ਇਸਲਾਮਾਬਾਦ : ਦੁਨੀਆ ਭਰ ‘ਚ ਕੋਰੋਨਾ ਦਾ ਕਹਿਰ ਜਾਰੀ ਹੈ। ਬੀਤੇ ਦਿਨ ਗੁਆਂਢੀ ਮੁਲਕ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਕੋਰੋਨਾ ਜਾਂਚ ਕੀਤੀ ਗਈ ਜਿਸ ‘ਚ ਉਨ੍ਹਾਂ ਦੀ ਰਿਪੋਰਟ ਨਾਕਾਰਾਤਮਕ ਪਾਈ ਗਈ ਹੈ। ਪਾਕਿਸਤਾਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਇੱਕ ਅਜਿਹੇ ਵਿਅਕਤੀ ਦੇ ਸੰਪਰਕ ‘ਚ ਆਏ ਸਨ ਜਿਸ ‘ਚ ਕੋਰੋਨਾ ਦੇ ਲੱਛਣ ਪਾਏ ਗਏ ਸਨ। ਇਮਰਾਨ ਖਾਨ ਦੀ ਕੋਰੋਨਾ ਜਾਂਚ ਤੋਂ ਬਾਅਦ ਅਧਿਕਾਰੀਆਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਕੋਰੋਨਾ ਵਾਇਰਸ ਨਾਲ ਪੀੜਤ ਨਹੀਂ ਹਨ।
ਡਾਨ ਨਿਊਜ਼ ਨੇ ਕੋਵਿਡ-19 ਬਾਰੇ ਪ੍ਰਧਾਨ ਮੰਤਰੀ ਦੇ ਬੁਲਾਰੇ ਫ਼ੈਸਲ ਸੁਲਤਾਨ ਨੇ ਕਿਹਾ, “ਉਨ੍ਹਾਂ ਦੀ ਬੁੱਧਵਾਰ ਨੂੰ ਜਾਂਚ ਕੀਤੀ ਗਈ ਅਤੇ ਟੈਸਟ ਨਾਕਾਰਾਤਮਕ ਆਇਆ ਹੈ।” ਉਨ੍ਹਾਂ ਕਿਹਾ ਕਿ ਅਬਦੁੱਲ ਸੱਤਾਰ ਈਧੀ ਦੇ ਬੇਟੇ ਅਤੇ ਈਧੀ ਫਾਊਂਡੇਸ਼ਨ ਦੇ ਪ੍ਰਧਾਨ ਫ਼ੈਸਲ ਈਧੀ ਅਤੇ ਅਬਦੁੱਲ ਸੱਤਾਰ ਇਧੀ ‘ਚ ਕੋਰੋਨਾ ਦੇ ਲੱਛਣ ਪਾਏ ਗਏ ਸਨ। ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਕੋਰੋਨਾ ਜਾਂਚ ਕਰਵਾਈ ਗਈ।
ਜ਼ਿਕਰਯੋਗ ਹੈ ਕਿ ਗੁਆਂਢੀ ਮੁਲਕ ਪਾਕਿਸਤਾਨ ‘ਚ ਹੁਣ ਤੱਕ ਕੋਰੋਨਾ ਦੇ 10 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਤੇ 220 ਤੋਂ ਵੱਧ ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਪਾਕਿਸਤਾਨ ਦਾ ਸਿੰਧ ਪ੍ਰਾਂਤ ਕੋਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਦੂਜੇ ਪਾਸੇ ਵਿਸ਼ਵ ਪੱਧਰ ‘ਤੇ ਕੋਰੋਨਾ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 1 ਲੱਖ 80 ਹਜ਼ਾਰ ਤੋਂ ਟੱਪ ਗਈ ਹੈ ਜਦ ਕਿ 26 ਲੱਖ 20 ਹਜ਼ਾਰ ਤੋਂ ਵੱਧ ਲੋਕ ਕੋਰੋਨਾ ਮਹਾਮਾਰੀ ਵਿਰੁੱਧ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੇ ਹਨ।