ਧਮਾਕੇ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਹੈ।

ਤਸਵੀਰਾਂ ‘ਚ ਦੇਖਿਆ ਜਾ ਸਕਦਾ ਹੈ ਕਿ ਉਪਰਲੀ ਮੰਜ਼ਿਲ ਦਾ ਵੱਡਾ ਹਿੱਸਾ ਤਬਾਹ ਹੋ ਚੁਕਿਆ ਹੈ। ਵੱਡੀ ਗਿਣਤੀ ਵਿਚ ਇੱਟਾਂ ਅਤੇ ਹੋਰ ਮਲਬਾ ਸੜਕ ‘ਤੇ ਡਿੱਗਿਆ ਪਿਆ ਹੈ, ਜਿਸ ਕਾਰਨ 3 ਕਾਰਾਂ ਨੁਕਸਾਨੀ ਗਈਆਂ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment